ਚੰਡੀਗੜ੍ਹ (ਰਸ਼ਮੀ ਹੰਸ)-ਐੱਨ. ਐੱਸ. ਯੂ. ਆਈ. ਦੀ ਟੀਮ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪਹੁੰਚੀ ਤਾਂ ਉਥੇ ਮੌਜੂਦ ਆਗੂ ਬਰਿੰਦਰ ਢਿੱਲੋਂ ਨੂੰ ਦੇਖ ਕੇ ਕੁਝ ਆਗੂ ਗੁੱਸੇ 'ਚ ਆ ਗਏ ਤੇ ਉਨ੍ਹਾਂ ਨੇ ਮੀਟਿੰਗ ਦਾ ਬਾਈਕਾਟ ਕੀਤਾ। ਆਗੂ ਬਰਿੰਦਰ ਢਿੱਲੋਂ ਦੇ ਉਥੇ ਹੋਣ ਕਾਰਨ ਪੀ. ਯੂ. ਦੀ ਐੱਨ. ਐੱਸ. ਯੂ. ਆਈ. ਦੇ ਲਗਭਗ 13 ਆਗੂਆਂ ਨੇ ਇਤਰਾਜ਼ ਕੀਤਾ ਕਿ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਜਿੱਤਣ ਲਈ ਇਸ ਵਾਰ ਬਰਿੰਦਰ ਢਿੱਲੋਂ ਨੇ ਕੋਈ ਮਿਹਨਤ ਨਹੀਂ ਕੀਤੀ, ਬਲਕਿ ਬਰਿੰਦਰ ਢਿੱਲੋਂ ਚੋਣਾਂ ਸਮੇਂ ਕੈਂਪਸ 'ਚ ਆਏ ਵੀ ਨਹੀਂ ਸਨ।
ਇਸ ਤਰ੍ਹਾਂ ਜਦੋਂ ਐੱਨ. ਐੱਸ. ਯੂ. ਆਈ. ਦੀ ਇਥੇ ਮੁੱਖ ਮੰਤਰੀ ਨਾਲ ਬੈਠਕ ਹੋ ਰਹੀ ਹੈ ਤਾਂ ਬਰਿੰਦਰ ਢਿੱਲੋਂ ਇਥੇ ਕਿਉਂ ਆਏ ਹਨ। ਕੀ ਉਹ ਚੋਣਾਂ ਨੂੰ ਜਿੱਤਣ ਦਾ ਕ੍ਰੈਡਿਟ ਲੈਣਾ ਚਾਹੁੰਦੇ ਹਨ। ਐੱਨ. ਐੱਸ. ਯੂ. ਆਈ. ਆਗੂ ਗੁਰਜੋਤ ਸੰਧੂ ਤੇ ਮਨਪ੍ਰੀਤ ਸੰਧੂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਪਰ ਬੈਠਕ ਵਿਚ ਨਹੀਂ ਗਏ। ਮਨਪ੍ਰੀਤ ਸੰਧੂ ਨੇ ਕਿਹਾ ਕਿ ਸਾਨੂੰ ਕਾਂਗਰਸ ਭਵਨ ਤੋਂ ਫੋਨ ਆਇਆ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਨੂੰ ਮਿਲਣਾ ਹੈ ਪਰ ਉਥੇ ਜਾ ਕੇ ਪਤਾ ਚੱਲਿਆ ਕਿ ਇਹ ਬੈਠਕ ਬਰਿੰਦਰ ਢਿੱਲੋਂ ਨੇ ਕਰਵਾਈ ਹੈ।
ਮਨਪ੍ਰੀਤ ਸੰਧੂ ਨੇ ਕਿਹਾ ਕਿ ਬਰਿੰਦਰ ਢਿੱਲੋਂ ਆਪਣੀ ਰਾਜਨੀਤੀ ਚਮਕਾਉਣ ਲਈ ਹੁਣ ਅੱਗੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਐੱਨ. ਐੱਸ. ਯੂ. ਆਈ. ਦੀ ਪਿਛਲੇ ਤਿੰਨ ਸਾਲਾਂ 'ਚ ਚਾਰ ਗਰੁੱਪਾਂ 'ਚ ਵੰਡ ਹੋ ਹੋਈ ਸੀ, ਜਿਸ 'ਚ ਮਨੋਜ ਲੁਬਾਣਾ, ਸੰਧੂ, ਸਨੀ ਮਹਿਤਾ ਤੇ ਲਾਲੀ ਗਰੁੱਪ ਸ਼ਾਮਿਲ ਹਨ। ਹਾਲਾਂਕਿ ਪੀ. ਯੂ. ਕੈਂਪਸ 'ਚ ਇਸ ਵਾਰ ਐੱਨ. ਐੱਸ. ਯੂ. ਆਈ. ਨੇ ਚੋਣਾਂ ਮਿਲ ਕੇ ਲੜੀਆਂ ਹਨ ਪਰ ਚੋਣਾਂ ਨੂੰ ਜਿੱਤਣ ਤੋਂ ਬਾਅਦ ਵੀ ਐੱਨ. ਐੱਸ. ਯੂ. ਆਈ. ਦੀ ਗੁੱਟਬਾਜ਼ੀ ਨਜ਼ਰ 'ਚ ਆ ਰਹੀ ਹੈ।
ਉਧਰ ਗੁਰਜੋਤ ਸੰਧੂ ਦਾ ਕਹਿਣਾ ਹੈ ਕਿ ਮੇਰੀ ਕਿਸੇ ਨਾਲ ਲੜਾਈ ਨਹੀਂ ਹੋਈ ਹੈ। ਅਸੀਂ ਚੋਣਾਂ ਮਿਲ ਕੇ ਲੜੀਆਂ ਹਨ ਤੇ ਅਸੀਂ ਸਾਰੇ ਇਕੱਠੇ ਹੀ ਹਾਂ। ਗੁਰਜੋਤ ਨੇ ਕਿਹਾ ਕਿ ਮੈਂ ਸ਼ਹਿਰ ਤੋਂ ਬਾਹਰ ਹਾਂ। ਸਾਡੀ ਲੜਾਈ ਦੀਆਂ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਫੂਡ ਸਪਲਾਈ ਅਧਿਕਾਰੀ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਸਰਕਾਰ ਵਲੋਂ ਵਿਜੀਲੈਂਸ ਇੰਸਪੈਕਟਰ ਮੁਅੱਤਲ
NEXT STORY