ਬੁਢਲਾਡਾ (ਮਨਜੀਤ) : ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਹਲਕਾ ਬੁਢਲਾਡਾ ਵਿਚ ਇਕ ਵਿਸ਼ਾਲ ਰੈਲੀ ਕੀਤੀ ਗਈ। ਇਸ ਦੌਰਾਨ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਰਾ ਬਿਆਸ ਨਾਲ ਬੁੱਧਵਾਰ ਨੂੰ ਕੀਤੀ ਮੁਲਾਕਾਤ 'ਤੇ ਬੋਲਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਡੇਰਾ ਬਿਆਸ ਮੁਖੀ ਨਾਲ ਮਿਲਣਾ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਦਾ ਹੈ। ਇਸ ਲਈ ਹੁਣ ਇਸ ਗੱਲ ਦਾ ਜਵਾਬ ਵੀ ਕਾਂਗਰਸ ਪ੍ਰਧਾਨ ਜਾਖੜ ਅਤੇ ਮੰਤਰੀ ਸੁੱਖੀ ਰੰਧਾਵਾ ਹੀ ਦੇ ਸਕਦੇ ਹਨ। ਅਕਾਲੀ ਦਲ ਦੇ ਚੋਣ ਮੈਨੀਫੈਸਟੋ ਸਬੰਧੀ ਪੁੱਛੇ ਸਵਾਲ ਦੇ ਇਕ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਸੀਂ ਐੱਨ.ਡੀ.ਏ ਦਾ ਹਿੱਸਾ ਹਾਂ ਜੋ ਵੀ ਕੇਂਦਰੀ ਲੀਡਰਸ਼ਿੱਪ ਚੋਣ ਮਨੋਰਥ ਪੱਤਰ ਤਿਆਰ ਕਰੇਗੀ, ਉਸ ਦਾ ਸਤਿਕਾਰ ਕੀਤਾ ਜਾਵੇਗਾ।
ਇਸ ਦੌਰਾਨ ਰਾਹੁਲ ਗਾਂਧੀ ਵੱਲੋਂ ਆਪਣੇ ਜੱਦੀ ਹਲਕੇ ਨੂੰ ਛੱਡ ਕੇ ਕਿਸੇ ਹੋਰ ਹਲਕੇ ਤੋਂ ਕਾਗਜ਼ ਦਾਖਲ ਕਰਨ ਦੇ ਮਾਮਲੇ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਹ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਅੱਜ ਦੀ ਘੜੀ ਕਾਂਗਰਸ ਨੂੰ ਹਰ ਪਾਸੇ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਹਲਕੇ 'ਤੇ ਤੁਸੀਂ ਜੱਦੀ ਪੁਸ਼ਤੀ ਕਾਬਜ਼ ਰਹੇ ਹੋਵੋਂ। ਉਸ ਹਲਕੇ ਦੇ ਲੋਕਾਂ 'ਤੇ ਵਿਸ਼ਵਾਸ਼ ਨਾ ਰੱਖਣਾ ਵੀ ਉੱਥੋਂ ਦੇ ਲੋਕਾਂ ਨਾਲ ਧੋਖਾ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਪ੍ਰਿਯੰਕਾ ਗਾਂਧੀ ਨੂੰ ਜਾਣ-ਬੁੱਝ ਕੇ ਇੰਦਰਾ ਗਾਂਧੀ ਦੇ ਰੂਪ ਵਿਚ ਪੇਸ਼ ਕਰਨਾ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਨ ਬਰਾਬਰ ਹੈ, ਕਿਉਂਕਿ ਇੰਦਰਾ ਗਾਂਧੀ ਵੱਲੋਂ ਹਰਿਮੰਦਰ ਸਾਹਿਬ 'ਤੇ ਕੀਤੇ ਗਏ ਹਮਲੇ ਨੂੰ ਅਜੇ ਤੱਕ ਕੋਈ ਨਹੀਂ ਭੁਲਾ ਸਕਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਹਮਾਇਤੀ ਪਾਰਟੀ ਹੈ, ਜਿਸ ਨੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਬਿਜਲੀ ਬਿੱਲ ਮੁਆਫ ਕਰਨਾ, ਆਟਾ ਦਾਲ, ਸ਼ਗਨ ਸਕੀਮ ਅਕਾਲੀ-ਭਾਜਪਾ ਸਰਕਾਰ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਨਤਕ ਸਹੂਲਤਾਂ ਅਤੇ ਦੇਸ਼ ਭਰ ਅੰਦਰ ਲਗਾਏ ਨਵੇਂ ਪ੍ਰੋਜੈਕਟਾਂ ਨੇ ਦੇਸ਼ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ ਹੈ, ਜਿਸ ਕਰਕੇ ਲੋਕ ਮੁੜ ਤੋਂ ਅਜਿਹੀ ਸਰਕਾਰ ਹੀ ਦੇਖਣਾ ਚਾਹੁੰਦੇ ਹਨ। ਇਸ ਮੌਕੇ ਪਰਮਬੰਸ ਸਿੰਘ ਬੰਟੀ ਰੋਮਾਣਾ, ਡਾ. ਨਿਸ਼ਾਨ ਸਿੰਘ ਆਦਿ ਆਗੂ ਮੌਜੂਦ ਸਨ।
ਸਿਰਲੱਥ ਖਾਲਸਾ ਨੇ ਫੜਵਾਇਆ ਤੰਬਾਕੂ ਵੇਚਣ ਵਾਲਾ ਦੁਕਾਨਦਾਰ
NEXT STORY