ਬਾਘਾਪੁਰਾਣਾ, (ਚਟਾਨੀ)- ਨਵੰਬਰ ਮਹੀਨੇ ਦੇ ਪਹਿਲੇ 10 ਦਿਨਾਂ ਦੇ ਧੁੰਏਂ ਦੇ ਗੁਬਾਰ ਦੇ ਸਤਾਏ ਲੋਕਾਂ ਨੂੰ ਹੁਣ ਸੰਘਣੀ ਧੁੰਦ ਪ੍ਰੇਸ਼ਾਨ ਕਰ ਰਹੀ ਹੈ, ਜਿੱਥੇ ਧੁੰਦ ਅਤੇ ਠੰਡ ਕਾਰਨ ਸਕੂਲੀ ਬੱਚੇ ਸਮੇਂ ਤੋਂ ਪਛੜ ਰਹੇ ਹਨ, ਉੱਥੇ ਹੀ ਦੂਰ-ਦੁਰਾਡਿਓਂ ਆਉਣ ਵਾਲੇ ਅਧਿਆਪਕਾਂ ਦਾ ਸਕੂਲ ਪੁੱਜਣ 'ਚ ਪਛੜੇਵਾਂ ਵਧਿਆ ਹੈ। ਧੁੰਦ ਕਾਰਨ ਲੋਕਾਂ ਦੇ ਆਮ ਜਨ-ਜੀਵਨ ਨੂੰ ਡਾਹਢੀ ਢਾਹ ਲੱਗੀ ਹੈ। ਟਰੱਕ ਅਤੇ ਟੈਂਪੂ ਚਾਲਕਾਂ ਦੀਆਂ ਦਿੱਕਤਾਂ 'ਚ ਵਾਧਾ ਦਰਜ ਹੋਇਆ ਹੈ, ਜਿੱਥੇ ਵਾਹਨਾਂ ਦੇ ਦੁਰਘਟਨਾਵਾਂ ਗ੍ਰਸਤ ਹੋਣ ਦੀਆਂ ਖਬਰਾਂ ਹਨ, ਉੱਥੇ ਹੀ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ।
ਗੁਆਂਢੀ ਸੂਬਿਆਂ 'ਚੋਂ ਫਲ, ਸਬਜ਼ੀਆਂ ਅਤੇ ਦੁੱਧ ਆਦਿ ਢੋਹਣ ਵਾਲੇ ਵਾਹਨਾਂ ਦੇ ਚਾਲਕਾਂ ਭੋਲਾ ਸਿੰਘ, ਮੇਜਰ ਸਿੰਘ, ਕੇਵਲ ਸੰਘਾ ਅਤੇ ਸੂਬਾ ਸਿੰਘ ਨੇ ਦੱਸਿਆ ਕਿ ਇਕ ਦਿਨ ਅਤੇ ਇਕ ਰਾਤ 'ਚ ਨਿਬੜਨ ਵਾਲਾ ਕੰਮ ਹੁਣ ਧੁੰਦ ਦੇ ਕਹਿਰ ਕਾਰਨ ਤਿੰਨ ਦਿਨਾਂ ਵਿਚ ਨਿਬੜਦਾ ਹੈ ਕਿਉਂਕਿ ਰਾਤ ਸਮੇਂ ਵਾਹਨ ਕੀੜੀ ਦੀ ਤੋਰ ਤੁਰਦਾ ਹੈ, ਜਦਕਿ ਦਿਨ ਵੇਲੇ ਵੀ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹੀ ਗੱਡੀ ਚੱਲਦੀ ਹੈ। ਸਬਜ਼ੀ ਅਤੇ ਫਲ ਵਿਕਰੇਤਾਵਾਂ ਨੇ ਦੱਸਿਆ ਕਿ ਢੁਕਵੇਂ ਸਮੇਂ ਤੋਂ ਸਾਮਾਨ ਦਾ ਮੰਜ਼ਿਲ ਤੱਕ ਨਾ ਪੁੱਜਣਾ ਕੀਮਤਾਂ 'ਚ ਵਾਧੇ ਹੋਣ ਦਾ ਵੱਡਾ ਕਾਰਨ ਹੈ।
ਮਟਰ, ਗਾਜਰ ਅਤੇ ਟਮਾਟਰ ਆਦਿ ਦੇ ਭਾਅ ਦੁੱਗਣੇ ਹੋਣ ਕਾਰਨ ਗ੍ਰਾਹਕਾਂ ਦਾ ਸਬਜ਼ੀਆਂ ਦੀ ਖਰੀਦ ਤੋਂ ਮੋਹ ਭੰਗ ਹੋ ਗਿਆ ਹੈ। ਆਮ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿੰਡਾਂ 'ਚੋਂ ਆਉਣ ਵਾਲੇ ਗਾਹਕਾਂ ਦੀ ਆਮਦ ਧੁੰਦ ਕਾਰਨ ਬਹੁਤ ਘੱਟ ਹੈ ਅਤੇ ਪੇਂਡੂ ਗਾਹਕਾਂ ਉਪਰਲੀ ਵਧੇਰੇ ਨਿਰਭਰਤਾ ਕਾਰਨ ਹੁਣ ਉਨ੍ਹਾਂ ਦਾ ਕਾਰੋਬਾਰ ਅੱਧ ਤੋਂ ਵੀ ਘੱਟ ਰਹਿ ਗਿਆ ਹੈ।
ਕੁਲ ਮਿਲਾ ਕੇ ਧੁੰਏਂ ਤੋਂ ਬਾਅਦ ਹੁਣ ਧੁੰਦ ਨੇ ਬਹੁ-ਗਿਣਤੀ ਲੋਕਾਂ ਦੇ ਆਮ ਜਨ-ਜੀਵਨ 'ਤੇ ਮਾਰੂ ਪ੍ਰਭਾਵ ਪਾਇਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਜੇ ਧੁੰਦ ਦੇ ਕਹਿਰ ਤੋਂ ਛੁਟਕਾਰਾ ਸੰਭਵ ਨਹੀਂ।
ਮ੍ਰਿਤਕ ਵਿਅਕਤੀ ਦੇ ਨਾਂ 'ਤੇ ਧੋਖਾਦੇਹੀ ਦੇ ਦੋਸ਼ 'ਚ 3 ਨਾਮਜ਼ਦ, 1 ਗ੍ਰਿਫ਼ਤਾਰ
NEXT STORY