ਚੰਡੀਗੜ੍ਹ,(ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਕੋਲ ਮੰਗ ਰੱਖੀ ਹੈ ਕਿ ਵਾਰ-ਵਾਰ ਆਉਂਦੇ ਹੜ੍ਹਾਂ ਨੂੰ ਰੋਕਣ ਲਈ ਵਿਆਪਕ ਪੱਧਰ ’ਤੇ ਠੋਸ ਯੋਜਨਾ ਉਲੀਕੀ ਜਾਵੇ ਕਿਉਂਕਿ ਇਨ੍ਹਾਂ ਹੜ੍ਹਾਂ ਨਾਲ ਸੂਬੇ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਮੁੱਖ ਮੰਤਰੀ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰਾ ਸਿੰਘ ਸ਼ੇਖਾਵਤ ਨੂੰ ਮਿਲ ਕੇ ਇਹ ਮੁੱਦਾ ਚੁੱਕਦਿਆ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹਾਂ ਦੀ ਰੋਕਥਾਮ ਲਈ ਠੋਸ ਤੇ ਕਾਰਗਾਰ ਤਰੀਕਾ ਲੱਭੇ। ਜਿਸ ਨਾਲ ਸੂਬਾ ਹਰ ਸਾਲ ਹੁੰਦੇ ਕਰੋੜਾਂ ਰੁਪਏ ਦੇ ਨੁਕਸਾਨ ਤੋਂ ਬਚ ਸਕੇ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਸੂਬੇ ਵਿਚਲੇ ਹੜ੍ਹਾਂ ਦੇ ਕਾਰਨਾਂ ਬਾਰੇ ਜਾਣੂ ਕਰਵਾਇਆ ਹੈ ਤੇ ਸੂਬਾ ਹਰ ਸਾਲ ਇੰਨਾ ਵੱਡਾ ਨੁਕਸਾਨ ਝੱਲਣ ਦੀ ਹਾਲਤ ’ਚ ਨਹੀਂ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਹੜ੍ਹਾਂ ਦੀ ਰੋਕਥਾਮ ਦੇ ਕਈ ਸੁਝਾਅ ਦਿੱਤੇ ਹਨ ਜਿਵੇਂ ਕਿ ਦਰਿਆਵਾ ’ਚੋਂ ਗਾਰ, ਰੇਤਾ ਆਦਿ ਦੀ ਸਫਾਈ ਕਰਨੀ, ਪਾਣੀ ਦੇ ਡੈਮਾਂ ਦਾ ਨਿਰਮਾਣ ਕਰਨਾ, ਜਿਸ ਨਾਲ ਵਾਧੂ ਪਾਣੀ ਸਟੋਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਇਹ ਕੇਂਦਰੀ ਮੰਤਰਾਲੇ ਉਪਰ ਹੈ ਕਿ ਉਨ੍ਹਾਂ ਨੇ ਭਵਿੱਖ ’ਚ ਅਜਿਹੇ ਸੰਕਟ ਤੋਂ ਬਚਣ ਲਈ ਕੀ ਰਾਹ ਲੱਭਣਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹੜ੍ਹਾਂ ਦੇ ਹਾਲਾਤਾਂ ’ਚ ਉਨ੍ਹਾਂ ਦੀ ਸਰਕਾਰ ਵਲੋਂ ਲੋਕਾਂ ਦੀ ਜ਼ਿੰਦਗੀ ਬਚਾਉਣਾ ਸਭ ਤੋਂ ਵੱਡੀ ਪਹਿਲ ਹੈ। ਉਨ੍ਹਾਂ ਇਸ ਗੱਲ ’ਤੇ ਚਿੰਤਾ ਪ੍ਰਗਟਾਈ ਕੀ ਪੰਜਾਬ ਦੇ ਕਈ ਪਿੰਡ ਪਾਣੀ ’ਚ ਡੁੱਬੇ ਪਏ ਹਨ। ਪਸ਼ੂ-ਧਨ ਦੇ ਨੁਕਸਾਨ ਤੋਂ ਇਲਾਵਾ 1.72 ਲੱਖ ਏਕੜ ਤੋਂ ਵੱਧ ਰਕਬੇ ’ਚ ਫਸਲਾਂ ਦਾ ਨੁਕਸਾਨ ਹੋਇਆ ਹੈ ਤੇ 500 ਤੋਂ ਵੱਧ ਘਰ ਢਹਿ ਗਏ ਹਨ।
ਨਾਬਾਲਗ ਕ੍ਰੇਨ ਚਾਲਕ ਨੇ ਕੁਚਲਿਆ 9 ਸਾਲਾਂ ਮਾਸੂਮ, ਮੌਤ
NEXT STORY