ਗੁਰਦਾਸਪੁਰ (ਹਰਮਨ ਪ੍ਰੀਤ) : ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸੱਤਾ 'ਚ ਆਏ ਢਾਈ ਸਾਲ ਹੋ ਗਏ ਹਨ। ਢਾਈ ਸਾਲਾਂ ਦਾ ਸਮਾਂ ਬਚਿਆ ਹੈ। ਭਾਵੇਂ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਸਬੰਧੀ ਕਈ ਦਾਅਵੇ ਕਰ ਰਹੀ ਹੈ ਪਰ ਵਿਰੋਧੀ ਧਿਰ ਇਸ ਨੂੰ ਨਾਕਾਫੀ ਮੰਨ ਰਹੀ ਹੈ। ਇਥੇ ਹੀ ਨਹੀਂ, ਵਿਰੋਧੀ ਧਿਰ ਕੈਪਟਨ ਸਰਕਾਰ ਨੂੰ ਅਸਫਲ ਸਰਕਾਰ ਕਰਾਰ ਦੇ ਰਹੀ ਹੈ। ਜਿਥੋਂ ਤਕ ਖੇਤੀਬਾੜੀ ਖੇਤਰ ਦੀ ਗੱਲ ਹੈ ਤਾਂ ਕਿਸਾਨ ਜਥੇਬੰਦੀਆਂ ਅਨੁਸਾਰ ਕੈਪਟਨ ਸਰਕਾਰ ਨੇ ਅਜੇ ਤਕ ਕਿਸਾਨਾਂ ਲਈ ਕੁਝ ਵੀ ਅਜਿਹਾ ਨਹੀਂ ਕੀਤਾ ਹੈ, ਜਿਸ ਨਾਲ ਕਿਸਾਨਾਂ ਦੀ ਮੰਦਹਾਲੀ ਦੇ ਦਿਨ ਖਤਮ ਹੋ ਸਕਣ। ਅਸਲੀਅਤ ਇਹ ਹੈ ਕਿ ਨਾ ਤਾਂ ਕਿਸਾਨਾਂ ਦੇ ਕਰਜ਼ੇ ਖਤਮ ਹੋਏ ਹਨ ਅਤੇ ਨਾ ਹੀ ਕੁਰਕੀਆਂ ਦਾ ਸਿਲਸਿਲਾ ਰੋਕਿਆ ਜਾ ਸਕਿਆ।
ਕੀ ਹੈ ਕਰਜ਼ੇ ਦੀ ਸਥਿਤੀ?
ਵੱਖ-ਵੱਖ ਰਿਪੋਰਟਾਂ ਅਨੁਸਾਰ ਸੂਬੇ 'ਚ ਕਰੀਬ 18.50 ਲੱਖ ਕਿਸਾਨ ਹਨ, ਜਿਨ੍ਹਾਂ ਸਿਰ 2 ਸਾਲ ਪਹਿਲਾਂ ਵੱਖ-ਵੱਖ ਬੈਂਕਾਂ, ਆੜ੍ਹਤੀਆਂ ਅਤੇ ਹੋਰਨਾਂ ਮਹਿਕਮਿਆਂ ਦਾ ਲਗਭਗ 80 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ। ਇਹ ਕਰਜ਼ਾ ਵਧ ਕੇ 90 ਹਜ਼ਾਰ ਕਰੋੜ ਰੁਪਏ ਦੇ ਕਰੀਬ ਪਹੁੰਚ ਗਿਆ ਹੈ। ਮੁੱਢ ਤੋਂ ਹੀ ਇਹੋ ਮੰਨਿਆ ਜਾਂਦਾ ਰਿਹਾ ਹੈ ਕਿ ਇਹੋ ਕਰਜ਼ਾ ਕਿਸਾਨਾਂ ਨੂੰ ਆਪਣੇ ਹੱਥੀਂ ਮੌਤ ਦਾ ਫੰਦਾ ਤਿਆਰ ਕਰਨ ਲਈ ਮਜਬੂਰ ਕਰਦਾ ਹੈ। ਕਰਜ਼ਾ ਅਤੇ ਖੁਦਕੁਸ਼ੀਆਂ ਦੀ ਵਧਦੀ ਸੂਚੀ ਬਾਰੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰ ਦਿੱਤਾ ਜਾਵੇਗਾ। ਇਸ ਦੇ ਅਧੀਨ ਕਿਸਾਨ ਜਥੇਬੰਦੀਆਂ ਕੈਪਟਨ ਅਮਰਿੰਦਰ ਸਿੰਘ ਦੇ ਇਕ ਵੀਡੀਓ ਕਲਿੱਪ ਦਾ ਹਵਾਲਾ ਦੇ ਕੇ ਵਾਰ-ਵਾਰ ਆਵਾਜ਼ ਬੁਲੰਦ ਕਰ ਰਹੀਆਂ ਹਨ ਕਿ ਸਰਕਾਰ ਨੇ ਸਾਰੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਮਗਰੋਂ ਸਰਕਾਰ ਨੇ ਕਰਜ਼ਾ ਮੁਆਫੀ ਦੀਆਂ ਕਈ ਸ਼ਰਤਾਂ ਅਤੇ ਨਿਯਮਾਂ ਨੂੰ ਬਣਾ ਕੇ ਉਸ ਯੋਜਨਾ ਨੂੰ ਲਾਗੂ ਕੀਤਾ ਹੈ ਜਿਸ ਅਧੀਨ ਸਿਰਫ ਕੁਝ ਇਕ ਹੀ ਕਿਸਾਨਾਂ ਦਾ ਕੁਝ ਫੀਸਦੀ ਕਰਜ਼ਾ ਹੀ ਮੁਆਫ ਹੋ ਸਕਿਆ ਹੈ। ਅੱਜ ਵੀ ਬਹੁਤ ਸਾਰੇ ਕਿਸਾਨਾਂ ਸਿਰ ਕਰਜ਼ੇ ਦਾ ਭਾਰ ਪਹਿਲਾਂ ਵਾਂਗ ਹੀ ਹੈ।
ਕਿਸਾਨਾਂ ਦਾ ਕਰਜ਼ਾ ਇਕ ਮੁੱਠੀ ਚੁੱਕ ਲੈ ਦੂਜੀ ਤਿਆਰ
ਰਾਜ 'ਚ ਕਿਸਾਨ |
18.50 ਲੱਖ |
ਕਰਜ਼ੇ ਹੇਠ ਦੱਬੇ ਕਿਸਾਨ |
10 ਲੱਖ |
ਕਿਸਾਨਾਂ ਸਿਰ ਕਰਜ਼ਾ (ਪਹਿਲਾਂ) |
80 ਹਜ਼ਾਰ ਕਰੋੜ |
ਕਿਸਾਨਾਂ ਸਿਰ ਕਰਜ਼ਾ (ਹੁਣ) |
90 ਹਜ਼ਾਰ ਕਰੋੜ |
* ਮਾਰਚ 2019 ਤਕ 8.68 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ 5256 ਕਰੋੜ
* 3 ਸਾਲ 'ਚ ਕਰਜ਼ਾ ਲਾਹੁਣ ਲਈ ਸਰਕਾਰ ਨੇ ਰੱਖੀ ਰਕਮ 8750 ਕਰੋੜ
* 3 ਸਾਲ ਦਾ ਖੇਤੀ ਬਜਟ 38957.99 ਕਰੋੜ ਰੁਪਏ
ਸੜਕਾਂ 'ਤੇ ਪ੍ਰੇਸ਼ਾਨ ਹੋ ਰਹੇ ਹਨ ਗੰਨੇ ਦੇ ਕਾਸ਼ਤਕਾਰ
ਸਰਕਾਰ ਨੇ ਕਿਸਾਨਾਂ ਤੋਂ ਫਸਲਾਂ ਦੇ ਮੰਡੀਕਰਨ ਦੌਰਾਨ ਕੋਈ ਮੁਸ਼ਕਲ ਪੇਸ਼ ਨਾ ਆਉਣ ਦਾ ਵਾਅਦਾ ਵੀ ਕੀਤਾ ਸੀ, ਜਿਸ ਅਧੀਨ ਕਣਕ ਅਤੇ ਝੋਨੇ ਦੇ ਮੰਡੀਕਰਨ ਵਿਚ ਤਾਂ ਸਰਕਾਰ ਕਾਫੀ ਹੱਦ ਤਕ ਆਪਣਾ ਵਾਅਦਾ ਪੂਰਾ ਕਰਨ ਵਿਚ ਕਾਮਯਾਬ ਰਹੀ ਹੈ ਪਰ ਗੰਨੇ ਦੇ ਕਾਸ਼ਤਕਾਰਾਂ ਨੂੰ ਸਰਕਾਰ ਦੇ ਕਾਰਜਕਾਲ ਦੌਰਾਨ ਹੋ ਰਹੀ ਪ੍ਰੇਸ਼ਾਨੀ ਕਿਸੇ ਤੋਂ ਲੁਕੀ ਨਹੀਂ ਹੈ। ਪਿਛਲੇ ਸੀਜ਼ਨ ਦੇ ਪੈਸੇ ਲੈਣ ਲਈ ਧੱਕੇ ਖਾ ਰਹੇ ਕਿਸਾਨਾਂ ਨੂੰ ਇਸ ਸੀਜ਼ਨ ਵਿਚ ਵੀ ਪਰਚੀ ਬਹੁਤ ਮੁਸ਼ਕਲ ਨਾਲ ਨਸੀਬ ਹੋਈ ਸੀ ਅਤੇ ਅਨੇਕ ਕਿਸਾਨ ਅਜਿਹੇ ਹਨ, ਜਿਨ੍ਹਾਂ ਦੇ ਕਰੋੜਾਂ ਰੁਪਏ ਅਜੇ ਵੀ ਮਿੱਲਾਂ ਵਿਚ ਫਸੇ ਹੋਏ ਹਨ। ਉਨ੍ਹਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈ। ਇਸੇ ਤਰ੍ਹਾਂ ਸਬਜ਼ੀਆਂ, ਆਲੂ ਅਤੇ ਹੋਰਨਾਂ ਫਸਲਾਂ ਦੇ ਭਾਅ ਪੂਰੇ ਨਾ ਮਿਲਣ ਕਾਰਣ ਪ੍ਰੇਸ਼ਾਨ ਹੋ ਰਹੇ ਕਿਸਾਨ ਵੀ ਸਰਕਾਰ ਦੀ ਕਾਰਵਾਈ ਦੇ ਇੰਤਜ਼ਾਰ 'ਚ ਹਨ।
ਕਰਜ਼ਾ ਮੁਆਫੀ ਦਾ ਵੇਰਵਾ
ਸੂਬੇ 'ਚ ਲਗਭਗ 18.5 ਲੱਖ ਕਿਸਾਨ ਹਨ, ਜਿਨ੍ਹਾਂ ਵਿਚੋਂ ਕਰੀਬ 10 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਸਰਕਾਰ ਨੇ ਕਾਰਵਾਈ ਸ਼ੁਰੂ ਕੀਤੀ ਸੀ। ਸਰਕਾਰ ਵਲੋਂ ਮਾਰ 2019 ਤਕ ਸੂਬੇ ਦੇ 8 ਲੱਖ 68 ਹਜ਼ਾਰ ਕਿਸਾਨਾਂ ਦਾ ਤਕਰੀਬਨ 5256 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾ ਚੁੱਕਾ ਹੈ ਜਦੋਂਕਿ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਹਨ ਕਿ ਪੰਜਾਬ ਦੇ ਕਿਸਾਨਾਂ ਸਿਰ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਭਾਵੇਂ ਸਰਕਾਰ ਵਲੋਂ ਅਗਲੇ ਦੌਰ ਵਿਚ ਹੋਰਨਾਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਪਰ ਜਿਸ ਢੰਗ ਨਾਲ ਪਹਿਲਾਂ ਦੇ ਢਾਈ ਸਾਲਾਂ ਵਿਚ ਸਰਕਾਰ ਨੇ ਜ਼ਿਆਦਾਤਰ ਕਿਸਾਨਾਂ ਨੂੰ ਇਸ ਯੋਜਨਾ ਤੋਂ ਲਾਂਭੇ ਰੱਖਿਆ ਹੈ, ਉਸ ਦੇ ਅਨੁਸਾਰ ਬਹੁਤ ਸਾਰੇ ਕਿਸਾਨ ਸਰਕਾਰ ਦੀ ਕਰਜ਼ਾ ਮੁਆਫੀ ਦੀ ਯੋਜਨਾ ਤੋਂ ਕੋਈ ਰਾਹਤ ਮਿਲਣ ਦੀ ਆਸ ਗੁਆ ਚੁੱਕੇ ਹਨ।
ਜ਼ਹਿਰੀਲਾ ਪਾਣੀ ਪੀਣ ਨਾਲ ਗੁੱਜਰ ਪਰਿਵਾਰ ਦੀਆਂ ਮਰੀਆਂ 7 ਮੱਝਾਂ
NEXT STORY