ਮਮਦੋਟ(ਸੰਜੀਵ, ਧਵਨ)-ਜਿਥੇ ਸੂਬਾ ਸਰਕਾਰ ਨਸ਼ਿਆਂ ਉੱਪਰ ਸਖਤੀ ਨਾਲ ਠੱਲ੍ਹ ਪਾਉਣ ਦੀਆਂ ਸਖਤ ਕੋਸ਼ਿਸ਼ਾਂ ਕਰ ਰਹੀ ਹੈ, ਉਥੇ ਇਸ ਮੁਹਿੰਮ ਦੀ ਆਡ਼ ’ਚ ਪਿੰਡ ਲੱਖੋ ਕੇ ਬਹਿਰਾਮ ਵਿਖੇ ਮੈਡੀਕਲ ਸਟੋਰਾਂ ਖਿਲਾਫ ਇਕ ਨੌਜਵਾਨ ਸਭਾ ਦਾ ਆਗੂ ਸੋਸ਼ਲ ਮੀਡੀਆ ਰਾਹੀਂ ਕਥਿਤ ਪ੍ਰਚਾਰ, ਦੁਕਾਨਾਂ ਅੱਗੇ ਧਰਨੇ ਅਤੇ ਕਿਸੇ ਝੂਠੀ ਕਾਰਵਾਈ ਵਿਚ ਫਸਾਉਣ ਦੇ ਬਦਲੇ ਮੋਟੀਆਂ ਰਕਮਾਂ ਵਸੂਲਣ ਦੇ ਕਥਿਤ ਦੋਸ਼ਾਂ ’ਚ ਘਿਰਦਾ ਨਜ਼ਰ ਆ ਰਿਹਾ ਹੈ। ਇਕ ਪਾਸੇ ਨੌਜਵਾਨ ਸਭਾ ਦੇ ਪ੍ਰਧਾਨ ਨੇ ਬਲੈਕਮੇਲ ਕਰਨ ਦੇ ਦੋਸ਼ਾਂ ਤੋਂ ਭਾਵੇਂ ਸਾਫ ਇਨਕਾਰ ਕਰ ਦਿੱਤਾ ਹੈ ਪਰ ਦੂਸਰੇ ਪਾਸੇ ਉਕਤ ਮੈਡੀਕਲ ਸਟੋਰ ਸੰਚਾਲਕਾਂ ਨੇ ਕਾਲ ਰਿਕਾਰਡਿੰਗਾਂ ਵਰਗੇ ਮੌਜੂਦ ਸਬੂਤਾਂ ਦੇ ਅਾਧਾਰ ’ਤੇ ਆਪਣੀ ਕਾਨੂੰਨੀ ਕਾਰਵਾਈ ਲਈ ਜ਼ਿਲਾ ਪੁਲਸ ਮੁਖੀ, ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਤੋਂ ਇਲਾਵਾ ਮਾਣਯੋਗ ਹਾਈ ਕੋਰਟ ’ਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।
ਕੀ ਕਹਿੰਦੇ ਹਨ ਮੈਡੀਕਲ ਸਟੋਰ ਸੰਚਾਲਕ
ਦਵਾਈ ਵਿਕਰੇਤਾ ਪ੍ਰਿੰਸ ਕੁਮਾਰ, ਹੈਪੀ ਕਟਾਰੀਆ ਅਤੇ ਸੁਰਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਨਿਯਮਾਂ ਅਨੁਸਾਰ ਉਨ੍ਹਾਂ ਦੇ ਲੱਖੋ ਕੇ ਬਹਿਰਾਮ ’ਚ ਕੈਮਿਸਟ ਸਟੋਰ ਮਨਜ਼ੂਰਸ਼ੁਦਾ ਹਨ, ਜਿਨ੍ਹਾਂ ’ਚ ਸਿਫਾਰਸ਼ ਕੀਤੀਆਂ ਦਵਾਈਆਂ, ਗੋਲੀਆਂ ਆਦਿ ਦੀ ਬਿੱਲ ਸਣੇ ਵਿਕਰੀ ਕੀਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਨੌਜਵਾਨ ਸਭਾ ਦੇ ਪ੍ਰਧਾਨ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਕਾਰੋਬਾਰ ਨੂੰ ਪ੍ਰਭਾਵਿਤ ਕਰਨ ਲਈ ਕਥਿਤ ਤੌਰ ’ਤੇ ਕਈ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਮੋਬਾਇਲ ਰਾਹੀਂ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਮਜਬੂਰਨ ਦੱਸ ਦਿਨਾਂ ਤੋਂ ਦੁਕਾਨਾਂ ਬੰਦ ਕਰਨੀਆਂ ਪਈਆਂ ਹਨ। ਦੋਸ਼ਾਂ ’ਚ ਉਨ੍ਹਾਂ ਕਿਹਾ ਹੈ ਕਿ ਕਾਰੋਬਾਰ ਨੂੰ ਬਰਬਾਦ ਕਰਨ ਲਈ ਉਕਤ ਪ੍ਰਧਾਨ ਵੱਲੋਂ 15 ਲੱਖ ਰੁਪਏ ਦੀ ਮੰਗ ਕਰ ਕੇ ਬਲੈਕਮੇਲ ਕੀਤਾ ਜਾ ਰਿਹਾ ਹੈ, ਜਿਸ ਦੀਆਂ ਸਾਰੀਆਂ ਰਿਕਾਰਡਿੰਗਾਂ ਮੌਜੂਦ ਹਨ। ਜੇਕਰ ਨਸ਼ੇ ਵਰਗੇ ਮੁੱਦੇ ਨੂੰ ਲੈ ਕੇ ਇਨ੍ਹਾਂ ਨੂੰ ਸ਼ਿਕਾਇਤ ਸੀ ਤਾਂ ਸਾਡੇ ਖਿਲਾਫ ਪੁਲਸ ਅਤੇ ਸਿਹਤ ਵਿਭਾਗ ਨੂੰ ਲਿਖਤੀ ਸ਼ਿਕਾਇਤ ਕਰਦੇ ਪਰ ਸੋਸ਼ਲ ਮੀਡੀਆ ਰਾਹੀਂ ਕੂਡ਼ ਪ੍ਰਚਾਰ ਕਰ ਕੇ ਸਾਡੇ ਕਾਰੋਬਾਰ ਅਤੇ ਨਾਂ ’ਤੇ ਸੱਟ ਮਾਰੀ ਜਾ ਰਹੀ ਹੈ। ਪੁਲਸ ਵਿਭਾਗ ਕੋਲ ਸ਼ਿਕਾਇਤ ਕਰਨ ਦੀ ਬਜਾਏ ਕਥਿਤ ਵਿਚੋਲਿਆਂ ਰਾਹੀਂ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੈਮਿਸਟਾਂ ਦਾ ਕਹਿਣਾ ਹੈ ਕਿ ਪਿੰਡ ਦੀ ਪੰਚਾਇਤ ਤੇ ਹੋਰ ਮੋਹਤਬਰਾਂ ਨੇ ਉੱਚ ਅਧਿਕਾਰੀਆਂ ਨੂੰ ਸਾਡੇ ਸਹੀ ਕੰਮ ਕਰਨ ਦਾ ਪੰਚਾਇਤਨਾਮਾ ਵੀ ਲਿਖ ਕੇ ਦਿੱਤਾ ਹੈ। ਉਨ੍ਹਾਂ ਪੁਲਸ ਵਿਭਾਗ ਤੋਂ ਇਸ ਕਥਿਤ ਬਲੈਕਮੇਲ ਕਰਨ ਵਾਲੇ ਪ੍ਰਧਾਨ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕੀ ਕਹਿਣਾ ਹੈ ਨੌਜਵਾਨ ਸਭਾ ਦੇ ਪ੍ਰਧਾਨ ਦਾ
ਨੌਜਵਾਨ ਸਭਾ ਦੇ ਪ੍ਰਧਾਨ ਨੌਨਿਹਾਲ ਸਿੰਘ ਨੇ ਕਿਹਾ ਕਿ ਮੇਰੇ ’ਤੇ ਬਲੈਕਮੇਲ ਕਰਨ ਦੇ ਲਾਏ ਸਾਰੇ ਦੋਸ਼ ਬੇ-ਬੁਨਿਆਦ ਹਨ। ਸਾਡੀ ਨੌਜਵਾਨ ਸਭਾ ਹਮੇਸ਼ਾ ਹੀ ਨਸ਼ਿਆਂ ਖਿਲਾਫ ਡੱਟ ਕੇ ਖਡ਼੍ਹੀ ਹੈ ਤੇ ਸੋਸ਼ਲ ਮੀਡੀਆ ਰਾਹੀਂ ਅਸੀਂ ਆਪਣੀ ਅਾਵਾਜ਼ ਬੁਲੰਦ ਕੀਤੀ ਹੈ। ਜ਼ਿਲਾ ਪੁਲਸ ਮੁਖੀ ਪ੍ਰੀਤਮ ਸਿੰਘ ਨੇ ਕਿਹਾ ਕਿ ਉਕਤ ਮੈਡੀਕਲ ਸੰਚਾਲਕਾਂ ਵੱਲੋਂ ਭੇਜੀ ਲਿਖਤੀ ਸ਼ਿਕਾਇਤ ’ਤੇ ਮਾਮਲੇ ਦੀ ਪਡ਼ਤਾਲ ਕਰ ਕੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਕੂਡ਼ੇ ਦੇ ਢੇਰਾਂ ਤੋਂ ਮੁਹੱਲਾ ਵਾਸੀ ਪ੍ਰੇਸ਼ਾਨ
NEXT STORY