ਜਲੰਧਰ- ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਭਾਜਪਾ ਦੇ ਇੰਚਾਰਜ ਬਣਾਏ ਗਏ ਕੇਵਲ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਹੈ ਕਿ ਇਸ ਜ਼ਿਮਨੀ ਚੋਣ ’ਚ ਭਾਜਪਾ ਨਿਸ਼ਚਿਤ ਤੌਰ ’ਤੇ ਜਿੱਤੇਗੀ ਅਤੇ ਭਾਜਪਾ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਕਿਉਂਕਿ ਲੋਕ ਹੁਣ ਭਾਜਪਾ ਨੂੰ ਪੰਜਾਬ ’ਚ ਲਿਆਉਣ ਦਾ ਮਨ ਬਣਾ ਚੁੱਕੇ ਹਨ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਢਿੱਲੋਂ ਨੇ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੇ ਨਾਲ-ਨਾਲ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਭਾਜਪਾ ਦੀ ਸੀਟ ’ਤੇ ਰਣਨੀਤੀ ਨੂੰ ਲੈ ਕੇ ਵੀ ਚਰਚਾ ਕੀਤੀ। ਪੇਸ਼ ਹੈ ਪੂਰੀ ਗੱਲਬਾਤ -
ਪ੍ਰ . - ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਚ ਭਾਜਪਾ ਦੀ ਸਥਿਤੀ ਕੀ ਹੈ?
ਉ. - ਜ਼ਮੀਨੀ ਪੱਧਰ ’ਤੇ ਭਾਜਪਾ ਦੀ ਸਥਿਤੀ ਬਹੁਤ ਮਜ਼ਬੂਤ ਹੈ। ਭਾਜਪਾ ਨੂੰ ਸ਼ਹਿਰਾਂ ਦੀ ਪਾਰਟੀ ਮੰਨਿਆ ਜਾਂਦਾ ਸੀ ਪਰ ਮੈਂ ਹੁਣ ਪਿੰਡਾਂ ’ਚ ਪ੍ਰਚਾਰ ਕਰ ਰਿਹਾ ਹਾਂ ਅਤੇ ਸ਼ਹਿਰਾਂ ਤੋਂ ਜ਼ਿਆਦਾ ਰਿਸਪਾਂਸ ਪਿੰਡਾਂ ’ਚ ਮਿਲ ਰਿਹਾ ਹੈ। ਇਸਦਾ ਕਾਰਨ ਇਹ ਹੈ ਕਿ ਲੋਕ ਹੁਣ ਭਾਜਪਾ ਦੇ ਸ਼ਾਸਨ ਵਾਲੇ ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹਰਿਆਣਾ ਵਰਗੇ ਸੂਬਿਆਂ ’ਚ ਤਰੱਕੀ ਦੇ ਨਵੇਂ ਮੁਕਾਮ ਵੇਖ ਰਹੇ ਹਨ ਅਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਭਾਜਪਾ ਹੀ ਹੁਣ ਪੰਜਾਬ ਦਾ ਭਵਿੱਖ ਹੈ ਅਤੇ ਪੰਜਾਬ ਦੇ ਵਿਗੜੇ ਹਾਲਾਤ ਵੀ ਭਾਜਪਾ ਰਾਹੀਂ ਹੀ ਸੁਧਰ ਸਕਦੇ ਹਨ। ਲਿਹਾਜ਼ਾ ਲੋਕ ਹੁਣ ਭਾਜਪਾ ਨੂੰ ਪੰਜਾਬ ’ਚ ਲਿਆਉਣ ਦਾ ਮਨ ਬਣਾ ਚੁੱਕੇ ਹਾਂ ਅਤੇ ਇਸਦੀ ਸ਼ੁਰੂਆਤ ਜਲੰਧਰ ਲੋਕ ਸਭਾ ਸੀਟ ਦੀ ਉਪ ਚੋਣ ’ਚ ਹੋਵੇਗੀ ਅਤੇ ਭਾਜਪਾ ਵੱਡੇ ਅੰਤਰ ਨਾਲ ਇਹ ਸੀਟ ਜਿੱਤੇਗੀ।
ਪ੍ਰ. - ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਨੂੰ ਕਿਵੇਂ ਵੇਖਦੇ ਹੋ?
ਉ. - ਆਮ ਤੌਰ ’ਤੇ ਸਰਕਾਰ ਦੇ ਪਹਿਲੇ 6 ਮਹੀਨੇ ਹਨੀਮੂਨ ਪੀਰੀਅਡ ਹੁੰਦੇ ਹਨ ਪਰ ਇਸ ਸਰਕਾਰ ਕੋਲੋਂ ਲੋਕ 3 ਮਹੀਨੇ ’ਚ ਹੀ ਤੰਗ ਆ ਗਏ ਸਨ। ਇਹੀ ਕਾਰਨ ਰਿਹਾ ਕਿ ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ’ਚ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੀਟ ’ਤੇ ਹੀ ਆਮ ਆਦਮੀ ਪਾਰਟੀ ਨੂੰ ਹਰਾ ਦਿੱਤਾ। ਇਕ ਸਾਲ ਬਾਅਦ ਸਥਿਤੀ ਇਹ ਹੈ ਕਿ ਲੋਕ ਸਰਕਾਰ ਕੋਲੋਂ ਅੱਕੇ ਹੋਏ ਹਨ ਅਤੇ ਹੁਣ ਬਦਲਾਅ ਚਾਹੁੰਦੇ ਹਨ। ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਢੇਰਾਂ ਵਾਅਦੇ ਕੀਤੇ ਸਨ ਪਰ ਇਹ ਵਾਅਦੇ ਪੂਰੇ ਨਹੀਂ ਹੋ ਰਹੇ। ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਸਰਕਾਰ ਨੇ ਸਾਲ ਬਾਅਦ ਵੀ ਪੂਰਾ ਨਹੀਂ ਕੀਤਾ ਹੈ। ਪੰਜਾਬ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜੀ ਹੋਈ ਹੈ, ਅਸੀਂ ਜਦੋਂ ਵੀ ਟੀ. ਵੀ. ਵੇਖਦੇ ਹਾਂ ਤਾਂ ਪਹਿਲੀ ਖਬਰ ਕਿਸੇ ਅਪਰਾਧ ਨਾਲ ਸਬੰਧਿਤ ਹੁੰਦੀ ਹੈ, ਕਿਤੇ ਹੱਤਿਆ ਹੋ ਰਹੀ ਹੈ, ਕਿਤੇ ਲੁੱਟ-ਖੋਹ ਹੋ ਰਹੀ ਹੈ, ਕਿਤੇ ਗੈਂਗਸਟਰ ਧਮਕੀ ਆਂ ਦੇ ਰਹੇ ਹਨ ਅਤੇ ਪੰਜਾਬ ਵਿਚ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ । ਅਜਿਹੇ ’ਚ ਸੂਬੇ ’ਚ ਨਿਵੇਸ਼ ਕਿੱਥੋਂ ਆਵੇਗਾ ਅਤੇ ਰੋਜ਼ਗਾਰ ਦੇ ਮੌਕੇ ਕਿਸ ਤਰ੍ਹਾਂ ਪੈਦਾ ਹੋਣਗੇ।
ਇਹ ਵੀ ਪੜ੍ਹੋ : ਰਾਹੋਂ 'ਚ ਰੂਹ ਕੰਬਾਊ ਹਾਦਸਾ, 35 ਪ੍ਰਵਾਸੀ ਮਜ਼ਦੂਰਾਂ ਦੀਆਂ ਝੌਂਪੜੀਆਂ ਨੂੰ ਲੱਗੀ ਅੱਗ, 8 ਸਾਲਾ ਬੱਚੀ ਦੀ ਮੌਤ
ਪ੍ਰ . - ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਫ਼ਸਲ ਦੇ ਨੁਕਸਾਨ ਦਾ ਮੁਆਵਜ਼ਾ ਦੇਣਾ ਸ਼ੁਰੂ ਕੀਤਾ ਹੈ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ?
ਉ . - ਇਹ ਸਰਕਾਰ ਕਿਸਾਨਾਂ ਨਾਲ ਭੱਦਾ ਮਜ਼ਾਕ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਭਾਸ਼ਣਾਂ ’ਚ ਕਹਿੰਦੇ ਸਨ ਕਿ ਕਿਸਾਨ ਦਾ ਨੁਕਸਾਨ ਹੋਇਆ ਹੈ ਤਾਂ ਉਹ ਸਾਰਿਆਂ ਨੂੰ ਨਜ਼ਰ ਆ ਰਿਹਾ ਹੈ, ਉਸ ਨੂੰ ਪਹਿਲਾਂ ਮੁਆਵਜ਼ਾ ਮਿਲਣਾ ਚਾਹੀਦਾ ਹੈ, ਗਿਰਦਾਵਰੀ ਤਾਂ ਬਾਅਦ ’ਚ ਹੁੰਦੀ ਰਹਿੰਦੀ ਹੈ ਪਰ ਹੁਣ ਇਹ ਸਰਕਾਰ ਗਿਰਦਾਵਰੀ ਦੇ ਨਾਂ ’ਤੇ ਕਿਸਾਨਾਂ ਨੂੰ ਲੰਬਾ ਇੰਤਜ਼ਾਰ ਕਰਵਾ ਰਹੀ ਹੈ। ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ 11 ਕਰੋੜ ਰੁਪਏ ਦੀ ਰਕਮ ਰੱਖੀ ਹੈ ਅਤੇ ਪੰਜਾਬ ’ਚ ਕਰੀਬ ਸਾਢੇ 12 ਹਜ਼ਾਰ ਪਿੰਡ ਹਨ। ਇਸ ਹਿਸਾਬ ਨਾਲ ਹਰ ਪਿੰਡ ਨੂੰ ਕਰੀਬ 9000 ਰੁਪਏ ਦਾ ਮੁਆਵਜ਼ਾ ਮਿਲੇਗਾ ਅਤੇ ਇੰਨਾ ਨੁਕਸਾਨ ਤਾਂ ਪੰਜਾਬ ਦੇ ਹਰ ਕਿਸਾਨ ਦਾ ਹੋ ਚੁੱਕਿਆ ਹੈ ਕਿਉਂਕਿ ਬੇਮੌਸਮੇ ਮੀਂਹ ਕਾਰਨ ਕਰੀਬ 13 ਲੱਖ ਹੈਕਟੇਅਰ ਜ਼ਮੀਨ ’ਤੇ ਫ਼ਸਲ ਨੂੰ ਨੁਕਸਾਨ ਹੋਇਆ ਹੈ ਅਤੇ 50 ਹੈਕਟੇਅਰ ਜ਼ਮੀਨ ’ਤੇ ਪੂਰੀ ਦੀ ਪੂਰੀ ਫਸਲ ਤਬਾਹ ਹੋ ਗਈ ਹੈ। ਅਜਿਹੇ ’ਚ ਇਹ ਮੁਆਵਜ਼ਾ ਸਿਰਫ਼ ਦਿਖਾਵਾ ਅਤੇ ਮਜ਼ਾਕ ਹੀ ਲੱਗਦਾ ਹੈ।
ਪ੍ਰ. - ਕੇਂਦਰ ਸਰਕਾਰ ਵੱਲੋਂ ਕਣਕ ਦੀ ਕੁਆਲਿਟੀ ਖ਼ਰਾਬ ਹੋਣ ’ਤੇ ਅਦਾਇਗੀ ’ਚ ਲਾਏ ਗਏ ਕੱਟ ਨਾਲ ਕਿਸਾਨ ਨਾਰਾਜ਼ ਹਨ, ਤੁਸੀਂ ਕੀ ਕਹੋਗੇ?
ਉ . - ਪੰਜਾਬ ’ਚ ਕਿਸਾਨ ਹੀ ਅਰਥਵਿਵਸਥਾ ਦੀ ਰੀੜ੍ਹ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਕਿਸਾਨ ਦੇ ਦਰਦ ਨੂੰ ਸਮਝਦੇ ਹਨ। ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਬੇਮੌਸਮੇ ਮੀਂਹ ਤੋਂ ਬਾਅਦ ਤੁਰੰਤ ਕੇਂਦਰ ਦੀਆਂ ਟੀਮਾਂ ਪੰਜਾਬ ਭੇਜਣ ਦਾ ਫ਼ੈਸਲਾ ਕੀਤਾ ਤਾਂ ਕਿ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਉਸ ਹਿਸਾਬ ਨਾਲ ਅੱਗੇ ਖਰੀਦ ਨੀਤੀ ’ਚ ਬਦਲਾਅ ਕੀਤਾ ਜਾ ਸਕੇ ਤਾਂ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਲੰਬਾ ਇੰਤਜ਼ਾਰ ਨਾ ਕਰਨਾ ਪਏ। ਕੇਂਦਰ ਸਰਕਾਰ ਵੱਲੋਂ ਖਰੀਦ ਨਿਯਮਾਂ ਵਿਚ ਰਾਹਤ ਦੇਣ ਤੋਂ ਬਾਅਦ ਪੰਜਾਬ ’ਚ ਫਸਲ ਦੀ ਖਰੀਦ ਵਿਚ ਤੇਜ਼ੀ ਆਈ ਹੈ ਅਤੇ ਇਹ ਤੇਜ਼ੀ ਹੁਣ ਅੱਗੇ ਜ਼ਿਆਦਾ ਵਧੇਗੀ। ਜਿੱਥੇ ਤੱਕ ਕੱਟ ਦੀ ਗੱਲ ਹੈ ਤਾਂ ਇਸ ਸਿਲਸਿਲੇ ’ਚ ਕਈ ਸੀਨੀਅਰ ਨੇਤਾ ਕੇਂਦਰ ਦੇ ਨਾਲ ਸੰਪਰਕ ’ਚ ਹਨ ਅਤੇ ਉਮੀਦ ਦੀ ਜਾਣੀ ਚਾਹੀਦੀ ਕਿ ਇਸ ਮਾਮਲੇ ’ਚ ਵੀ ਕੇਂਦਰ ਕਿਸਾਨਾਂ ਲਈ ਰਾਹਤ ਦਾ ਐਲਾਨ ਕਰ ਸਕਦਾ ਹੈ।
17 ਦੇਸ਼ਾਂ ’ਚ ਭਾਰਤੀ ਰੁਪਏ ਦਾ ਬੋਲਬਾਲਾ?
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤੀ ਰੁਪਏ ਦੀ ਪਛਾਣ ਪਹਿਲਾਂ ਵਿਦੇਸ਼ਾਂ ’ਚ ਸਿਰਫ਼ ਇਕ ਕਾਗਜ਼ ਵਜੋਂ ਸੀ ਅਤੇ ਸਾਰਾ ਟ੍ਰੇਡ ਡਾਲਰ ਵਿਚ ਹੁੰਦਾ ਸੀ ਪਰ ਅੱਜ 17 ਦੇਸ਼ਾਂ ’ਚ ਭਾਰਤੀ ਰੁਪਏ ਦੀ ਪਛਾਣ ਹੈ ਅਤੇ ਭਾਰਤੀ ਰੁਪਏ ਨਾਲ ਤੁਸੀਂ ਇਨ੍ਹਾਂ ਦੇਸ਼ਾਂ ’ਚ ਖਰੀਦਦਾਰੀ ਕਰ ਸਕਦੇ ਹੋ। ਪ੍ਰਸਿੱਧ ਗਾਇਕ ਮੀਕਾ ਸਿੰਘ ਨੇ ਅੱਜ ਹੀ ਆਪਣੇ ਟਵਿੱਟਰ ’ਤੇ ਵੀਡੀਓ ਪਾ ਕੇ ਇਹ ਜਾਣਕਾਰੀ ਦਿੱਤੀ ਕਿ ਉਹ ਕਤਰ ਏਅਰਪੋਰਟ ’ਚ ਗਏ ਤਾਂ ਉਨ੍ਹਾਂ ਭਾਰਤੀ ਕਰੰਸੀ ’ਚ ਖਰੀਦਦਾਰੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਹੋਣ ’ਤੇ ਮਾਣ ਮਹਿਸੂਸ ਹੋਇਆ। ਅਜਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਜ਼ਰੀਏ ਹੋਇਆ ਅਤੇ ਭਾਰਤੀ ਰੁਪਿਆ ਹੁਣ ਡਾਲਰ ਵਾਂਗ ਹੀ ਵਿਦੇਸ਼ਾਂ ’ਚ ਆਪਣੀ ਸਾਖ ਬਣਾ ਰਿਹਾ ਹੈ। ਅੱਜ ਅਸੀਂ ਰੂਸ ਦੇ ਨਾਲ ਰੁਪਏ ’ਚ ਟ੍ਰੇਡ ਕਰ ਰਹੇ ਹਾਂ। ਇਸ ਤੋਂ ਇਲਾਵਾ ਕਈ ਹੋਰ ਦੇਸ਼ ਵੀ ਭਾਰਤ ਦੇ ਨਾਲ ਰੁਪਏ ’ਚ ਟ੍ਰੇਡ ਕਰਨ ਲਈ ਗੱਲਬਾਤ ਕਰ ਰਹੇ ਹਨ।
ਇਹ ਵੀ ਪੜ੍ਹੋ : ਵਿਸਾਖੀ ਮੌਕੇ ਘਰ 'ਚ ਛਾਇਆ ਮਾਤਮ, ਮੋਰਿੰਡਾ ਵਿਖੇ ਵਾਪਰੇ ਦਰਦਨਾਕ ਹਾਦਸੇ 'ਚ 2 ਸਕੇ ਭਰਾਵਾਂ ਦੀ ਮੌਤ
ਪ੍ਰ . - ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਹੈ ਕਿ ਭਾਜਪਾ ਜਲੰਧਰ ਉਪ ਚੋਣ ’ਚ ਚੰਗੀਆਂ ਵੋਟਾਂ ਲੈ ਕੇ ਜਾਵੇਗੀ, ਕੀ ਉਨ੍ਹਾਂ ਨੂੰ ਜਿੱਤ ਦਾ ਭਰੋਸਾ ਨਹੀਂ ਹੈ?
ਉ : ਭਾਜਪਾ ਨਿਸ਼ਚਿਤ ਤੌਰ ’ਤੇ ਜ਼ਮੀਨੀ ਤੌਰ ’ਤੇ ਬਹੁਤ ਮਜ਼ਬੂਤ ਹੈ ਅਤੇ ਪਾਰਟੀ ਵੱਲੋਂ ਬਲਾਕ ਪੱਧਰ ਤੋਂ ਲੈ ਕੇ ਛੋਟੇ ਤੋਂ ਛੋਟੇ ਵਰਕਰ ਅਤੇ ਵੱਡੇ ਤੋਂ ਵੱਡੇ ਨੇਤਾ ਦੀ ਡਿਊਟੀ ਇਸ ਚੋਣ ’ਚ ਲਾਈ ਗਈ ਹੈ ਅਤੇ ਪਾਰਟੀ ਪੂਰੀ ਮਜ਼ਬੂਤੀ ਨਾਲ ਰਣਨੀਤੀ ਬਣਾ ਕੇ ਇਹ ਚੋਣ ਲੜ ਰਹੀ ਹੈ। ਜਨਤਾ ਨੇ ਇਕ ਸਾਲ ਪਹਿਲਾਂ ਜੋ ਸਰਕਾਰ ਬਣਾਈ ਸੀ, ਉਸਦਾ ਹਾਲ ਉਨ੍ਹਾਂ ਨੇ ਵੇਖ ਲਿਆ ਹੈ । ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਨੂੰ ਵੀ ਅਜ਼ਮਾ ਚੁੱਕੇ ਹਨ ਅਤੇ ਹੁਣ ਜਨਤਾ ’ਚ ਇਹ ਧਾਰਨਾ ਹੈ ਕਿ ਭਾਜਪਾ ਹੀ ਪੰਜਾਬ ’ਚ ਵਿਕਾਸ ਦੀ ਗੱਡੀ ਨੂੰ ਪਟੜੀ ’ਤੇ ਲੈ ਕੇ ਆਵੇਗੀ। ਲਿਹਾਜ਼ਾ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਪਾਰਟੀ ਇਹ ਚੋਣ ਨਿਸ਼ਚਿਤ ਤੌਰ ’ਤੇ ਜਿੱਤੇਗੀ ਅਤੇ ਸਾਡੇ ਮੁਕਾਬਲੇ ’ਚ ਕੋਈ ਵੀ ਮੈਦਾਨ ’ਚ ਨਹੀਂ ਹੈ। ਹਾਲਾਂਕਿ ਇਹ ਚੋਣ ਇਕ ਉਪ ਚੋਣ ਹੈ ਅਤੇ ਇਸ ਤੋਂ ਸਰਕਾਰ ਨੂੰ ਕੋਈ ਫਰਕ ਨਹੀਂ ਪਵੇਗਾ ਪਰ ਅਾਮ ਤੌਰ ’ਤੇ ਅਜਿਹੀ ਉਪ ਚੋਣ ਹੀ ਸੂਬੇ ’ਚ ਰਾਜਨੀਤੀ ਦੀ ਦਿਸ਼ਾ ਤੈਅ ਕਰਦੀ ਹੈ ਅਤੇ ਹੁਣ ਜਲੰਧਰ ਦੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਜੇਕਰ ਭਾਜਪਾ ਦਾ ਸੰਸਦ ਮੈਂਬਰ ਇਸ ਸੀਟ ਤੋਂ ਜਿੱਤਦਾ ਹੈ ਤਾਂ ਉਹ ਜਲੰਧਰ ਨੂੰ ਵਿਕਸਿਤ ਕਰਨ ਲਈ ਕੇਂਦਰ ਨਾਲ ਤਾਲਮੇਲ ਕਰ ਕੇ ਚੰਗਾ ਕੰਮ ਕਰ ਸਕਦਾ ਹੈ ਕਿਉਂਕਿ ਮੌਜੂਦਾ ਸਰਕਾਰ ਨੇ ਪਿਛਲੇ ਇਕ ਸਾਲ ਵਿਚ ਕੇਂਦਰ ਵੱਲੋਂ ਆਏ ਫੰਡਾਂ ਦਾ ਜਲੰਧਰ ਲਈ ਇਸਤੇਮਾਲ ਨਹੀਂ ਕੀਤਾ ਹੈ।
ਪ੍ਰ. - ਭਾਜਪਾ ਨੂੰ ਇਸ ਚੋਣ ਲਈ ਉਮੀਦਵਾਰ ਬਾਹਰੋਂ ਕਿਉਂ ਲਿਆਉਣਾ ਪਿਆ?
ਉ .-ਭਾਜਪਾ ਪੰਜਾਬ ’ਚ ਪਹਿਲਾਂ ਬਹੁਤ ਘੱਟ ਸੀਟਾਂ ’ਤੇ ਚੋਣ ਲੜਦੀ ਰਹੀ ਹੈ ਅਤੇ ਜਲੰਧਰ ਸੀਟ ’ਤੇ ਪਾਰਟੀ ਨੇ ਕਦੇ ਲੋਕ ਸਭਾ ਦੀ ਚੋਣ ਇਕੱਲੇ ਨਹੀਂ ਲੜੀ । ਭਾਜਪਾ ਹੀ ਪੰਜਾਬ ਵਿਚ ਇਕ ਅਜਿਹੀ ਪਾਰਟੀ ਹੈ, ਜਿਸਦੇ ਪ੍ਰਤੀ ਨੇਤਾਵਾਂ ’ਚ ਖਿੱਚ ਹੈ ਅਤੇ ਇਹ ਖਿੱਚ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਮਜ਼ਬੂਤੀ ਅਤੇ ਭਾਜਪਾ ਦੀ ਵਿਕਾਸ ਨੂੰ ਲੈ ਕੇ ਚਲਾਈਆਂ ਜਾ ਰਹੀਆਂ ਨੀਤੀਆਂ ਕਾਰਨ ਹੈ। ਇਹੀ ਕਾਰਨ ਹੈ ਕਿ ਇੰਦਰ ਇਕਬਾਲ ਸਿੰਘ ਅਟਵਾਲ ਭਾਜਪਾ ’ਚ ਸ਼ਾਮਲ ਹੋਏ ਹਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਲੋਕ ਸਭਾ ਚੋਣ ਲਈ ਮੌਕਾ ਦਿੱਤਾ ਪਰ ਆਮ ਆਦਮੀ ਪਾਰਟੀ ਜੋ ਕਿ ਖੁਦ ਨੂੰ ਕੇਡਰ ’ਤੇ ਆਧਾਰਿਤ ਪਾਰਟੀ ਕਹਿੰਦੀ ਹੈ, ਪਾਰਟੀ ਦੇ ਪੰਜਾਬ ਵਿਚ 92 ਵਿਧਾਇਕ ਹਨ ਅਤੇ ਚੰਗਾ ਮਜ਼ਬੂਤ ਆਧਾਰ ਹੈ, ਕੀ ਆਮ ਆਦਮੀ ਪਾਰਟੀ ਨੂੰ ਆਪਣੇ ਸੰਗਠਨ ਅਤੇ ਸਰਕਾਰ ’ਚੋਂ ਕੋਈ ਚਿਹਰਾ ਨਹੀਂ ਮਿਲਿਆ । ਆਮ ਆਦਮੀ ਪਾਰਟੀ ਨੂੰ ਕਿਉਂ ਕਾਂਗਰਸ ਤੋਂ ਵਿਧਾਇਕ ਦਾ ਚੋਣ ਹਾਰਿਆ ਹੋਇਆ ਕੈਂਡੀਡੇਟ ਇੰਪੋਰਟ ਕਰਨਾ ਪਿਆ। ਜਨਤਾ ਸਭ ਕੁਝ ਵੇਖ ਰਹੀ ਹੈ ਅਤੇ ਚੋਣ ’ਚ ਇਸਦਾ ਜਵਾਬ ਵੀ ਦੇਵੇਗੀ।
ਮੋਦੀ ਦੀ ਅਗਵਾਈ ’ਚ ਵਧੀ ਭਾਰਤ ਦੀ ਸਾਖ
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਾ ਸਿਰਫ ਦੇਸ਼ ਵਿਚ ਚੌਤਰਫਾ ਵਿਕਾਸ ਹੋ ਰਿਹਾ ਹੈ, ਸਗੋਂ ਵਿਦੇਸ਼ਾਂ ’ਚ ਵੀ ਭਾਰਤ ਦੀ ਸਾਖ ਵਧੀ ਹੈ। ਅੱਜ ਅਮਰੀਕਾ ਤੋਂ ਲੈ ਕੇ ਰੂਸ ਅਤੇ ਯੂਰਪੀ ਦੇਸ਼ ਹਰ ਅੰਤਰਰਾਸ਼ਟਰੀ ਮਾਮਲੇ ’ਤੇ ਭਾਰਤ ਦੀ ਰਾਏ ਨੂੰ ਅਹਿਮੀਅਤ ਦਿੰਦੇ ਹਨ। ਵਿਦੇਸ਼ਾਂ ਵਿਚ ਭਾਰਤੀਆਂ ਦਾ ਸਨਮਾਨ ਵਧ ਰਿਹਾ ਹੈ, ਦੇਸ਼ ਵਿਚ ਨਵੇਂ ਪੁਲ, ਨਵੀਆਂ ਸੜਕਾਂ, ਨਵੀਆਂ ਰੇਲਾਂ ਅਤੇ ਨਵੇਂ ਏਅਰਪੋਰਟ ਲਗਾਤਾਰ ਬਣਾਏ ਜਾ ਰਹੇ ਹਨ, ਜਿਸ ਨਾਲ ਦੇਸ਼ ਵਾਸੀਆਂ ਨੂੰ ਫਾਇਦਾ ਹੋ ਰਿਹਾ ਹੈ। ਭਾਰਤ ਹੁਣ ਪੰਜਵੀ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਛੇਤੀ ਹੀ ਭਾਰਤ ਤੀਜੀ ਵੱਡੀ ਅਰਥਵਿਵਸਥਾ ਬਣ ਜਾਵੇਗਾ। ਇਸ ਨਾਲ ਦੇਸ਼ ’ਚ ਰੋਜ਼ਗਾਰ ਵਧਣਗੇ, ਲੋਕਾਂ ਨੂੰ ਨੌਕਰੀਆਂ ਦੇ ਨਵੇਂ ਮੌਕੇ ਮਿਲਣਗੇ ਅਤੇ ਵਿਦੇਸ਼ੀ ਨਿਵੇਸ਼ ਵੀ ਵਧੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 1 ਆਈ. ਐੱਫ਼. ਐੱਸ. ਤੇ 12 ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਦੇ ਲੋਕਾਂ ਨੂੰ ਭਾਜਪਾ ਤੋਂ ਉਮੀਦ
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਪੂਰੇ ਦੇਸ਼ ’ਚ ਵਿਕਾਸ ਦੀ ਲਹਿਰ ਚੱਲ ਰਹੀ ਹੈ ਪਰ ਪੰਜਾਬ ਇਸ ਤੋਂ ਅਛੂਤਾ ਹੈ ਕਿਉਂਕਿ ਪੰਜਾਬ ’ਚ ਹਮੇਸ਼ਾ ਉਹ ਸਰਕਾਰ ਰਹਿੰਦੀ ਆਈ ਹੈ, ਜੋ ਕੇਂਦਰ ਦੀ ਸਰਕਾਰ ਤੋਂ ਉਲਟ ਹੁੰਦੀ ਹੈ। ਕੇਂਦਰ ਵਿਚ ਕਾਂਗਰਸ ਦੀ ਸਰਕਾਰ ਰਹੀ ਤਾਂ ਪੰਜਾਬ ’ਚ ਅਕਾਲੀ ਦਲ ਦੀ ਸਰਕਾਰ ਸੀ, ਹੁਣ ਕੇਂਦਰ ’ਚ ਭਾਜਪਾ ਦੀ ਸਰਕਾਰ ਹੈ ਅਤੇ ਇੱਥੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਲਾਅ ਦੇ ਰੂਪ ’ਚ ਮੌਕਾ ਦਿੱਤਾ ਪਰ ਲੋਕ ਹੁਣ ਇਸ ਬਦਲਾਅ ਤੋਂ ਬਾਅਦ ਪਛਤਾਅ ਰਹੇ ਹਨ ਕਿਉਂਕਿ ਜਿਨ੍ਹਾਂ ਉਮੀਦਾਂ ਨਾਲ ਉਨ੍ਹਾਂ ਨੇ ਸਰਕਾਰ ਨੂੰ ਚੁਣਿਆ ਸੀ, ਸਰਕਾਰ ਉਨ੍ਹਾਂ ਉਮੀਦਾਂ ’ਤੇ ਖਰਾ ਨਹੀਂ ਉੱਤਰ ਸਕੀ ਹੈ। ਪੰਜਾਬ ਦੀ ਇੰਡਸਟਰੀ ਦੂਜੇ ਸੂਬਿਆਂ ’ਚ ਪਲਾਇਨ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਪਾ ਰਹੇ, ਲਿਹਾਜ਼ਾ ਪੰਜਾਬ ਦਾ ਨੌਜਵਾਨ ਵਿਦੇਸ਼ਾਂ ’ਚ ਪਲਾਇਨ ਕਰ ਰਿਹਾ ਹੈ। ਅਜਿਹੇ ’ਚ ਹੁਣ ਪੰਜਾਬ ਦੇ ਲੋਕਾਂ ਨੂੰ ਮਹਿਸੂਸ ਹੋਣ ਲੱਗਾ ਹੈ ਕਿ ਭਾਜਪਾ ਹੀ ਪੰਜਾਬ ਦੇ ਵਿਗੜੇ ਹਾਲਾਤ ਨੂੰ ਠੀਕ ਕਰ ਸਕਦੀ ਹੈ ਕਿਉਂਕਿ ਲੋਕ ਹੁਣ ਦੇਸ਼ ਦੇ ਹੋਰ ਸੂਬਿਆਂ ’ਚ ਭਾਜਪਾ ਦੀ ਅਗਵਾਈ ’ਚ ਹੋ ਰਹੀ ਤਰੱਕੀ ਨੂੰ ਵੇਖ ਰਹੇ ਹਨ।
ਇਹ ਵੀ ਪੜ੍ਹੋ : ਸ੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰਿਆ ਦਰਦਨਾਕ ਹਾਦਸਾ, 3 ਲੋਕਾਂ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹੁਣ ਛੋਟੇ ਬੱਚਿਆਂ ਨੂੰ ਵੀ ਮਿਲੇਗਾ ਕੈਨੇਡਾ ਦਾ ਮਾਈਨਰ ਸਟੱਡੀ ਵੀਜ਼ਾ, ਜਲਦ ਕਰੋ ਅਪਲਾਈ
NEXT STORY