ਬਠਿੰਡਾ/ਮੁਕਤਸਰ(ਕੁਨਾਲ ਬਾਂਸਲ, ਰਿਣੀ) - ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਰਾਸ਼ਨ ਭੇਜਿਆ ਹੈ। ਹਰੇਕ ਜੀਅ ਲਈ 5 ਕਿਲੋ ਕਣਕ ਤੇ ਹਰੇਕ ਪਰਿਵਾਰ ਲਈ ਇਕ ਕਿਲੋ ਦਾਲ ਹਰ ਮਹੀਨੇ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਬੀਬਾ ਬਾਦਲ ਨੇ ਦੱਸਿਆ ਕਿ ਕੋਰੋਨਾ ਆਫ਼ਤ ਦੌਰਾਨ ਕੇਂਦਰ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ ਲੋਕਾਂ ਲਈ, ਅਪ੍ਰੈਲ ਤੋਂ ਨਵੰਬਰ ਮਹੀਨੇ ਤੱਕ ਦਾ ਮੁਫ਼ਤ ਰਾਸ਼ਨ ਭੇਜਿਆ ਜਾ ਰਿਹਾ ਹੈ। ਉੱਥੇ ਹੀ ਹੁਣ ਇਸ 'ਚ ਬਿਨਾਂ ਕਾਰਡ ਵਾਲੇ ਦਿਵਿਆਂਗ ਲੋਕਾਂ ਨੂੰ ਵੀ ਇਹ ਰਾਸ਼ਨ ਸਹੂਲਤ ਦਿੱਤੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਸੁਨੇਹਾ ਦਿੱਤਾ ਹੈ ਕਿ ਪੰਜਾਬ ਦਾ ਹਰੇਕ ਵਿਅਕਤੀ ਪਰੇਸ਼ਾਨ ਹੈ । ਹਰੇਕ ਦਾ ਕਮਾਈ ਦਾ ਸਾਧਨ ਖਤਮ ਹੋ ਗਿਆ ਹੈ । ਕੈਪਟਨ ਸਰਕਾਰ ਆਪਣੇ-ਆਪ ਨੂੰ ਗਰੀਬ ਲੋਕਾਂ ਦੀ ਥਾਂ 'ਤੇ ਰੱਖ ਕੇ ਦੇਖੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝੇ। ਗਰੀਬ ਲੋਕ ਬਿਜਲੀ ਦੇ ਬਿੱਲਾਂ ਕਾਰਨ ਪਰੇਸ਼ਾਨ ਹਨ। ਬੱਚਿਆਂ ਦੀ ਫ਼ੀਸ ਵੀ ਵੱਖਰਾ ਮੁੱਦਾ ਬਣਿਆ ਹੋਇਆ ਹੈ। ਸਰਕਾਰ ਆਪਣੇ ਲੋਕਾਂ ਦੀ ਮਦਦ ਲਈ ਅੱਗੇ ਆਏ।
ਲੋੜਵੰਦਾਂ ਨੂੰ ਰਾਸ਼ਨ ਨਹੀਂ ਮਿਲਿਆ
ਬੀਬਾ ਬਾਦਲ ਨੇ ਸੂਬੇ ਦੀ ਸਰਕਾਰ ਨੇ ਪੱਖਪਾਤ ਦਾ ਤੰਜ ਕੱਸਦੇ ਹੋਏ ਕਿਹਾ ਕਿ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਰਾਸ਼ਨ ਦਿੱਤਾ ਅਤੇ ਕਈ ਗਰੀਬਾਂ ਤੇ ਹੱਕਦਾਰਾਂ ਨੂੰ ਕੇਂਦਰ ਵਲੋਂ ਭੇਜਿਆ ਇਹ ਰਾਸ਼ਨ ਨਹੀਂ ਮਿਲਿਆ। ਇਸ ਵਾਰ ਸਹੀ ਲੋਕਾਂ ਨੂੰ ਰਾਸ਼ਨ ਦਿੱਤਾ ਜਾਵੇ। ਹਰੇਕ ਗਰੀਬ , ਲੋੜਵੰਦ ਅਤੇ ਅੰਗਹੀਣ ਨੂੰ ਕੈਪਟਨ ਸਾਹਿਬ ਵਲੋਂ ਰਾਸ਼ਨ ਪਹੁੰਚਾਉਣ ਲਈ ਵੀ ਕਿਹਾ ਹੈ।
ਰਾਸ਼ਨ ਕਾਰਡ ਬਣਵਾਓ
ਬੀਬਾ ਬਾਦਲ ਨੇ ਕਿਹਾ ਕਿ ਹਰੇਕ ਲਡ਼ਵੰਦ ਨੂੰ ਇਹ ਰਾਸ਼ਨ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਹਡ਼ੇ ਲੋਕਾਂ ਦੇ ਰਾਸ਼ਨ ਕਾਰਡ ਨਹੀਂ ਹਨ। ਉਨ੍ਹਾਂ ਸਾਰਿਆਂ ਦੇ ਪਹਿਲ ਦੇ ਆਧਾਰ 'ਤੇ ਅਤੇ ਅੰਗਹੀਣ ਵਿਅਕਤੀਆਂ ਦੇ ਰਾਸ਼ਨ ਕਾਰਡ ਬਣਾਏ ਜਾਣ ਤਾਂ ਜੋ ਹਰੇਕ ਗਰੀਬ ਵਿਅਕਤੀ ਨੂੰ ਹਰ ਮਹੀਨੇ ਰਾਸ਼ਨ ਮਿਲ ਸਕੇ।
ਇਸ ਦੇ ਨਾਲ ਹੀ ਬੀਬਾ ਬਾਦਲ ਨੇ ਕੈਪਟਨ ਸਰਕਾਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੀ ਕੇਂਦਰ ਸਰਕਾਰ ਵਾਂਗ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਸਹੀ ਲੋੜਵੰਦਾਂ ਤੱਕ ਇਹ ਰਾਸ਼ਨ ਇਮਾਨਦਾਰੀ ਨਾਲ ਪਹੁੰਚਾਉਣ। ਮੁੱਖ ਮੰਤਰੀ ਜੀ ਦੁਕਾਨਾਂ ਦੇ ਕਿਰਾਏ, ਘਰਾਂ ਦੇ ਖਰਚੇ ਤੇ ਮਹਿੰਗੀ ਬਿਜਲੀ ਦੇ ਨਾਲ ਨਾਲ ਕੋਰੋਨਾ ਨਾਲ ਜੂਝ ਰਹੇ ਪੰਜਾਬੀਆਂ ਦੀ ਗੁਹਾਰ ਸੁਣਨ ਤੇ ਉਨ੍ਹਾਂ ਦੀ ਥਾਂ ਖ਼ੁਦ ਨੂੰ ਰੱਖ ਕੇ ਕੁਝ ਸੁਚੱਜੇ ਫ਼ੈਸਲੇ ਲੈਣ। ਬੀਬਾ ਬਾਦਲ ਨੇ ਕਿਹਾ ਕਿ ਕੈਪਟਨ ਸਾਹਿਬ ਆਪਣੇ ਵਿਸ਼ਰਾਮ ਘਰ 'ਚੋਂ ਬਾਹਰ ਨਿਕਲ ਕੇ ਲੋਕਾਂ ਦੇ ਹਾਲਾਤ ਬਾਰੇ ਪਤਾ ਕਰੋ।
ਬੀਬਾ ਬਾਦਲ ਨੇ ਕੈਪਟਨ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਦੂਜੇ ਸੂਬਿਆਂ ਦੀ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ। ਕੋਵਿਡ ਸੈਂਟਰਾਂ ਵਿਚ ਮਰੀਜ਼ਾਂ ਨੂੰ ਖਾਣ ਲਈ ਕੁਝ ਨਹੀਂ ਮਿਲ ਰਿਹਾ ਅਤੇ ਨਾ ਹੀ ਵੈਂਟੀਲੇਟਰ ਮਿਲ ਰਹੇ ਹਨ। ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਕੋਰੋਨਾ ਪੀੜਤ ਮਰੀਜ਼ਾਂ ਨੂੰ ਬਣਦੀ ਸਹੂਲਤ ਦੇਣ ਲਈ ਕਿਹਾ ਹੈ।
ਬੀਬਾ ਬਾਦਲ ਨੇ ਕਿਹਾ ਕਿ ਕੈਪਟਨ ਸਾਹਿਬ ਜਦੋਂ ਤੁਸੀਂ ਬੈਠ ਕੇ ਬਿਆਨ ਦਿੰਦੇ ਹੋ ਕਿ ਸਤੰਬਰ ਦੇ ਮਹੀਨੇ 'ਚ 31,00 ਬੰਦੇ ਮਰ ਜਾਣਗੇ ਤਾਂ ਫਿਰ ਇਸ ਲਈ ਪਹਿਲਾਂ ਤੋਂ ਤਿਆਰੀ ਕਿਉਂ ਨਹੀਂ ਕਰਦੇ । ਸ਼ਰਾਬ ਦੇ ਠੇਕੇ ਤਾਂ 10 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ ਪਰ ਦੁਕਾਨਾਂ ਧੱਕੇ ਨਾਲ 6.30 ਵਜੇ ਹੀ ਬੰਦ ਕਰਵਾ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਸਰਕਾਰ ਆਪਣੇ ਸਰਕਾਰ ਬਣਨ ਦਾ ਫਰਜ਼ ਅਦਾ ਕਰਨ ਦੀ ਵੀ ਸਲਾਹ ਦਿੱਤੀ ਹੈ।
ਪੰਜਾਬ ਵਿਧਾਨ ਸਭਾ ਨੇ ਰੱਦ ਕੀਤੇ ਕੇਂਦਰ ਵੱਲੋਂ ਜਾਰੀ 'ਖੇਤੀ ਆਰਡੀਨੈਂਸ'
NEXT STORY