ਚੰਡੀਗੜ੍ਹ : ਬੀਤੇ ਸਾਲ ਦਸੰਬਰ ਵਿਚ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਵਾਲ-ਵਾਲ ਬਚੀ ਭਾਜਪਾ ਨੂੰ ਹੁਣ ਰਾਜਸਥਾਨ ਅਤੇ ਪੱਛਮੀ ਬੰਗਾਲ ਦੇ 3 ਲੋਕ ਸਭਾ ਅਤੇ 2 ਵਿਧਾਨ ਸਭਾ ਹਲਕਿਆਂ ਦੀ ਉਪ-ਚੋਣ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਨਤੀਜਿਆਂ ਨੇ ਭਾਜਪਾ ਦੇ ਥਿੰਕ ਟੈਂਕ ਨੂੰ 2019 ਨੂੰ ਲੈ ਕੇ ਬਣਾਈ ਜਾ ਰਹੀ ਰਣਨੀਤੀ 'ਤੇ ਮੁੜ-ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਚੋਣ ਨਤੀਜਾ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੇ ਫਿਰ ਤੋਂ ਪਟੜੀ 'ਤੇ ਪਰਤਣ ਦਾ ਸੰਕੇਤ ਹੈ। ਕਾਂਗਰਸ 4 ਸਾਲ 'ਚ ਕੇਂਦਰ ਦੀ ਸੱਤਾ ਤੋਂ ਬਾਹਰ ਹੋਣ ਦੇ ਨਾਲ ਕਈ ਰਾਜਾਂ 'ਚ ਹਾਰ ਕੇ ਸੱਤਾ ਗੁਆ ਚੁੱਕੀ ਹੈ ਪਰ ਹੁਣ ਉਸ ਦਾ ਪ੍ਰਦਰਸ਼ਨ ਫਿਰ ਬਿਹਤਰ ਹੋਣ ਲੱਗਾ ਹੈ। ਭਾਜਪਾ ਨੂੰ ਮਿਲੀ ਹਾਰ ਕਾਂਗਰਸ ਲਈ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੈ। ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਟੀਮ ਦਾ ਉਤਸ਼ਾਹ ਇਨ੍ਹਾਂ ਨਤੀਜਿਆਂ ਨਾਲ ਵਧਿਆ ਹੈ।
ਅਲਵਰ ਵਿਚ ਜਿੱਤ ਦਾ ਫਰਕ 1,96,000 ਵੋਟਾਂ ਤੋਂ ਜ਼ਿਆਦਾ
ਲਗਭਗ ਡੇਢ ਮਹੀਨਾ ਪਹਿਲਾਂ ਗੁਜਰਾਤ 'ਚ ਭਾਜਪਾ ਆਪਣੀ ਸਰਕਾਰ ਬਰਕਰਾਰ ਰੱਖਣ 'ਚ ਚਾਹੇ ਸਫਲ ਰਹੀ ਪਰ 182 ਮੈਂਬਰੀ ਵਿਧਾਨ ਸਭਾ 'ਚ ਉਹ 100 ਤੋਂ ਘੱਟ ਸੀਟਾਂ 'ਤੇ ਸਿਮਟ ਗਈ ਸੀ। ਇਸ ਤੋਂ ਵੀ ਬੁਰੀ ਉਸ ਨਾਲ ਰਾਜਸਥਾਨ ਅਤੇ ਪੱਛਮੀ ਬੰਗਾਲ 'ਚ ਹੋਈ ਹੈ। ਰਾਜਸਥਾਨ ਦੀ ਅਜਮੇਰ ਅਤੇ ਅਲਵਰ ਲੋਕ ਸਭਾ ਸੀਟਾਂ ਅਤੇ ਮਾਂਢਲਗੜ੍ਹ ਵਿਧਾਨ ਸਭਾ ਸੀਟ ਦੀ ਉਪ ਚੋਣ ਵਿਚ ਕਾਂਗਰਸ ਦੇ ਹੱਥ ਬਾਜ਼ੀ ਲੱਗੀ ਹੈ। ਅਲਵਰ 'ਚ ਕਾਂਗਰਸੀ ਉਮੀਦਵਾਰ ਦੀ ਜਿੱਤ ਦਾ ਫਰਕ 1,96,000 ਵੋਟਾਂ ਤੋਂ ਜ਼ਿਆਦਾ ਦਾ ਰਿਹਾ ਹੈ। ਦੋਵਾਂ ਲੋਕ ਸਭਾ ਸੀਟਾਂ ਕਾਂਗਰਸ ਨੇ ਭਾਜਪਾ ਤੋਂ ਖੋਹੀਆਂ ਹਨ। ਭਾਜਪਾ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਰਾਜਸਥਾਨ ਦੀਆਂ ਸਾਰੀਆਂ 25 ਸੀਟਾਂ 'ਤੇ ਕਬਜ਼ਾ ਕੀਤਾ ਸੀ। ਹੁਣ ਜਿੱਤ ਨਾਲ ਰਾਜਸਥਾਨ ਤੋਂ ਕਾਂਗਰਸ ਦੇ ਵੀ 2 ਸੰਸਦ ਮੈਂਬਰ ਲੋਕ ਸਭਾ ਪਹੁੰਚ ਗਏ ਹਨ।
ਰਾਜਸਥਾਨ 'ਚ ਇਸ ਸਾਲ ਵਿਧਾਨ ਸਭਾ ਚੋਣਾਂ ਵੀ
ਰਾਜਸਥਾਨ 'ਚ ਇਸ ਸਾਲ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ ਅਤੇ ਜਿਵੇਂ ਨਤੀਜੇ ਇਸ ਉਪ ਚੋਣ ਵਿਚ ਦੇਖਣ ਨੂੰ ਮਿਲੇ ਹਨ, ਉਸ ਨਾਲ ਵਸੁੰਧਰਾ ਰਾਜੇ ਸਿੰਧੀਆ ਦਾ ਰਾਹ ਆਸਾਨ ਨਜ਼ਰ ਨਹੀਂ ਆਉਂਦਾ। ਰਾਜਨੀਤਕ ਵਿਸ਼ਲੇਸ਼ਕ ਇਸ ਚੋਣ ਨਤੀਜੇ ਨੂੰ ਸਿੰਧੀਆ ਸਰਕਾਰ ਦੇ ਰਿਪੋਰਟ ਕਾਰਡ ਦੇ ਤੌਰ 'ਤੇ ਵੇਖ ਰਹੇ ਹਨ।
ਤ੍ਰਿਣਮੂਲ ਕਾਂਗਰਸ ਦੀ ਵੱਡੇ ਫਰਕ ਨਾਲ ਜਿੱਤ
ਪੱਛਮੀ ਬੰਗਾਲ 'ਚ ਵੀ ਭਾਜਪਾ ਦੀ ਦੁਰਦਸ਼ਾ ਘੱਟ ਨਹੀਂ ਹੋਈ ਹੈ। ਉਲੂ ਬੇੜੀਆ ਲੋਕ ਸਭਾ ਅਤੇ ਨਾਓ ਪਾੜਾ ਵਿਧਾਨ ਸਭਾ ਸੀਟ ਦੀ ਉਪ ਚੋਣ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵੱਡੇ ਫਰਕ ਨਾਲ ਜਿੱਤਣ ਵਿਚ ਸਫਲ ਰਹੀ। ਉਲੂ ਬੇੜੀਆ ਵਿਚ ਤ੍ਰਿਣਮੂਲ ਦੀ ਸਜਦਾ ਅਹਿਮਦ ਨੇ ਭਾਜਪਾ ਦੇ ਅਨੁਪਮ ਮਲਿਕ ਨੂੰ 4,75,000 ਵੋਟਾਂ ਨਾਲ ਹਰਾਇਆ। ਅਜਿਹਾ ਹੀ ਹਾਲ ਨਾਓ ਪਾੜਾ ਵਿਧਾਨ ਸਭਾ ਹਲਕੇ ਵਿਚ ਭਾਜਪਾ ਦਾ ਹੋਇਆ ਹੈ। ਤ੍ਰਿਣਮੂਲ ਉਮੀਦਵਾਰ ਨੂੰ 1,11,000 ਤੋਂ ਜ਼ਿਆਦਾ ਜਦੋਂਕਿ ਭਾਜਪਾ ਉਮੀਦਵਾਰ ਨੂੰ ਸਿਰਫ਼ 38,711 ਵੋਟ ਮਿਲੇ।
ਬਜਟ 'ਚ ਕਿਸਾਨਾਂ ਨਾਲ ਸੰਬੰਧਤ ਐਲਾਨਾਂ ਦੇ ਬਾਵਜੂਦ ਉਸ ਨੂੰ ਲਾਗੂ ਕਰਨਾ ਮੁੱਖ ਚੁਣੌਤੀ
NEXT STORY