ਚੰਡੀਗੜ੍ਹ,(ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਲਈ ਜ਼ੋਰਦਾਰ ਮੁਹਿੰਮ ਵਿੱਢਣ ਦਾ ਮੁੱਢ ਬੰਨ੍ਹਦਿਆਂ ਹਰੇਕ ਹਲਕੇ 'ਚ ਜ਼ਿੰਮੇਵਾਰੀ ਤੈਅ ਕਰਦਿਆਂ ਤਿੰਨ ਤੋਂ ਚਾਰ ਕੈਬਨਿਟ ਮੰਤਰੀਆਂ ਵਲੋਂ ਨਿੱਜੀ ਤੌਰ 'ਤੇ ਚੋਣ ਮੁਹਿੰਮ ਦੀ ਨਿਗਰਾਨੀ ਕਰਨ ਦਾ ਐਲਾਨ ਕੀਤਾ। ਹਰੇਕ ਹਲਕੇ 'ਚ 16 ਤੋਂ 18 ਵਿਧਾਇਕਾਂ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦੋ ਦਰਜਨ ਸੀਨੀਅਰ ਅਹੁਦੇਦਾਰ ਜੋ ਪਹਿਲਾਂ ਹੀ ਪਾਰਟੀ ਦੀ ਚੜ੍ਹਦੀ ਕਲਾ ਲਈ ਵੀ ਦਿਨ-ਰਾਤ ਕੰਮ ਕਰ ਰਹੇ ਹਨ, ਵੀ ਮੰਤਰੀਆਂ ਦਾ ਸਾਥ ਦੇਣਗੇ। ਇਸ ਨਾਲ ਮੁੱਖ ਮੰਤਰੀ ਨੇ 21 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਵਲੋਂ ਚਾਰ ਹਲਕਿਆਂ 'ਚ ਚਲਾਈ ਜਾਣ ਵਾਲੀ ਜ਼ੋਰਦਾਰ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਇਕ ਪਾਰਟੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਅੱਜ ਚਾਰ ਪਾਰਟੀ ਉਮੀਦਵਾਰਾਂ 'ਚੋਂ ਤਿੰਨ ਉਮੀਦਵਾਰਾਂ ਨਾਲ ਆਪਣੀ ਰਿਹਾਇਸ਼ 'ਤੇ ਮੁਲਾਕਾਤ ਵੀ ਕੀਤੀ।
ਉਨ੍ਹਾਂ ਕਿਹਾ ਕਿ 30 ਸਤੰਬਰ ਨੂੰ ਨਾਮਜ਼ਦਗੀਆਂ ਦਾਖਲ ਕਰਨ ਮੌਕੇ ਉਹ ਖੁਦ ਦਾਖਾ ਤੇ ਜਲਾਲਾਬਾਦ ਦੇ ਉਮੀਦਵਾਰਾਂ ਨਾਲ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸੇ ਦਿਨ ਬਾਕੀ ਦੋ ਉਮੀਦਵਾਰਾਂ ਨਾਲ ਕਾਂਗਰਸ ਦੇ ਸੀਨੀਅਰ ਕੌਮੀ ਨੇਤਾ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਨਾਮਜ਼ਦਗੀਆਂ ਦਾਖਲ ਕਰਨ ਮੌਕੇ ਜਾਣਗੇ। ਬੁਲਾਰੇ ਨੇ ਇਹ ਵੀ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਦੀ ਮੀਟਿੰਗ ਦੌਰਾਨ ਪਾਰਟੀ ਉਮੀਦਵਾਰ ਇੰਦੂ ਬਾਲਾ ਨਹੀਂ ਪਹੁੰਚ ਸਕੇ। ਮੁੱਖ ਮੰਤਰੀ ਨੇ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੇ ਚਾਰੋ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਦਾ ਭਰੋਸਾ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕੌਮੀ ਰੁਝਾਨ ਨੂੰ ਪਲਟਦਿਆਂ ਸੂਬੇ ਵਿੱਚ ਆਪਣਾ ਜੇਤੂ ਸਫ਼ਰ ਜਾਰੀ ਰੱਖਿਆ ਸੀ। ਕੈਪਟਨ ਨਾਲ ਮੀਟਿੰਗ 'ਚ ਜਲਾਲਬਾਦ ਹਲਕੇ ਦੇ ਉਮੀਦਵਾਰ ਰਮਿੰਦਰ ਆਵਲਾ, ਫਗਵਾੜਾ ਦੇ ਬਲਵਿੰਦਰ ਸਿੰਘ ਧਾਲੀਵਾਲ ਤੇ ਦਾਖਾ ਤੋਂ ਐਲਾਨੇ ੳਮੀਦਵਾਰ ਕੈ. ਸੰਦੀਪ ਸੰਧੂ ਅਤੇ ਸਬੰਧਤ ਜ਼ਿਲਿਆਂ ਦੇ ਪ੍ਰਮੁੱਖ ਕਾਂਗਰਸੀ ਨੇਤਾ ਸ਼ਾਮਲ ਸਨ।
ਖਲੀ ਦੀ ਬਾਇਓਪਿਕ 'ਤੇ ਛਿੜਿਆ ਵਿਵਾਦ, ਪੁੱਜੇ ਹਾਈ ਕੋਰਟ
NEXT STORY