ਜਲੰਧਰ (ਰਮਨਦੀਪ ਸੋਢੀ)- ਪੰਜਾਬ ’ਚ ਵਿਧਾਨ ਸਭਾ ਚੋਣਾਂ ਸਬੰਧੀ ਚੱਲ ਰਿਹਾ ਰੌਲਾ ਦੋ ਦਿਨਾਂ ਬਾਅਦ ਖ਼ਤਮ ਹੋ ਜਾਵੇਗਾ ਅਤੇ ਸੂਬੇ ਵਿਚ ਅਗਲੀ ਵਿਧਾਨ ਸਭਾ ਦੇ ਗਠਨ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਚੋਣਾਂ ’ਚ ਕੌਣ ਜਿੱਤੇਗਾ ਜਾਂ ਹਾਰੇਗਾ, ਇਹ ਅਜੇ ਸਪੱਸ਼ਟ ਨਹੀਂ ਹੈ ਪਰ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ’ਚ ਜੋ ਵੀ ਸਰਕਾਰ ਬਣੇਗੀ, ਉਸ ’ਚ ਭਾਜਪਾ ਦੀ ਜ਼ਰੂਰ ਹਿੱਸੇਦਾਰੀ ਹੋਵੇਗੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦੇ ਮੁਖੀ ਸੁਖਬੀਰ ਬਾਦਲ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਹੋਰ ਮੁੱਦਿਆਂ ’ਤੇ ਖੁੱਲ੍ਹ ਕੇ ਆਪਣਾ ਪੱਖ ਰੱਖਿਆ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਅੰਸ਼ :
ਪੰਜਾਬ ’ਚ ਭਾਜਪਾ ਲਈ ਕਿਹੋ ਜਿਹੈ ਚੋਣ ਮਾਹੌਲ?
ਪੰਜਾਬ ’ਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਆਪਣੇ ਦਮ ’ਤੇ ਚੋਣ ਲੜ ਰਹੀ ਹੈ। ਬੇਸ਼ੱਕ ਪਾਰਟੀ ਪਹਿਲਾਂ ਵੀ ਗਠਜੋੜ ਨਾਲ ਚੋਣਾਂ ਲੜਦੀ ਰਹੀ ਹੈ ਪਰ ਇਹ ਪਹਿਲੀ ਵਾਰ ਹੈ ਜਦੋਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਿਨਾਂ ਚੋਣ ਮੈਦਾਨ ’ਚ ਉਤਰੀ ਹੈ। ਇਹ ਪਾਰਟੀ ਲਈ ਇਹ ਵੱਡੀ ਚੁਣੌਤੀ ਹੈ। ਹਾਲਾਂਕਿ ਸਾਡਾ ਅਕਾਲੀ ਦਲ ਨਾਲ ਕੋਈ ਗਠਜੋੜ ਨਹੀਂ ਸੀ, ਸਗੋਂ ਸਮਾਜਿਕ ਸਾਂਝ ਸੀ, ਤਾਂ ਜੋ ਸੂਬੇ ਵਿਚ ਅਮਨ-ਸ਼ਾਂਤੀ ਕਾਇਮ ਰਹੇ ਅਤੇ ਅੱਤਵਾਦ ਦਾ ਦੌਰ ਵਾਪਸ ਨਾ ਆਵੇ ਪਰ ਹੁਣ ਜਦੋਂ ਭਾਜਪਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਪੰਜਾਬ ਲੋਕ ਕਾਂਗਰਸ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀ ਹੈ ਤਾਂ ਅੱਜ ਵੀ ਪਾਰਟੀ ਦਾ ਮਨੋਰਥ ਉਹੀ ਹੈ। ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਕਾਂਗਰਸ ਅਤੇ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਰੱਖਿਆ ਜਾਵੇ।
ਕੈਪਟਨ ਦੇ ਭਾਜਪਾ ਨਾਲ ਸਾਂਝ ’ਤੇ ਉੱਠ ਰਹੇ ਨੇ ਸਵਾਲ?
ਕੈਪਟਨ ਅਮਰਿੰਦਰ ਸਿੰਘ ਸੁਲਝੇ ਹੋਏ ਆਗੂ ਹਨ। ਉਨ੍ਹਾਂ ਨੇ ਰਾਜ ’ਚ ਕੰਮ ਕੀਤਾ, ਤਾਂ ਰਾਜਨੀਤੀ ਨਹੀਂ ਕੀਤੀ। ਰਾਜ ਦੇ ਸੀ. ਐੱਮ. ਦੇ ਤੌਰ ’ਤੇ ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਅਤੇ ਇਸ ਦਾ ਲਾਭ ਪੰਜਾਬ ਨੂੰ ਹੁੰਦਾ ਰਿਹਾ। ਕੈਪਟਨ ਤਾਂ ਫਿਰ ਦੇਸ਼ ਦੀ ਇਕ ਪਾਰਟੀ ਨਾਲ ਗਠਜੋੜ ਕਰ ਰਹੇ ਹਨ ਪਰ ਸਵਾਲ ਉਠਾਉਣ ਵਾਲੇ ਰਾਹੁਲ ਗਾਂਧੀ ’ਤੇ ਟਿੱਪਣੀ ਕਿਉਂ ਨਹੀਂ ਕਰਦੇ, ਜਿਨ੍ਹਾਂ ਨੇ ਚੀਨ ਦੀ ਪਾਰਟੀ ਨਾਲ ਗਠਜੋੜ ਕੀਤਾ ਹੋਇਆ ਹੈ। ਹੋਰ ਹੈਰਾਨੀ ਦੀ ਗੱਲ ਹੈ ਕਿ ਇਹ ਤਾਂ ਸਭ ਕੁਝ ਆਨ ਰਿਕਾਰਡ ਹੈ। ਕੈਪਟਨ ਇਕ ਰਾਸ਼ਟਰਵਾਦੀ ਆਦਮੀ ਹਨ ਅਤੇ ਇਸ ਸੋਚ ਦੇ ਮਾਲਕ ਹਨ ਕਿ ਪੰਜਾਬ ਦੀ ਤਰੱਕੀ ਹੋਵੇ।
ਇਹ ਵੀ ਪੜ੍ਹੋ: CM ਚੰਨੀ ਦਾ ਵੱਡਾ ਦਾਅਵਾ, ਕੇਜਰੀਵਾਲ ਦਾ ਰਾਜਨੀਤਕ ਵਿਸ਼ਲੇਸ਼ਣ ਹਮੇਸ਼ਾ ਗ਼ਲਤ ਸਾਬਿਤ ਹੋਇਆ, ਇਸ ਵਾਰ ਵੀ ਹੋਵੇਗਾ
ਸਿੱਧੂ ਤਾਂ ਕਹਿ ਰਹੇ, ਕੈਪਟਨ ਚੱਲਿਆ ਹੋਇਆ ਕਾਰਤੂਸ?
ਇਹ ਗੱਲ ਤਾਂ ਖ਼ੁਦ ਨਵਜੋਤ ਸਿੰਘ ਸਿੱਧੂ ’ਤੇ ਵੀ ਫਿੱਟ ਬੈਠਦੀ ਹੈ। ਸਿੱਧੂ ਨੂੰ ਤਾਂ ਖ਼ੁਦ ਰਾਹੁਲ ਗਾਂਧੀ ਨੇ ‘ਖੁੱਡੇਲਾਈਨ’ ਲਗਾ ਦਿੱਤਾ ਹੈ। ਕਾਂਗਰਸ ਪਾਰਟੀ ’ਚ ਹੀ ਸਿੱਧੂ ਦੀ ਕੋਈ ਪੁੱਛਗਿੱਛ ਨਹੀਂ ਹੈ। ਰਾਹੁਲ ਗਾਂਧੀ, ਜਿਸ ਨੂੰ ਉਹ ਪੱਪੂ ਕਹਿੰਦੇ ਸਨ, ਉਸੇ ਪੱਪੂ ਨੇ ਨਵਜੋਤ ਸਿੰਘ ਸਿੱਧੂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ।
ਅਕਾਲੀ ਦਲ ਤੋਂ ਵੱਖ ਹੋਣ ਦਾ ਹੋਇਆ ਨੁਕਸਾਨ ?
ਸੁਖਬੀਰ ਬਾਦਲ ਇਸ ਸਮੇਂ ਇਕ ਵੱਡੀ ਗਲਤਫਹਿਮੀ ਵਿਚ ਹਨ ਕਿ ਉਹ ਭਾਜਪਾ ਤੋਂ ਬਿਨਾਂ ਸੱਤਾ ’ਚ ਆਉਣਗੇ। ਸੁਖਬੀਰ ਬਾਦਲ ਨੇ ਹਮੇਸ਼ਾ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਆਗੂਆਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਹੈ। 2007 ਦੀਆਂ ਚੋਣਾਂ ਵਿਚ ਜਦੋਂ ਭਾਜਪਾ ਦੀਆਂ 19 ਸੀਟਾਂ ਕਾਰਨ ਗਠਜੋੜ ਦੀ ਸਰਕਾਰ ਬਣੀ ਤਾਂ ਡਿਪਟੀ ਸੀ. ਐੱਮ. ਅਹੁਦੇ ’ਤੇ ਭਾਜਪਾ ਦੇ ਆਗੂਆਂ ਦਾ ਦਾਅਵਾ ਬਣਦਾ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਮਨੋਰੰਜਨ ਕਾਲੀਆ ਅਤੇ ਫਿਰ ਬਾਅਦ ’ਚ ਭਗਤ ਚੂਨੀ ਲਾਲ ਨੂੰ ਇਸ ਅਹੁਦੇ ਤੋਂ ਦੂਰ ਰੱਖਿਆ ਅਤੇ ਖ਼ੁਦ ਦੇ ਬੇਟੇ ਨੂੰ ਡਿਪਟੀ ਸੀ. ਐੱਮ. ਬਣਾ ਦਿੱਤਾ। ਉਸ ਸਮੇਂ ਸਵ. ਅਰੁਣ ਜੇਤਲੀ ਪੰਜਾਬ ’ਚ ਸਰਗਰਮ ਸਨ । ਉਨ੍ਹਾਂ ਨੇ ਪੰਜਾਬ ਦੀ ਬਿਹਤਰੀ ਬਾਰੇ ਸੋਚਦੇ ਹੋਏ ਡਿਪਟੀ ਸੀ. ਐੱਮ. ਅਹੁਦੇ ਨੂੰ ਤਿਲਾਂਜਲੀ ਦੇ ਦਿੱਤੀ ਅਤੇ ਹਿੰਦੂ-ਸਿੱਖ ਏਕਤਾ ਲਈ ਗਠਜੋੜ ਨੂੰ ਜਾਰੀ ਰੱਖਿਆ। ਉਦੋਂ ਭਾਰਤੀ ਜਨਤਾ ਪਾਰਟੀ ਨੇ ਬਾਹਰੋਂ ਹਮਾਇਤ ਦੇਣ ਦਾ ਵੀ ਬਦਲ ਰੱਖਿਆ ਸੀ ਪਰ ਸੁਖਬੀਰ ਨੇ ਉਸ ਸਮੇਂ ਖ਼ੁਦ ਹੀ ਭਾਜਪਾ ਦੇ ਲੋਕਾਂ ਨੂੰ ਮੰਤਰੀ ਬਣਾ ਦਿੱਤਾ ਸੀ। ਅੱਜ ਜੋ ਸੁਖਬੀਰ ਦਲਿਤ ਡਿਪਟੀ ਸੀ. ਐੱਮ. ਦੇ ਨਾਂ ’ਤੇ ਰਾਜਨੀਤੀ ਕਰ ਰਹੇ ਹਨ, ਉਸੇ ਸੁਖਬੀਰ ਨੇ ਉਦੋਂ ਭਗਤ ਚੂਨੀ ਲਾਲ ਵਰਗੇ ਦਲਿਤ ਚਿਹਰੇ ਨੂੰ ਡਿਪਟੀ ਸੀ. ਐੱਮ. ਬਣਨ ਤੋਂ ਰੋਕ ਦਿੱਤਾ ਸੀ।
ਇਹ ਵੀ ਪੜ੍ਹੋ: ਛੱਤੀਸਗੜ ਦੇ CM ਭੁਪੇਸ਼ ਬਘੇਲ ਦੇ ਵਿਰੋਧੀਆਂ ’ਤੇ ਰਗੜੇ, PM ਮੋਦੀ ਨੂੰ ਕੀਤੇ ਤਿੱਖੇ ਸਵਾਲ
ਕੇਜਰੀਵਾਲ ਦਾ ਦੋਸ਼ ਹੈ ਭਾਜਪਾ ਜਾਤੀ ਆਧਾਰਿਤ ਰਾਜਨੀਤੀ ਕਰਦੀ ਹੈ?
ਅਰਵਿੰਦ ਕੇਜਰੀਵਾਲ ਸਿਰਫ ਝੂਠ ਦਾ ਸਹਾਰਾ ਲੈਂਦੇ ਹਨ। ਦਿੱਲੀ ਮਾਡਲ ਦੇ ਨਾਂ ’ਤੇ ਵੀ ਉਹ ਜਿਸ ਮਾਡਲ ਦੀ ਗੱਲ ਕਰ ਰਹੇ ਹਨ, ਉਸ ’ਚ ਨਾ ਤਾਂ ਸਕੂਲਾਂ ਦਾ ਵਿਕਾਸ ਹੋ ਰਿਹਾ ਹੈ ਅਤੇ ਨਾ ਹੀ ਦਿੱਲੀ ’ਚ ਲੋਕਾਂ ਨੂੰ ਸਿਹਤ ਸੇਵਾਵਾਂ ਮਿਲ ਰਹੀਆਂ ਹਨ। ਮੁਹੱਲਾ ਕਲੀਨਿਕਾਂ ’ਚ ਬੱਚਿਆਂ ਨੂੰ ਗਲਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਦਿੱਲੀ ’ਚ ਇਕ ਨਵਾਂ ਪੁਲ ਤਕ ਨਹੀਂ ਬਣਿਆ, 177 ਥਾਵਾਂ ’ਤੇ ਪਾਣੀ ਭਰਿਆ ਰਹਿੰਦਾ ਹੈ ਤਾਂ ਫਿਰ ਕੇਜਰੀਵਾਲ ਕਿਸ ਵਿਕਾਸ ਦੀ ਗੱਲ ਕਰ ਰਹੇ ਹਨ। ਉਹ ਜਿਨ੍ਹਾਂ ਸਕੂਲਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਉਹ ਸਕੂਲ 50 ਫ਼ੀਸਦੀ ਅਧਿਆਪਕਾਂ ਦੀ ਗਿਣਤੀ ਨਾਲ ਕੰਮ ਕਰ ਰਹੇ ਹਨ। ਜੇਕਰ ਦਿੱਲੀ ਦੇ ਸਕੂਲ ਇੰਨੇ ਸਮਾਰਟ ਹਨ ਤਾਂ ਪਿਛਲੇ 6 ਸਾਲਾਂ ਤੋਂ 9ਵੀਂ ਕਲਾਸ ਤੋਂ ਬਾਅਦ ਸਕੂਲ ਛੱਡਣ ਦੀ ਗਿਣਤੀ ਇੰਨੀ ਤੇਜ਼ੀ ਨਾਲ ਕਿਉਂ ਵਧ ਰਹੀ ਹੈ। ਇਹ ਮੇਰੇ ਅੰਕੜੇ ਨਹੀਂ ਸਗੋਂ ਸਰਕਾਰੀ ਅੰਕੜੇ ਬੋਲਦੇ ਹਨ। ਠੇਕੇਦਾਰਾਂ ਨੂੰ ਸ਼ਰਾਬ ਤੋਂ 2 ਫ਼ੀਸਦੀ ਕਮਿਸ਼ਨ ਮਿਲਦਾ ਸੀ ਪਰ ਕੇਜਰੀਵਾਲ ਨੇ ਇਸ ਨੂੰ ਵਧਾ ਕੇ 12 ਫੀਸਦੀ ਕਰ ਦਿੱਤਾ। ਦਿੱਲੀ ’ਚ ਸ਼ਰਾਬ ਦੇ 246 ਠੇਕੇ ਸਨ, ਜਿਨ੍ਹਾਂ ਨੂੰ ਵਧਾ ਕੇ 849 ਕਰ ਦਿੱਤਾ ਗਿਆ ਹੈ। ਹਰ ਗਲੀ ਮੁਹੱਲੇ ’ਚ ਸ਼ਰਾਬ ਦੇ ਠੇਕੇ ਖੋਲ੍ਹੇ ਦਿੱਤੇ ਗਏ ਅਤੇ ਠੇਕੇਦਾਰਾਂ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਹੈ। ਇਥੋਂ ਦੇ ਠੇਕੇਦਾਰਾਂ ਨੂੰ ਦਿੱਤੇ ਲਾਭ ਤੋਂ ਕਮਾਇਆ ਪੈਸਾ ਪੰਜਾਬ ਦੀਆਂ ਚੋਣਾਂ ਵਿਚ ਵਰਤਿਆ ਜਾ ਰਿਹਾ ਹੈ।
ਜੇਕਰ ‘ਆਪ’ ਇੰਨੀ ਮਾੜੀ ਹੈ ਤਾਂ ਚੋਣਾਂ ਕਿਵੇਂ ਜਿੱਤ ਜਾਂਦੀ ਹੈ?
(ਹੱਸਦੇ ਹੋਏ) ‘ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ’। ਬਿਜਲੀ ਫ੍ਰੀ ਦਾ ਜੋ ਦਾਅਵਾ ਕੇਜਰੀਵਾਲ ਨੇ ਕੀਤਾ ਸੀ, ਉਹ ਠੁੱਸ ਹੋ ਚੁੱਕਾ ਹੈ। ਲੋਕਾਂ ਨੂੰ ਮੀਟਰ ਰੀਡਿੰਗ ਲਈ ਪੈਸੇ ਨਹੀਂ ਦੇਣੇ ਪੈ ਰਹੇ, ਸਗੋਂ ਸਰਚਾਰਜ ਦੇ ਰੂਪ ’ਚ ਵਸੂਲੀ ਕੀਤੀ ਜਾ ਰਹੀ ਹੈ। ਪਾਣੀ ਮੁਫਤ ਕੀਤਾ ਗਿਆ ਸੀ ਪਰ ਪਾਣੀ ਨਹੀਂ ਆਉਂਦਾ। ਯਮੁਨਾ ਸਾਫ਼ ਕੀਤੀ ਜਾਣੀ ਸੀ , ਉਸ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਲੋਕਾਂ ਨੂੰ ਹੁਣ ਕੇਜਰੀਵਾਲ ਸਰਕਾਰ ਬਾਰੇ ਜਾਣਕਾਰੀ ਮਿਲ ਚੁੱਕੀ ਹੈ ਅਤੇ ਲੋਕ ਹੁਣ ਇਸ ਗਲਤੀ ਨੂੰ ਦੁਬਾਰਾ ਨਹੀਂ ਦੁਹਰਾਉਣ ਵਾਲੇ।
ਕੇਜਰੀਵਾਲ ਦਾ ਦਾਅਵਾ, 70-80 ਸੀਟਾਂ ਆਉਣਗੀਆਂ?
ਸੀਟਾਂ ਤਾਂ ਉਹ 100 ਵੀ ਕਹਿੰਦੇ ਸਨ ਪਰ ਜੋ ਵੀ ਆਈਆਂ, ਉਨ੍ਹਾਂ ’ਚੋਂ ਕਈ ਵਿਧਾਇਕ ਬਾਅਦ ’ਚ ਦੂਜੀਆਂ ਪਾਰਟੀਆਂ ’ਚ ਸ਼ਾਮਲ ਹੋ ਗਏ। ਝੂਠੀਆਂ ਕਸਮਾਂ ਖਾਂਦੇ ਹਨ ਅਤੇ ਸਿਰਫ਼ ਝੂਠ ਬੋਲਦੇ ਹਨ। ਦਰਅਸਲ ਕੇਜਰੀਵਾਲ ਦੀਆਂ ਨਜ਼ਰਾਂ ਹੁਣ ਪੰਜਾਬ ਦੇ ਸੀ. ਐੱਮ. ਦੇ ਅਹੁਦੇ ’ਤੇ ਹਨ, ਇਸੇ ਲਈ ਉਨ੍ਹਾਂ ਨੇ ਆਪਣੀ ਪਤਨੀ ਨੂੰ ਮੈਦਾਨ ’ਚ ਉਤਾਰਿਆ ਹੈ। ਸੁਨੀਤਾ ਕੇਜਰੀਵਾਲ ਭਗਵੰਤ ਮਾਨ ਨੂੰ ਦਿਉਰ ਕਹਿ ਕੇ ਪ੍ਰਚਾਰ ਕਰ ਰਹੀ ਹੈ। ਅਸਲ ’ਚ ਇਹ ਸੁਨੀਤਾ ਕੇਜਰੀਵਾਲ ਨੂੰ ਲੋਕਾਂ ’ਚ ਜਾਣਿਆ-ਪਛਾਣਿਆ ਚਿਹਰਾ ਬਣਾਉਣ ਦਾ ਇੋਕ ਤਰੀਕਾ ਹੈ। ਤਾਂ ਜੋ ਕੱਲ੍ਹ ਨੂੰ ਉਨ੍ਹਾਂ ਨੂੰ ਸੀ. ਐੱਮ. ਅਹੁਦੇ ਲਈ ਅੱਗੇ ਲਿਆਂਦਾ ਜਾ ਸਕੇ। ਭਗਵੰਤ ਮਾਨ ਤਾਂ ਸਿਰਫ਼ ਇਕ ਜਰੀਆ ਹਨ। ਨਹੀਂ ਤਾਂ ਜੇਕਰ ਭਗਵੰਤ ਮਾਨ ’ਚ ਇੰਨਾ ਹੀ ਵਿਸ਼ਵਾਸ ਸੀ ਤਾਂ ਕੇਜਰੀਵਾਲ ਪਹਿਲਾਂ ਰਾਜਪਾਲ ਅਤੇ ਨਵਜੋਤ ਸਿੰਘ ਸਿੱਧੂ ਨਾਲ ਚਰਚਾਵਾਂ ਕਿਉਂ ਕਰਦੇ ਰਹੇ।
ਇਹ ਵੀ ਪੜ੍ਹੋ: ਆਰ. ਪੀ. ਸਿੰਘ ਦਾ ਵੱਡਾ ਦਾਅਵਾ, ਕੇਜਰੀਵਾਲ ਆਪਣੀ ਪਤਨੀ ਨੂੰ ਬਣਾਉਣਾ ਚਾਹੁੰਦੇ ਨੇ ਪੰਜਾਬ ਦੀ ਮੁੱਖ ਮੰਤਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
OP ਸੋਨੀ ਬੋਲੇ, ਵਪਾਰੀਆਂ ਦੇ ਸਾਰੇ ਮਸਲੇ ਚੰਨੀ ਸਰਕਾਰ ਨੇ ਹੱਲ ਕੀਤੇ, ਕੇਜਰੀਵਾਲ ਲਈ ਕੁਝ ਵੀ ਨਹੀਂ ਬਚਿਆ
NEXT STORY