ਬਠਿੰਡਾ(ਬਲਵਿੰਦਰ)-ਭਾਜਪਾ ਜ਼ਿਲਾ ਬਠਿੰਡਾ ਦੇ ਵਰਕਰਾਂ ਤੇ ਆਗੂਆਂ ਨੇ ਡੀ. ਸੀ. ਦਫ਼ਤਰ ਸਾਹਮਣੇ ਧਰਨਾ ਮਾਰ ਕੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੁੱਛਿਆ ''ਕੈਪਟਨ ਦੱਸੇ ਕਿ ਗੁਟਕਾ ਸਾਹਿਬ ਵਾਲੀ ਸਹੁੰ ਕਿਥੇ ਗਈ'', ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਇਕ ਹਫ਼ਤੇ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗਾ। ਧਰਨੇ ਦੀ ਅਗਵਾਈ ਕਰ ਰਹੇ ਜ਼ਿਲਾ ਪ੍ਰਧਾਨ ਦਿਆਲ ਸੋਢੀ ਨੇ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਨੂੰ ਹੱਥ 'ਚ ਚੁੱਕ ਕੇ ਸਹੁੰ ਖਾਧੀ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ ਪਰ 10 ਮਹੀਨੇ ਬੀਤ ਗਏ ਹਨ, ਨਸ਼ਾ ਤੇ ਭ੍ਰਿਸ਼ਟਾਚਾਰ ਦੋਵੇਂ ਹੀ ਵਧੇ ਹਨ। ਉਨ੍ਹਾਂ ਕਿਹਾ ਕਿ 10 ਮਹੀਨਿਆਂ 'ਚ ਕਾਂਗਰਸੀਆਂ ਨੇ ਹੋਰ ਤਾਂ ਕੁਝ ਨਹੀਂ ਕੀਤਾ ਪਰ ਪੰਜਾਬ ਨੂੰ ਲੁੱਟਣ, ਰੇਤ ਦੇ ਠੇਕੇ ਲੁੱਟਣ, ਵਿਰੋਧੀਆਂ ਨਾਲ ਧੱਕੇਸ਼ਾਹੀ, ਨਗਰ ਕੌਂਸਲ ਚੋਣਾਂ 'ਚ ਲੋਕਤੰਤਰ ਦਾ ਘਾਣ, ਦਲਿਤਾਂ ਤੇ ਔਰਤਾਂ 'ਤੇ ਅੱਤਿਆਚਾਰ, ਗੈਂਗਵਾਰ, ਲੁੱਟਾਂ-ਖੋਹਾਂ, ਥਰਮਲ ਬੰਦੀ, ਪ੍ਰਾਈਵੇਟ ਸਕੂਲਾਂ ਰਾਹੀਂ ਲੁੱਟ ਆਦਿ ਕਈ ਲੋਕ ਵਿਰੋਧੀ ਕਾਰਜ ਕੀਤੇ ਹਨ। ਸੋਢੀ ਨੇ ਕਿਹਾ ਕਿ ਸਭ ਤੋਂ ਵੱਡਾ ਧੋਖਾ ਕੈਪਟਨ ਨੇ ਕਰਜ਼ਾ ਮੁਆਫੀ ਦੇ ਨਾਂ 'ਤੇ ਕਿਸਾਨਾਂ ਨਾਲ ਕੀਤਾ ਹੈ ਕਿਉਂਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰ ਕੇ ਹੁਣ ਨਾ ਪੂਰੀਆਂ ਹੋਣ ਵਾਲੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ ਜਦਕਿ ਵੋਟਾਂ ਲੈਣ ਮੌਕੇ ਕੈਪਟਨ ਨੇ ਇਕ ਵੀ ਸ਼ਰਤ ਦੀ ਗੱਲ ਨਹੀਂ ਸੀ ਕੀਤੀ।
ਦਿਆਲ ਸੋਢੀ ਦੀ ਅਗਵਾਈ ਹੇਠ ਭਾਜਪਾ ਆਗੂਆਂ ਦਾ ਇਕ ਵਫਦ ਡੀ. ਸੀ. ਬਠਿੰਡਾ ਨੂੰ ਮਿਲਿਆ, ਜਿਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਇਕ ਮੰਗ ਪੱਤਰ ਸੌਂਪਿਆ ਗਿਆ। ਵਫਦ ਵਿਚ ਅਸ਼ੋਕ ਭਾਰਤੀ, ਤਰਸੇਮ ਗੋਇਲ ਸੀ. ਡਿਪਟੀ ਮੇਅਰ, ਅਸ਼ੋਕ ਬਾਲਿਆਂਵਾਲੀ ਆਦਿ ਭਾਜਪਾ ਆਗੂ ਸ਼ਾਮਲ ਸਨ।
ਕੈਪਟਨ ਅਮਰਿੰਦਰ ਸਿੰਘ ਤੇ ਸਾਰੀ ਵਜ਼ਾਰਤ ਅਸਤੀਫਾ ਦੇਵੇ : ਦਿਆਲ ਸੋਢੀ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਆਲ ਸੋਢੀ ਨੇ ਕਿਹਾ ਕਿ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਘਪਲੇਬਾਜ਼ੀ ਦੇ ਦੋਸ਼ਾਂ ਤਹਿਤ ਅਸਤੀਫਾ ਦਿੱਤਾ ਹੈ ਜਾਂ ਉਸ ਤੋਂ ਅਸਤੀਫਾ ਲਿਆ ਗਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਕਾਂਗਰਸ ਨੇ ਮੰਨ ਲਿਆ ਹੈ ਕਿ ਲੱਗੇ ਦੋਸ਼ ਸਹੀ ਹਨ। ਪਹਿਲਾਂ ਕੈਪਟਨ ਨੇ ਉਕਤ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਜਗ ਜ਼ਾਹਰ ਹੋਣ ਤੋਂ ਬਾਅਦ ਉਸ ਤੋਂ ਅਸਤੀਫਾ ਲੈਣਾ ਪਿਆ। ਸੋਢੀ ਨੇ ਕਿਹਾ ਕਿ ਕੈਪਟਨ ਤੇ ਬਾਕੀ ਮੰਤਰੀਆਂ ਨੂੰ ਵੀ ਚਾਹੀਦਾ ਹੈ ਕਿ ਨੈਤਿਕਤਾ ਦੇ ਆਧਾਰ 'ਤੇ ਉਹ ਵੀ ਅਸਤੀਫਾ ਦੇ ਦੇਣ, ਨਹੀਂ ਤਾਂ ਉਹ ਦਿਨ ਵੀ ਦੂਰ ਨਹੀਂ, ਜਦੋਂ ਲੋਕਾਂ ਨੇ ਆਪਣੀ ਦਿੱਤੀ ਕੁਰਸੀ ਖੁਦ ਹੀ ਖੋਹ ਲੈਣੀ ਹੈ।
ਭੰਡੀ ਪ੍ਰਚਾਰ ਕਰਦਿਆਂ ਭਾਜਪਾ ਨੂੰ ਸ਼ਰਮ ਆਉਣੀ ਚਾਹੀਦੀ ਹੈ : ਕਾਂਗਰਸੀ ਆਗੂ
ਕਾਂਗਰਸੀ ਆਗੂਆਂ ਰਾਮ ਸਿੰਘ ਵਿਰਕ ਤੇ ਮਨਦੀਪ ਝੁੰਬਾ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਵਿਰੁੱਧ ਭੰਡੀ ਪ੍ਰਚਾਰ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਜ਼ਰੂਰ ਮਾਰ ਲੈਣਾ ਚਾਹੀਦਾ ਹੈ। ਭਾਜਪਾ ਨੂੰ ਤਾਂ ਇਹ ਗੱਲ ਕਹਿੰਦੇ ਵੀ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਕਾਂਗਰਸ ਦੇ ਮੰਤਰੀ ਲੋਕ ਸੇਵਕ ਹਨ, ਜਿਨ੍ਹਾਂ ਦੋਸ਼ ਲੱਗਣ 'ਤੇ ਹੀ ਅਸਤੀਫਾ ਦੇ ਦਿੱਤਾ, ਜਦਕਿ ਅਕਾਲੀ-ਭਾਜਪਾ ਸਰਕਾਰ ਦੇ ਕਈ ਮੰਤਰੀਆਂ 'ਤੇ ਕਈ ਗੰਭੀਰ ਦੋਸ਼ ਲੱਗੇ ਪਰ ਉਹ ਨੈਤਿਕਤਾ ਨੂੰ ਛਿੱਕੇ ਟੰਗ ਕੇ ਕੁਰਸੀ ਨਾਲ ਜੁੜੇ ਰਹੇ।
ਕੱਚੇ ਕਾਮੇ ਪੱਕੇ ਕਰਵਾਉਣ ਲਈ ਘੇਰਿਆ ਡੀ. ਸੀ. ਦਫਤਰ
NEXT STORY