ਪਠਾਨਕੋਟ (ਸ਼ਾਰਦਾ) : ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਭਾਵੇਂ ਵਿਰੋਧੀ ਦਲ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿਚਾਲੇ ਸਿਆਸੀ ਜੰਗ ਦਾ ਨਾਂ ਦੇ ਰਹੇ ਹਨ ਪਰ ਫਿਰ ਵੀ ਕਾਂਗਰਸ ਪਾਰਟੀ ’ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਦੋ ਮਹੀਨੇ ਤੋਂ ਅੱਧੇ ਮਨ ਨਾਲ ਕੰਮ ਕਰ ਰਹੇ ਵਿਧਾਇਕ ਅਤੇ ਵਰਕਰ ਹੁਣ ਬਦਲ ਰਹੇ ਹਲਾਤਾਂ ਦੇ ਮੱਦੇਨਜ਼ਰ ਤੇਜ਼ੀ ਨਾਲ ਲੋਕਾਂ ਦੇ ਕੰਮ ਕਰਵਾਉਣ ’ਚ ਯਤਨਸ਼ੀਲ ਹਨ। ਇਸ ਕਾਰਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਵੀ ਆਪਣੀਆਂ ਸਰਗਰਮੀਆਂ ਪਹਿਲਾਂ ਹੀ ਤੇਜ਼ ਕਰ ਦਿੱਤੀਆਂ ਹਨ ਪਰ ਕੇਂਦਰ ’ਚ ਸੱਤਾਧਾਰੀ ਭਾਜਪਾ ਦੀ ਪੰਜਾਬ ਇਕਾਈ ਦੀਆਂ ਰਾਜਨੀਤਕ ਸਰਗਰਮੀਆਂ ਨੂੰ ਵੱਖ-ਵੱਖ ਕਾਰਨਾਂ ਕਾਰਨ ਗ੍ਰਹਿਣ ਲੱਗ ਗਿਆ ਹੈ। ਪਿਛਲੇ ਲਗਭਗ ਇਕ ਸਾਲ ਤੋਂ ਹੀ ਭਾਜਪਾ ਦੀਆਂ ਸਰਗਰਮੀਆਂ ਅਤੇ ਆਪਸੀ ਧੜੇਬੰਦੀ ਨੇ ਪਾਰਟੀ ਨੂੰ ਸਿਆਸੀ ਰੂਪ ’ਚ ਅੱਗੇ ਵਧਾਉਣ ’ਚ ਬਰੇਕ ਲਗਾਈ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦਾ ਪ੍ਰਧਾਨ ਬਣਦਿਆਂ ਵਿਵਾਦਾਂ ’ਚ ਘਿਰੇ ਸਿੱਧੂ, ਕਿਸਾਨ ਆਗੂਆਂ ਨੇ ਦੋ ਟੁੱਕ ’ਚ ਦਿੱਤੇ ਜਵਾਬ
ਅਕਾਲੀ ਦਲ ਤੋਂ ਵੱਖ ਹੋਣਾ ਤੇ ਕਿਸਾਨਾਂ ਦੇ ਤਿੱਖੇ ਤੇਵਰ ਅੰਦਰੂਨੀ ਖਿਚੋਤਾਣ ਵਧਾਉਣ ਵਾਲੇ
ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੇ ਬਰਾਬਰ 3 ’ਚੋਂ 2 ਲੋਕ ਸਭਾ ਸੀਟਾਂ ਜਿੱਤਣ ਤੋਂ ਬਾਅਦ ਭਾਜਪਾ ਰਾਜਨੀਤਕ ਬੁਲੰਦੀਆਂ ਵੱਲ ਜਾ ਰਹੀ ਸੀ। ਪਾਰਟੀ ਦੇ ਸੀਨੀਅਰ ਆਗੂਆਂ ਨੇ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਕਿ ਇਸ ਵਾਰ ਅੱਧੇ ਤੋਂ ਜ਼ਿਆਦਾ 59 ਸੀਟਾਂ ’ਤੇ ਉਹ ਲੜਨਗੇ ਅਤੇ ਮੁੱਖ ਮੰਤਰੀ ਆਪਣਾ ਬਣਾਉਣਗੇ ਕਿਉਂਕਿ ਅਕਾਲੀ ਦਲ ਸਿਰਫ 2 ਸੀਟਾਂ ਹੀ ਜਿੱਤ ਸਕਿਆ ਸੀ ਤੇ ਬੈਕਫੁੱਟ ’ਤੇ ਨਜ਼ਰ ਆ ਰਿਹਾ ਸੀ। ਕੋਰੋਨਾ ਕਾਲ ਦੌਰਾਨ ਅਜਿਹੀ ‘ਗ੍ਰਹਿ ਚਾਲ’ ਬਣੀ ਕਿ ਕਿਸਾਨ ਅੰਦੋਲਨ ਪੰਜਾਬ ਤੋਂ ਹੀ ਰਫਤਾਰ ਫੜਨ ’ਚ ਸਫਲ ਹੋ ਗਿਆ। ਭਾਜਪਾ ਦੇ ਸਥਾਨਕ ਆਗੂਆਂ ’ਚ ਇਸ ਗੱਲ ਦਾ ਰੋਸ ਹੈ ਕਿ ਸਥਾਨਕ ਆਗੂਆਂ ਨੇ ਕੇਂਦਰ ਨੂੰ ਇਸ ਦੀ ਗੰਭੀਰਤਾ ਬਾਰੇ ਸਹੀ ਢੰਗ ਨਾਲ ਨਹੀਂ ਦੱਸਿਆ। ਇਸੇ ਦਾ ਨਤੀਜਾ ਹੈ ਕਿ ਪਾਰਟੀ ’ਚ ਬਾਗੀ ਸੁਰ ਵਧਦੇ ਗਏ। ਸੂਬਾ ਜਨਰਲ ਸਕੱਤਰ ਕੰਗ ਅਸਤੀਫਾ ਦੇ ਕੇ ਪਾਰਟੀ ਤੋਂ ਕਿਨਾਰਾ ਕਰ ਗਏ ਅਤੇ ਅਨਿਲ ਜੋਸ਼ੀ ਨੂੰ ਪਾਰਟੀ ਲਾਈਨ ਤੋਂ ਹਟ ਕੇ ਕਿਸਾਨਾਂ ਦੇ ਹੱਕ ’ਚ ਬੋਲਣ ’ਤੇ ਪਾਰਟੀ ’ਚੋਂ ਕੱਢ ਦਿੱਤਾ ਗਿਆ। ਫਿਰ ਵੀ ਪਾਰਟੀ ਆਪਣੇ ਪੁਰਾਣੇ ਜੋ ਵਿਧਾਨ ਸਭਾ ਖੇਤਰ ਹਨ, ਉਥੇ ਅੰਦਰਖਾਤੇ ਹੌਲੀ-ਹੌਲੀ ਸਰਗਰਮੀਆਂ ਵਧਾ ਰਹੀ ਹੈ। ਕਾਡਰ ਨੂੰ ਮੋਬਲਾਈਜ਼ ਕਰਨਾ ਸ਼ੁਰੂ ਕੀਤਾ ਹੈ ਪਰ ਹਨੇਰੀ ਗੁਫਾ ਦਾ ਅੰਤ ਕਿੱਥੇ ਅਤੇ ਕਦੋਂ ਹੋਵੇਗਾ ਤੇ ਰੋਸ਼ਨੀ ਨਜ਼ਰ ਆਵੇਗੀ ਜਾਂ ਨਹੀਂ, ਕਿਹਾ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ : 15 ਅਗਸਤ ਨੂੰ ਦਫ਼ਤਰ ’ਚ ਲੱਗੇਗਾ ਸਿੱਧੂ ਦਾ ਬਿਸਤਰਾ, ਵਿਰੋਧੀਆਂ ਦਾ ਹੋਵੇਗਾ ਗੋਲ
ਭਾਜਪਾ ਆਗੂਆਂ ਦੀ ‘ਮ੍ਰਿਗ ਤ੍ਰਿਸ਼ਣਾ’, ਲੱਗ ਸਕਦੈ ਰਾਸ਼ਟਰਪਤੀ ਰਾਜ!
ਭਾਜਪਾ ਆਗੂ ਆਪਣੇ ਵਰਕਰਾਂ ਨੂੰ ਇਹ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ‘ਮੋਦੀ ਹੈ ਤਾਂ ਮੁਮਕਿਨ’ ਹੈ। ਕੇਂਦਰ ਸਰਕਾਰ ਕਿਸਾਨ ਅੰਦੋਲਨ ਦਾ ਅਗਲੇ ਇਕ-ਦੋ ਮਹੀਨਿਆਂ ਵਿਚ ਕੋਈ ਨਾ ਕੋਈ ਹੱਲ ਜ਼ਰੂਰ ਕੱਢੇਗੀ। ਉਸ ਤੋਂ ਬਾਅਦ ਪਾਰਟੀ ਨੂੰ ਖੁੱਲ੍ਹ ਕੇ ਰਾਜਨੀਤੀ ਕਰਨ ਦਾ ਮੌਕਾ ਮਿਲੇਗਾ। ਕੈਪਟਨ-ਸਿੱਧੂ ਲੜਾਈ ਨੂੰ ਵੀ ਪਾਰਟੀ ਆਪਣੇ ਹਿੱਤ ਵਿਚ ਮੰਨ ਰਹੀ ਹੈ। ਜੇਕਰ ਸਿੱਧੂ ਆਮ ਆਦਮੀ ਪਾਰਟੀ ਵਿਚ ਚਲੇ ਜਾਂਦੇ ਤਾਂ ਇਹ ਅਕਾਲੀ ਦਲ ਅਤੇ ਬੀ.ਜੇ.ਪੀ. ਲਈ ਕਾਂਗਰਸ ਤੋਂ ਜ਼ਿਆਦਾ ਘਾਤਕ ਹੁੰਦਾ। ਅਜਿਹੇ ਹਲਾਤਾਂ ਵਿਚ ਭਾਜਪਾ ਦੇ ਰਾਜਨੀਤਕ ਪੰਡਿਤ ਇਹ ਮੰਨ ਕੇ ਚਲ ਰਹੇ ਹਨ ਕਿ ਜੇਕਰ ਤੀਸਰੀ ਲਹਿਰ ਪ੍ਰਚੰਡ ਆਈ ਅਤੇ ਚੋਣਾਂ ਦਾ ਮੌਕਾ ਹੋਇਆ ਤਾਂ ਇਸ ਵਾਰ ਚੋਣ ਕਮਿਸ਼ਨ ਆਪਣੀ ਜੱਗ ਹਸਾਈ ਕਰਵਾਉਣ ਦੀ ਬਜਾਏ ਚੋਣਾਂ ਅੱਗੇ ਖਿਸਕਾਏਗਾ, ਜਿਸ ਨਾਲ ਰਾਸ਼ਟਰਪਤੀ ਰਾਜ ਦੀ ਸਥਿਤੀ ਆ ਸਕਦੀ ਹੈ ਤੇ ਭਾਜਪਾ ਨੂੰ ਆਪਣੀ ਰਾਜਨੀਤਕ ਤਿਆਰੀ ਕਰਨ ਦਾ ਮੌਕਾ ਮਿਲ ਜਾਵੇਗਾ। ਪਾਰਟੀ ਅਜੇ ਵੀ ਇਹ ਮੰਨ ਕੇ ਚੱਲ ਰਹੀ ਹੈ ਕਿ ਅਕਾਲੀ ਦਲ ਨੂੰ ਲੈ ਕੇ ਬਹੁਤ ਹਮਲਾਵਰ ਨਹੀਂ ਹੋਣਾ ਚਾਹੀਦਾ। ਕਿਸੇ ਮੋੜ ’ਤੇ ਦੁਬਾਰਾ ਮੁਲਾਕਾਤ ਹੋ ਸਕਦੀ ਹੈ। ਹਿੰਦੂਆਂ ਅਤੇ ਸਿੱਖਾਂ ਦੇ ਰਿਸ਼ਤੇ ਨੂੰ ਮਜ਼ਬੂਤ ਕਰਨਾ ਵੀ ਪਾਰਟੀ ਇਕ ਮੂਲ-ਮੰਤਰ ਮੰਨ ਕੇ ਚੱਲ ਰਹੀ ਹੈ। ਅਜਿਹੀ ਗੱਲ ਸੁਣ ਕੇ ਪਾਰਟੀ ਦੇ ਵਰਕਰ ਉਤਸ਼ਾਹਿਤ ਹੁੰਦੇ ਹਨ ਪਰ ਕਿਸਾਨਾਂ ਦੇ ਰੁਖ ਨੂੰ ਦੇਖਦੇ ਹੋਏ ਅਤੇ ਲੋਕਾਂ ਵਿਚ ਪਾਰਟੀ ਦੇ 2022 ਵਿਚ ਹੋਣ ਵਾਲੇ ਨਤੀਜਿਆਂ ਦੇ ਵਿਚਾਰਾਂ ਨੂੰ ਸੁਣ ਕੇ ਵਰਕਰ ਫਿਰ ਤੋਂ ਠੰਡੇ ਪੈ ਜਾਂਦੇ ਹਨ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਅਹਿਮ ਖ਼ਬਰ : ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਗੇ ਸਾਬਕਾ MP ਦੇ ਸਪੁੱਤਰ 'ਗੁਰਮੀਤ ਸਿੰਘ ਖੁੱਡੀਆਂ'
NEXT STORY