ਸੁਲਤਾਨਪੁਰ (ਸੋਢੀ)— ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਮੱਥਾ ਟੇਕਿਆ। ਇਸ ਤੋਂ ਬਾਅਦ ਉਨ੍ਹਾਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਸਿੱਖ ਧਰਮ ਦੇ ਮੋਢੀ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 2019 'ਚ ਕੌਮਾਂਤਰੀ ਪੱਧਰ 'ਤੇ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਨਿਰੀਖਣ ਕੀਤਾ।
ਸਿੰਘ ਸਾਹਿਬ ਨੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਨੇੜੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਜੰਗੀ ਪੱਧਰ ਅਤੇ ਨਿਰਮਾਣ ਅਧੀਨ ਕਾਰ ਪਾਰਕਿੰਗ ਅਤੇ ਬੇਬੇ ਨਾਨਕੀ ਨਿਵਾਸ ਅਤੇ ਪ੍ਰਬੰਧਕੀ ਕੰਪਲੈਕਸ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਮੁਹਰੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੀ ਚੱਲ ਰਹੀ ਨਵੇਂ ਕਮਰੇ ਅਤੇ ਕਾਰ ਪਾਰਕਿੰਗ ਦੀ ਸੇਵਾ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨਾਲ ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਅੰਤਰਿੰਗ ਕਮੇਟੀ ਸ਼੍ਰੋਮਣੀ ਕਮੇਟੀ, ਜਥੇ. ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਜਥੇ. ਸ਼ਿੰਗਾਰਾ ਸਿੰਘ ਲੋਹੀਆਂ ਮੈਂਬਰ ਸ਼੍ਰੋਮਣੀ ਕਮੇਟੀ, ਇੰਜੀਨੀਅਰ ਸਵਰਨ ਸਿੰਘ ਰਿਟਾਇਰਡ ਐਡੀਸਨਲ ਐੱਸ. ਈ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ, ਜਥੇ. ਗੁਰਦਿਆਲ ਸਿੰਘ ਖਾਲਸਾ ਆਦਿ ਨੇ ਵੀ ਸ਼ਿਰਕਤ ਕੀਤੀ ।
ਇਸ ਸਮੇਂ ਜਥੇਦਾਰ ਗੁਰਬਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਹੁਤ ਹੀ ਵੱਡੇ ਭਾਗਾਂ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਗਲੇ ਸਾਲ ਆ ਰਿਹਾ ਹੈ, ਜਿਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਾਰਨ ਸਾਹਿਬ ਵਾਲੇ, ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਬਾਬਾ ਸ਼ਬੇਗ ਸਿੰਘ ਜੀ ਗੋਇੰਦਵਾਲ ਸਾਹਿਬ ਵਾਲੇ ਬਹੁਤ ਹੀ ਤੇਜੀ ਨਾਲ ਵੱਖ-ਵੱਖ ਸੇਵਾ ਕਰਵਾ ਰਹੇ ਹਨ ਅਤੇ ਵਾਤਾਵਰਣ ਪ੍ਰੇਮੀ ਬਾਬਾ ਸੀਚੇਵਾਲ ਵੀ ਸੰਗਤਾਂ ਦੇ ਸਹਿਯੋਗ ਨਾਲ ਤਿਆਰੀਆਂ ਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿਹਾ ਸੁਲਤਾਨਪੁਰ ਲੋਧੀ ਦਾ ਦੌਰਾ ਕਰਨ ਉਪਰੰਤ ਇਹ ਦੇਖ ਕੇ ਉਨ੍ਹਾਂ ਦੇ ਮੰਨ ਨੂੰ ਭਾਰੀ ਠੇਸ ਪਹੁੰਚੀ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ਦੀ ਤਿਆਰੀ ਬਹੁਤ ਮੱਠੀ ਚੱਲ ਰਹੀ ਹੈ। ਜਿੱਥੇ ਸ਼੍ਰੋਮਣੀ ਕਮੇਟੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨਾਲ ਮਿਲ ਕੇ ਤਿਆਰੀਆਂ 'ਚ ਜੁਟੀ ਪਈ ਹੈ ਉਥੇ ਹੀ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਵੀ ਪਾਵਨ ਨਗਰੀ ਦੀ ਨੁਹਾਰ ਬਦਲਣ ਲਈ ਅਮਲੀ ਰੂਪ 'ਚ ਤੇਜ਼ੀ ਨਾਲ ਕੰਮ ਸ਼ੁਰੂ ਕਰਨ ਦੀ ਲੋੜ ਹੈ।
ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਪਟਨਾ ਸਾਹਿਬ ਵਿਖੇ ਨਿਤੀਸ਼ ਸਰਕਾਰ ਨੇ ਪ੍ਰਬੰਧ ਕੀਤੇ ਸਨ, ਉਵੇਂ ਹੀ ਸਰਕਾਰਾਂ ਸੁਲਤਾਨਪੁਰ ਲੋਧੀ ਸ਼ਹਿਰ 'ਚ ਵੀ ਆਉਣ ਵਾਲੀਆਂ ਲੱਖਾਂ ਸੰਗਤਾਂ ਦੇ ਲਈ ਲੋੜੀਦੇ ਸਾਰੇ ਪ੍ਰਬੰਧ ਕਰਨ ਲਈ ਹੁਣ ਤੋਂ ਹੀ ਤਿਆਰੀ ਆਰੰਭ ਕੀਤੀ ਜਾਵੇ ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਇਸ ਪਾਵਨ ਨਗਰੀ ਸੁਲਤਾਨਪੁਰ ਲੋਧੀ ਦਾ ਆਪ ਤੁਰੰਤ ਦੌਰਾ ਕਰਨ ਅਤੇ ਇਥੇ ਆਪਣੀ ਸਰਕਾਰ ਵੱਲੋਂ ਕੋਈ ਵਿਸ਼ੇਸ਼ ਸੈਲ ਸਥਾਪਤ ਕਰਨ। ਜਥੇਦਾਰ ਗੁਰਬਚਨ ਸਿੰਘ ਨੇ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਨੇੜੇ ਬਣੇ ਹੋਏ ਪੁਰਾਣੇ ਟਰੀਟਮੈਂਟ ਪਲਾਂਟ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਟਰੀਟਮੈਂਟ ਪਲਾਂਟ ਤੋਂ ਬਹੁਤ ਹੀ ਗੰਦੀ ਬਦਬੂ ਵਾਲੀ ਹਵਾ ਗੁਰਦੁਆਰਾ ਸਾਹਿਬ ਅਤੇ ਆਲੇ ਦੁਆਲੇ ਸ਼ਹਿਰ 'ਚ ਆ ਰਹੀ ਹੈ । ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੂੰ ਕਿਹਾ ਕਿ ਗੁਰਦੁਆਰਾ ਸਾਹਿਬ ਨੇੜਿਓ ਇਹ ਟਰੀਟਮੈਂਟ ਪਲਾਂਟ ਤੁਰੰਤ ਦੂਰ ਸ਼ਿਫਟ ਕਰਵਾਇਆ ਜਾਵੇ ਤਾਂ ਜੋ 550 ਸਾਲਾ ਪ੍ਰਕਾਸ਼ ਪੁਰਬ ਅਤੇ ਦੇਸ਼ ਵਿਦੇਸ਼ ਤੋਂ ਸੁਲਤਾਨਪੁਰਲੋਧੀ ਆਈਆਂ ਸੰਗਤਾਂ ਨੂੰ ਕਿਸੇ ਕਾਰਨ ਪਰੇਸ਼ਾਨੀ ਨਾ ਆਵੇ ।ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਆਉਂਦੀਆਂ ਸਮੂਹ ਸ਼ੜਕਾਂ ਚੌੜੀਆਂ ਕਰਵਾਉਣ, ਸ਼ਹਿਰ 'ਚ ਸਾਰੀਆਂ ਗਲੀਆਂ ਬਾਜ਼ਾਰਾਂ ਦੀਆਂ ਨਵੀਆਂ ਸ਼ੜਕਾਂ ਬਣਾਉਣ ਅਤੇ ਹਰ ਤਰ੍ਹਾਂ ਦੀ ਗੰਦਗੀ ਆਦਿ ਦੀ ਸਫਾਈ ਦੇ ਪ੍ਰਬੰਧ ਕਰਨ ਲਈ ਅਤੇ ਸ਼ਹਿਰ 'ਚ ਆਉਣ ਵਾਲੀਆਂ ਸੰਗਤਾਂ ਦੇ ਠਹਿਰਣ ਸਮੇਤ ਸਿਹਤ ਸਹੂਲਤਾਂ ਦੇ ਪੂਰੇ ਪ੍ਰਬੰਧ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਵਿਸ਼ੇਸ਼ ਫੰਡ ਤੁਰੰਤ ਰਿਲੀਜ਼ ਕਰਨ ਦਾ ਆਦੇਸ਼ ਵੀ ਦਿੱਤਾ ।
ਇਸ ਸਮੇਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਦਾ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਅਤੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਨੇ ਸਨਮਾਨ ਸਿਰੋਪਾਓ ਦੇ ਕੇ ਕੀਤਾ ।ਸਿੰਘ ਸਾਹਿਬ ਨੇ ਸੰਤ ਹਰਖੋਵਾਲ ਨਾਲ ਮੀਟਿੰਗ ਵੀ ਕੀਤੀ ਅਤੇ ਵਿਚਾਰ ਵਟਾਂਦਰਾ ਕੀਤਾ ।ਇਸ ਮੌਕੇ ਭਾਈ ਸਰਬਜੀਤ ਸਿੰਘ ਧੂੰਦਾ ਐਡੀਸਨਲ ਮੈਨੇਜਰ, ਭਾਈ ਹਰਜਿੰਦਰ ਸਿੰਘ ਹੈੱਡ ਗ੍ਰੰਥੀ, ਭਾਈ ਅਵਤਾਰ ਸਿੰਘ ਫੌਜੀ ਕਾਲੌਨੀ ਆਦਿ ਨੇ ਸ਼ਿਰਕਤ ਕੀਤੀ ।
ਲੁਧਿਆਣਾ: ਸਿਵਲ ਹਸਪਤਾਲ 'ਚ ਲੱਗੀ ਅੱਗ, ਮਚਿਆ ਹੜਕੰਪ
NEXT STORY