ਬੁਢਲਾਡਾ(ਬਾਂਸਲ)-ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਰੋਜ਼ਗਾਰ ਮੇਲਿਆਂ ਦੀ ਆੜ 'ਚ ਪੰਜਾਬ ਦੀ ਜਨਤਾ ਤੇ ਬੇਰੋਜ਼ਗਾਰ ਨੌਜਵਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਇਹ ਸ਼ਬਦ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਦੌਰਾਨ ਕੀਤੇ ਹਰ ਘਰ ਨੌਕਰੀ ਦੇ ਵਾਅਦਿਆਂ ਤੋਂ ਮੁਨਕਰ ਹੋ ਚੁੱਕੀ ਹੈ ਤੇ ਹੁਣ ਤੱਕ ਪੰਜਾਬ 'ਚ ਕਿਸੇ ਵੀ ਸਰਕਾਰੀ ਅਦਾਰੇ 'ਚ ਅਸਾਮੀਆਂ ਨਹੀਂ ਕੱਢੀਆ ਗਈਆਂ, ਫਿਰ ਪੰਜਾਬ ਦੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੇਲਿਆਂ 'ਚ ਨੌਕਰੀਆਂ ਕਿੱਥੋਂ ਦਿੱਤੀਆਂ ਜਾ ਰਹੀਆਂ ਹਨ ਤੇ ਕਿਹੜੇ ਅਦਾਰੇ ਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹੋਣਹਾਰ ਵਿਦਿਆਰਥੀਆਂ ਦੀ ਉੱਚ ਸਿੱਖਿਆ ਨੂੰ ਧਿਆਨ 'ਚ ਰੱਖਦਿਆਂ ਹਰ ਸਾਲ ਪ੍ਰਾਈਵੇਟ ਕੰਪਨੀਆਂ ਪਹਿਲਾਂ ਹੀ ਪਲੇਸਮੈਂਟਾਂ ਕਰਦੀਆਂ ਆ ਰਹੀਆਂ ਹਨ। ਇਸ 'ਚ ਪੰਜਾਬ ਸਰਕਾਰ ਦਾ ਕੀ ਯੋਗਦਾਨ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਰੋਜ਼ਗਾਰ ਮੇਲਿਆਂ ਦੌਰਾਨ ਨੌਕਰੀਆਂ ਦੇਣ ਸਮੇਂ ਯੋਗਦਾਨ ਹੈ ਤਾਂ ਫਿਰ ਉਹ ਰਾਖਵਾਂਕਰਨ 'ਚ ਆਉਣ ਵਾਲੇ ਨੌਜਵਾਨਾਂ ਨੂੰ ਨੌਕਰੀਆਂ 'ਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣ ਦਾ ਭਾਵ ਰਾਖਵਾਂਕਰਨ 'ਚ ਅਨਸੂਚਿਤ ਜਾਤੀਆਂ, ਸਾਬਕਾ ਫੌਜੀ, ਪੱਛੜੀਆਂ ਸ਼੍ਰੇਣੀਆਂ, ਖਿਡਾਰੀ, ਅੰਗਹੀਣ, ਸੁਤੰਤਰਤਾ ਸੈਨਾਨੀ ਆਦਿ ਤੋਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰੀ ਨਾਲ ਸੰਘਰਸ਼ ਕਰ ਰਹੇ ਬੇਰੋਜ਼ਗਾਰ ਨੌਜਵਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਘਰ-ਘਰ ਨੌਕਰੀ ਦੇਣ ਦੇ ਫੈਸਲੇ ਨੂੰ ਕੈਪਟਨ ਸਰਕਾਰ ਸਹੀ ਅਮਲ 'ਚ ਲਿਆਵੇ ਤੇ ਸਰਕਾਰੀ ਨੌਕਰੀਆਂ 'ਚ ਨੌਜਵਾਨਾਂ ਨੂੰ ਭਰਤੀ ਕਰ ਕੇ ਰੋਜ਼ਗਾਰ ਹਿੱਤ ਬਣਾਇਆ ਜਾਵੇ ਤੇ ਸਸਤੀ ਸ਼ੌਹਰਤ ਹਾਸਲ ਕਰਨਾ ਬੰਦ ਕਰੇ। ਬੁਢਲਾਡਾ ਹਲਕੇ ਦੀਆਂ ਤਰਸਯੋਗ ਸੜਕਾਂ ਦੀ ਮਾੜੀ ਦੁਰਦਸ਼ਾ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦਾ ਇਹ ਪਹਿਲਾ ਹਲਕਾ ਹੈ ਜਿੱਥੇ ਸ਼ਹਿਰ ਨੂੰ ਦਾਖਲ ਹੋਣ ਵਾਲੀਆਂ ਸਾਰੀਆਂ ਮੁੱਖ ਸੜਕਾਂ 'ਤੇ ਖੱਡੇ ਹੋਣ ਕਾਰਨ ਲੋਕ ਰੋਜ਼ਾਨਾ ਹੀ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਈਮਾਨਦਾਰੀ ਨਾਲ ਕੰਮ ਕਰਨ। ਆਮ ਆਦਮੀ ਪਾਰਟੀ ਸਹਿਯੋਗ ਕਰੇਗੀ।
ਸ਼ਹੀਦ ਊਧਮ ਸਿੰਘ ਦੇ ਯਤੀਮਖਾਨੇ ਦੇ ਪ੍ਰਬੰਧਕਾਂ ਨੂੰ ਨਹੀਂ ਦਿੱਤਾ ਸਮਾਗਮ 'ਚ ਸੱਦਾ
NEXT STORY