ਜਲੰਧਰ (ਮਹੇਸ਼) - ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਆਉਂਦੇ ਇਲਾਕੇ ਸ਼ੇਰ ਸਿੰਘ ਕਾਲੋਨੀ ਦੇ ਮਕਾਨ ਨੰਬਰ 416 ’ਚ ਕਿਰਾਏ ’ਤੇ ਰਹਿੰਦੇ ਇਕ ਵਿਅਕਤੀ ਦੀ ਲਾਸ਼ ਘਰ ਦੇ ਬਾਥਰੂਮ ’ਚੋਂ ਬਰਾਮਦ ਹੋਈ ਹੈ। ਫੁੱਲੀ ਹੋਈ ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਉਕਤ ਵਿਅਕਤੀ ਦੀ ਮੌਤ 7-8 ਦਿਨ ਪਹਿਲਾਂ ਹੋਈ ਹੋ ਸਕਦੀ ਹੈ।
ਇਸ ਸਬੰਧੀ ਸੂਚਨਾ ਮਿਲਦਿਆਂ ਹੀ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ, ਐੱਸ. ਐੱਚ. ਓ. ਥਾਣਾ ਬਸਤੀ ਬਾਵਾ ਖੇਲ ਅਤੇ ਚੌਕੀ ਇੰਚਾਰਜ ਲੈਦਰ ਕੰਪਲੈਕਸ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਦੇਰ ਰਾਤ ਤੱਕ ਜਾਂਚ ’ਚ ਜੁਟੀ ਹੋਈ ਸੀ ਪਰ ਅਜੇ ਤੱਕ ਮ੍ਰਿਤਕ ਵਿਅਕਤੀ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਉਸਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਸ਼ੇਰ ਸਿੰਘ ਕਾਲੋਨੀ ਦੇ ਮਕਾਨ ਨੰਬਰ 416 ਦੇ ਹੇਠਲੇ ਹਿੱਸੇ ਵਿਚ ਕਿਰਾਏ ’ਤੇ ਰਹਿੰਦੇ ਹਰਪ੍ਰੀਤ ਸਿੰਘ ਨਾਮਕ ਵਿਅਕਤੀ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਸਵੇਰ ਤੋਂ ਘਰ ਦੇ ਉੱਪਰਲੇ ਹਿੱਸੇ ’ਚੋਂ ਕਾਫੀ ਬਦਬੂ ਆ ਰਹੀ ਸੀ। ਹਰਪ੍ਰੀਤ ਸਿੰਘ ਅਨੁਸਾਰ ਘਰ ਦੇ ਉੱਪਰਲੇ ਹਿੱਸੇ ਵਿਚ ਪਤੀ-ਪਤਨੀ ਤੇ ਉਨ੍ਹਾਂ ਦੇ ਚਾਰ ਬੱਚੇ ਰਹਿੰਦੇ ਸਨ। ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਵੀ ਉਨ੍ਹਾਂ ਦੇ ਘਰ ਆਇਆ ਕਰਦਾ ਸੀ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਈ ਦਿਨਾਂ ਤੋਂ ਉਸ ਨੇ ਉੱਪਰਲੇ ਕਿਰਾਏਦਾਰ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਦੇਖਿਆ ਸੀ। ਉਸ ਨੇ ਦੱਸਿਆ ਕਿ ਘਰ ਦੇ ਮਾਲਕ ਪਾਉਂਟਾ ਸਾਹਿਬ ਵਿਚ ਰਹਿੰਦੇ ਹਨ। ਪੁਲਸ ਨੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਅੰਦਰ ਇਕ ਵਿਅਕਤੀ ਦੀ ਲਾਸ਼ ਪਈ ਸੀ, ਜਿਸ ਵਿਚੋਂ ਇੰਨੀ ਜ਼ਿਆਦਾ ਬਦਬੂ ਆ ਰਹੀ ਸੀ ਕਿ ਮੌਕੇ ’ਤੇ ਮੌਜੂਦ ਸਾਰੇ ਲੋਕਾਂ ਨੂੰ ਆਪਣੇ ਚਿਹਰੇ ’ਤੇ ਰੁਮਾਲ ਆਦਿ ਬੰਨ੍ਹਣੇ ਪਏ।
ਪੁਲਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਵੇਂ ਹੀ ਹੋਰ ਜਾਣਕਾਰੀ ਮਿਲੇਗੀ, ਉਹ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਅਤੇ ਬੱਚੇ ਵੀ ਘਰੋਂ ਫਰਾਰ ਹਨ, ਪੁਲਿਸ ਉਨ੍ਹਾਂ ਦੀ ਵੀ ਭਾਲ ਕਰ ਰਹੀ ਹੈ।
ਮੋਗਾ ਦੇ ਅੰਮ੍ਰਿਤ ਹਸਪਤਾਲ 'ਚ ਹੰਗਾਮਾ: ਮਹਿਲਾ ਦੀ ਮੌਤ ਪਿੱਛੋਂ ਲਾਇਆ ਜਾਮ, ਡਾਕਟਰ 'ਤੇ ਗਲਤ ਆਪ੍ਰੇਸ਼ਨ ਦੇ ਦੋਸ਼
NEXT STORY