ਜਲੰਧਰ/ਚੰਡੀਗੜ੍ਹ (ਧਵਨ,ਅਸ਼ਵਨੀ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਉਹ (ਕੈਪਟਨ) ਜ਼ਿੰਮੇਵਾਰ ਨਹੀਂ ਹਨ, ਸਗੋਂ ਇਸ ਦੇ ਲਈ ਅਸਲ ਦੋਸ਼ੀ ਤਾਂ ਬਾਦਲ ਹਨ। ਮੁੱਖ ਮੰਤਰੀ ਨੇ ਕਰਤਾਰਪੁਰ ਕਾਰੀਡੋਰ ਮਾਮਲੇ 'ਚ ਬਾਦਲ ਵੱਲੋਂ ਉਨ੍ਹਾਂ ਦੀ ਨੁਕਤਾਚੀਨੀ ਕਰਨ ਦੇ ਮਾਮਲੇ 'ਚ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਆਪਣੇ ਸਿਆਸੀ ਹਿੱਤਾਂ ਲਈ ਬਾਦਲ ਨੇ ਹਮੇਸ਼ਾ ਧਾਰਮਿਕ ਮੁੱਦਿਆਂ ਦਾ ਸ਼ੋਸ਼ਣ ਕੀਤਾ ਹੈ ਅਤੇ ਹੁਣ ਦੁਬਾਰਾ ਉਨ੍ਹਾਂ 'ਤੇ ਬੇਬੁਨਿਆਦ ਦੋਸ਼ ਲਗਾਉਣ 'ਚ ਲੱਗੇ ਹਨ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਲੀਡਰਸ਼ਿਪ ਹੀ ਸੀ, ਜਿਸ ਨੇ ਕਰਤਾਰਪੁਰ ਕਾਰੀਡੋਰ ਨੂੰ ਖੁਲ੍ਹਵਾਉਣ ਲਈ ਸ਼ੁਰੂ ਤੋਂ ਹੀ ਅਣਥੱਕ ਉਪਰਾਲੇ ਕੀਤੇ, ਜਿਸ 'ਚ ਇੰਦਰਾ ਗਾਂਧੀ ਤੋਂ ਲੈ ਕੇ ਡਾ. ਮਨਮੋਹਨ ਸਿੰਘ ਤੱਕ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਨਾਂ ਆਉਂਦੇ ਹਨ।
ਕੈਪਟਨ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਖੁੱਲ੍ਹਵਾਉਣ ਲਈ ਪਾਕਿਸਤਾਨ ਦੇ ਨਾਲ ਉਨ੍ਹਾਂ ਨੇ ਖੁਦ ਅਤੇ ਕੇਂਦਰ ਸਰਕਾਰ ਨੇ ਪਾਕਿਸਤਾਨ ਨਾਲ ਗੱਲਬਾਤ ਕੀਤੀ ਸੀ। ਸਿੱਖ ਹੋਣ ਨਾਤੇ ਉਹ ਖੁਦ ਇਸ ਇਤਿਹਾਸਕ ਕਾਰੀਡੋਰ ਨੂੰ ਖੁੱਲ੍ਹਵਾਉਣ ਦੇ ਚਾਹਵਾਨ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਖਦਿਆਂ ਉਹ ਇਸ ਇਤਿਹਾਸਕ ਘਟਨਾ ਦੇ ਹੋਰ ਵੀ ਪੱਖ 'ਚ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਅਗਵਾਈ 'ਚ ਸਰਕਾਰ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਕਰਤਾਰਪੁਰ ਕਾਰੀਡੋਰ ਨੂੰ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ।
ਸਰਹੱਦ 'ਤੇ ਸੁਰੱਖਿਆ ਦੀ ਅਣਦੇਖੀ ਨਹੀਂ ਕੀਤੀ ਜਾ ਸਕੇਗੀ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਭਰੋਸਾ ਦਿੱਤਾ ਅਤੇ ਸੰਤੁਸ਼ਟ ਕੀਤਾ ਕਿ ਵੱਖ-ਵੱਖ ਚੈੱਕ ਐਂਡ ਬੈਲੇਂਸੇਜ਼ ਨਾਲ ਸੁਰੱਖਿਆ ਸਬੰਧੀ ਕੋਈ ਖਤਰਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਧਮਕੀ ਨੂੰ ਲੈ ਕੇ ਆਪਣੀਆਂ ਅੱਖਾਂ ਬੰਦ ਕਰ ਲੈਣਾ ਮੂਰਖਤਾ ਹੋਵੇਗੀ। ਵੱਡੇ ਬਾਦਲ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਅਤੇ ਸੂਬੇ ਦੇ ਲੋਕਾਂ ਪ੍ਰਤੀ ਗੰਭੀਰ ਨਹੀਂ ਹਨ। ਕਾਂਗਰਸ ਨੇ ਕਦੇ ਵੀ ਸਿਆਸੀ ਹਿੱਤਾਂ ਲਈ ਕੋਈ ਕੰਮ ਨਹੀਂ ਕੀਤਾ ਪਰ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਕਾਰੀਡੋਰ ਨੂੰ ਲੈ ਕੇ ਗੈਰ-ਜ਼ਰੂਰੀ ਤੌਰ 'ਤੇ ਕ੍ਰੈਡਿਟ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਪਾਕਿਸਤਾਨੀ ਫੌਜ ਆਪਣੇ ਵਾਅਦੇ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰਤਾਰਪੁਰ ਕਾਰੀਡੋਰ ਨੂੰ ਖੋਲ੍ਹ ਦੇਵੇਗੀ।
ਧੜਿਆਂ 'ਚ ਵੰਡੀ ਵਿਰੋਧੀ ਧਿਰ ਸਰਕਾਰ ਨੂੰ ਕਿਵੇਂ ਦੇਵੇਗੀ ਚੁਣੌਤੀ
NEXT STORY