ਹੁਸ਼ਿਆਰਪੁਰ, (ਜ.ਬ.)- ਨਹਿਰੀ ਵਿਭਾਗ ਅਧੀਨ ਆਉਂਦੀ ਜ਼ਮੀਨ ਸਬੰਧੀ ਮਿਲਣ ਵਾਲੀ ਰਾਸ਼ੀ ਹੜੱਪਣ ਲਈ ਮ੍ਰਿਤਕ ਦੀ ਥਾਂ 'ਤੇ ਆਪਣੇ ਚਾਚੇ ਨੂੰ ਭੇਜ ਕੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਐੱਨ. ਆਰ. ਆਈ. ਦੀ ਪੁਲਸ ਨੇ ਦੋਸ਼ੀ, ਪਿੰਡ ਦੀ ਸਾਬਕਾ ਸਰਪੰਚ ਅਤੇ ਨੰਬਰਦਾਰ ਸਮੇਤ 3 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਸ ਨੇ ਦੋਸ਼ੀ ਨੰਬਰਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵਰਣਨਯੋਗ ਹੈ ਕਿ ਥਾਣਾ ਐੱਨ. ਆਰ. ਆਈ. ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਐੱਨ. ਆਰ. ਆਈ. ਦੋ ਸਕੇ ਭਰਾਵਾਂ ਗੁਰਦਿਆਲ ਸਿੰਘ ਤੇ ਕੁਲਵੰਤ ਸਿੰਘ ਪੁੱਤਰਾਨ ਮਲੂਕਾ ਸਿੰਘ, ਜੋ ਕਿ ਇਸ ਸਮੇਂ ਯੂ. ਕੇ. 'ਚ ਰਹਿੰਦੇ ਹਨ, ਨੇ ਆਈ. ਜੀ. ਈਸ਼ਵਰ ਸਿੰਘ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਮੂਲ ਰੂਪ 'ਚ ਥਾਣਾ ਮਾਹਿਲਪੁਰ ਅਧੀਨ ਆਉਂਦੇ ਪਿੰਡ ਕੁੱਕੜਾਂ ਦੇ ਵਾਸੀ ਹਨ। ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਦੇ ਪਿਤਾ ਮਲੂਕ ਸਿੰਘ ਉਰਫ ਮਲੂਕਾ ਦੀ ਮੌਤ 25 ਮਈ 1990 ਨੂੰ ਹੋ ਗਈ ਸੀ। ਸ਼ਿਕਾਇਤਕਰਤਾ ਪੱਖ ਦੀ ਕੁਝ ਜ਼ਮੀਨ ਨਹਿਰ ਵਿਚ ਆ ਗਈ ਸੀ, ਜਿਸ ਦਾ ਮੁਆਵਜ਼ਾ ਵੀ ਦਿੱਤਾ ਗਿਆ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲਣ ਵਾਲੀ ਮੁਆਵਜ਼ਾ ਰਾਸ਼ੀ ਨੂੰ ਉਨ੍ਹਾਂ ਦੇ ਪਿੰਡ ਕੁੱਕੜਾਂ ਵਾਸੀ ਗੁਰਮੁਖ ਸਿੰਘ ਨੇ ਆਪਣੇ ਚਾਚੇ ਪ੍ਰੀਤਮ ਸਿੰਘ ਉਰਫ ਪ੍ਰੀਤਾ ਨੂੰ ਮਲੂਕ ਸਿੰਘ ਉਰਫ ਮਲੂਕਾ ਬਣਾ ਕੇ ਖਾਤਾ ਖੁਲ੍ਹਵਾ ਲਿਆ ਤੇ ਮੁਆਵਜ਼ੇ ਵਜੋਂ ਮਿਲੀ 1 ਲੱਖ 31 ਹਜ਼ਾਰ 500 ਰੁਪਏ ਦੀ ਰਾਸ਼ੀ ਸਬੰਧਤ ਵਿਭਾਗ ਢੋਲਵਾਹਾ ਨਿਰਮਾਣ ਡੈਮ ਖੇਤਰ ਹੁਸ਼ਿਆਰਪੁਰ ਕੋਲੋਂ ਕੈਸ਼ ਕਰਵਾ ਲਈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦਾ ਦੋਸ਼ ਸੀ ਕਿ ਪਿੰਡ ਦੀ ਸਾਬਕਾ ਮਹਿਲਾ ਸਰਪੰਚ ਗੁਰਮੀਤ ਕੌਰ ਨੇ ਪ੍ਰੀਤਮ ਸਿੰਘ ਉਰਫ ਪ੍ਰੀਤਾ ਨੂੰ ਮਲੂਕ ਸਿੰਘ ਉਰਫ ਮਲੂਕਾ ਸਾਬਤ ਕਰਨ ਲਈ ਜਾਅਲੀ ਪ੍ਰਮਾਣ ਪੱਤਰ ਦਿੱਤਾ, ਜਦਕਿ ਨੰਬਰਦਾਰ ਨੰਦ ਸਿੰਘ ਨੇ ਇਸ ਨੂੰ ਤਸਦੀਕ ਕਰਨ ਲਈ ਗਵਾਹੀ ਪਾਈ ਸੀ ਅਤੇ ਵਿਭਾਗ ਦੇ ਰਜਿਸਟਰ 'ਤੇ ਦਸਤਖ਼ਤ ਵੀ ਕੀਤੇ ਸਨ।
ਉਨ੍ਹਾਂ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਪ੍ਰੀਤਮ ਸਿੰਘ ਦਾ ਵੀ ਦਿਹਾਂਤ ਹੋ ਗਿਆ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਤਿੰਨਾਂ ਦੋਸ਼ੀਆਂ ਖਿਲਾਫ਼ ਧਾਰਾ 420, 465, 467, 471, 120-ਬੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਨੰਬਰਦਾਰ ਨੰਦ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਹੈ, ਜਿਥੋਂ ਮਾਣਯੋਗ ਅਦਾਲਤ ਨੇ ਦੋਸ਼ੀ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜਣ ਦੇ ਹੁਕਮ ਦਿੱਤੇ ਹਨ।
ਮੰਗਾਂ ਨਾ ਮੰਨੇ ਜਾਣ ਤੋਂ ਭੜਕੇ ਸਿਹਤ ਮੁਲਾਜ਼ਮ
NEXT STORY