‘ਭਾਰਤੀ ਰਿਜ਼ਰਵ ਬੈਂਕ’ (ਆਰ. ਬੀ. ਆਈ.) ਨੇ 29 ਮਈ, 2026 ਨੂੰ ਜਾਰੀ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਸਾਲ 2025-26 ਦੌਰਾਨ ਜਾਅਲੀ ਨੋਟਾਂ ਦੀ ਬਰਾਮਦਗੀ ’ਚ ਸਾਲ 2024-25 ਦੀ ਤੁਲਨਾ ’ਚ 5.7 ਫ਼ੀਸਦੀ ਦਾ ਵਾਧਾ ਹੋਇਆ ਹੈ।
ਜ਼ਬਤ ਕੀਤੇ ਗਏ ਕੁੱਲ ਨਕਲੀ ਨੋਟਾਂ ’ਚ ਸਭ ਤੋਂ ਵੱਧ 61.8 ਫ਼ੀਸਦੀ ਹਿੱਸੇਦਾਰੀ 500 ਰੁਪਏ ਵਾਲੇ ਨੋਟਾਂ ਦੀ ਸੀ ਅਤੇ ਇਨ੍ਹਾਂ ਦੀ ਬਰਾਮਦਗੀ ’ਚ ਪਿਛਲੇ ਸਾਲ ਦੇ ਮੁਕਾਬਲੇ 20.5 ਫ਼ੀਸਦੀ ਦਾ ਉਛਾਲ ਆਇਆ ਹੈ। ਇਸੇ ਸਾਲ ਦੀਆਂ ਪਿਛਲੇ 5 ਮਹੀਨਿਆਂ ਦੌਰਾਨ ਸਾਹਮਣੇ ਆਈਆਂ ਜਾਅਲੀ ਕਰੰਸੀ ਨੋਟਾਂ ਦੀ ਬਰਾਮਦਗੀ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 1 ਜਨਵਰੀ ਨੂੰ ‘ਦੁਰਗ’ (ਛੱਤੀਸਗੜ੍ਹ) ’ਚ ਪੁਲਸ ਨੇ ਘਰ ’ਚ ਨਕਲੀ ਕਰੰਸੀ ਨੋਟ ਛਾਪਣ ਵਾਲੇ ਜੋੜੇ ‘ਅਰੁਣ ਕੁਮਾਰ ਤੁਰੰਗ’ ਅਤੇ ਉਸ ਦੀ ਪਤਨੀ ‘ਰਾਖੀ ਤੁਰੰਗ’ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਨਕਲੀ ਨੋਟ ਛਾਪਣ ’ਚ ਵਰਤਿਅਾ ਜਾਣ ਵਾਲਾ ਪ੍ਰਿੰਟਰ ਅਤੇ ਹੋਰ ਸਾਮਾਨ ਜ਼ਬਤ ਕੀਤਾ। ਇਹ ਦੋਵੇਂ ਸਥਾਨਕ ਬਾਜ਼ਾਰਾਂ ’ਚ ਆਪਣੇ ਤਿਆਰ ਕੀਤੇ ਹੋਏ 500-500 ਰੁਪਏ ਵਾਲੇ ਨਕਲੀ ਨੋਟ ਚਲਾਉਂਦੇ ਸਨ ਅਤੇ ਹੁਣ ਤੱਕ 1.70 ਲੱਖ ਰੁਪਏ ਦੀ ਨਕਲੀ ਕਰੰਸੀ ਛਾਪ ਚੁੱਕੇ ਸਨ।
* 11 ਮਾਰਚ ਨੂੰ ‘ਵਿਸ਼ਾਖਾਪਟਨਮ’ (ਆਂਧਰਾ ਪ੍ਰਦੇਸ਼) ਦੀ ‘ਮਹਾਰਾਨੀਪੇਟਾ’ ਪੁਲਸ ਅਤੇ ‘ਸਿਟੀ ਟਾਸਕ ਫੋਰਸ’ (ਸੀ. ਟੀ. ਐੱਫ.) ਨੇ ‘ਜਗਦੰਬਾ ਜੰਕਸ਼ਨ’ ਦੇ ਨੇੜੇ ਕਾਰ ’ਚ ਰੱਖੇ 37 ਲੱਖ ਰੁਪਏ ਦੇ ਨਕਲੀ ਨੋਟ ਜ਼ਬਤ ਕੀਤੇ। ਇਸ ਸਿਲਸਿਲੇ ’ਚ ਪੁਲਸ ਨੇ ਇਕ ਵਕੀਲ ਸਮੇਤ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।
* 21 ਮਾਰਚ ਨੂੰ ‘ਅਹਿਮਦਾਬਾਦ’ (ਗੁਜਰਾਤ) ਦੀ ਪੁਲਸ ਨੇ ‘ਸੂਰਤ’ ਤੋਂ 2 ਕਰੋੜ 38 ਲੱਖ ਰੁਪਏ ਦੇ ਹਾਈ ਕੁਆਲਿਟੀ ਨਕਲੀ ਨੋਟ ਜ਼ਬਤ ਕਰ ਕੇ ਇਸ ਗਿਰੋਹ ਦੇ ਸਰਗਨਾ ‘ਯੋਗ ਗੁਰੂ ਪ੍ਰਦੀਪ ਜੋਟਾਂਗਿਆ’ ਅਤੇ ਉਸਦੇ ਸਾਥੀਆਂ ‘ਮੁਕੇਸ਼ ਥੁਮਰ’, ‘ਅਸ਼ੋਕ ਮਵਾਨੀ’, ‘ਰਮੇਸ਼ ਭਲਾਰ’, ‘ਦਿਵੇਸ਼ ਰਾਣਾ’, ‘ਭਰਤ ਕਾਕੜੀਆ’ ਅਤੇ ‘ਆਰਤੀ ਸਾਂਵਲੀਆ’ ਨੂੰ ਗ੍ਰਿਫ਼ਤਾਰ ਕੀਤਾ।
*10 ਅਪ੍ਰੈਲ ਨੂੰ ‘ਮੁਰਾਦਾਬਾਦ’ (ਉੱਤਰ ਪ੍ਰਦੇਸ਼) ਅਤੇ ‘ਹਯਾਤਨਗਰ’ ਪੁਲਸ ਨੇ ਇਕ ਸਾਂਝੀ ਕਾਰਵਾਈ ’ਚ ‘ਸਰਾਏਤਰੀਨ’ ਕਸਬੇ ਤੋਂ ‘ਸ਼ਰਾਫ਼ਤ ਹੁਸੈਨ’ ਨਾਂ ਦੇ ਇਕ ਮੌਲਵੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 20,000 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ। ਇਨ੍ਹਾਂ ’ਚ ਜ਼ਿਆਦਾਤਰ ਨੋਟ 500 ਅਤੇ 200 ਰੁਪਏ ਵਾਲੇ ਸਨ।
* 8 ਮਈ ਨੂੰ ‘ਭੋਪਾਲ’ (ਮੱਧ ਪ੍ਰਦੇਸ਼) ਦੇ ‘ਕੋਹੇਫ਼ਿਜ਼ਾ’ ਥਾਣਾ ਪੁਲਸ ਨੇ ਪੱਛਮੀ ਬੰਗਾਲ ਦੇ ਰਹਿਣ ਵਾਲੇ ‘ਸੈਫ਼ੁਲ ਇਸਲਾਮ’ ਨੂੰ 500-500 ਰੁਪਏ ਮੁੱਲ ਦੇ ਵੱਖ-ਵੱਖ ਸੀਰੀਜ਼ ਦੇ ਨਕਲੀ ਕਰੰਸੀ ਨੋਟਾਂ ਦੇ ਨਾਲ ਗ੍ਰਿਫ਼ਤਾਰ ਕੀਤਾ।
* 14 ਮਈ ਨੂੰ ‘ਥਿੰਪੂ’ (ਭੂਟਾਨ ਸਰਹੱਦ) ’ਤੇ ‘ਰਾਇਲ ਭੂਟਾਨ ਪੁਲਸ’ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 17.69 ਲੱਖ ਰੁਪਏ ਦੇ ਨਕਲੀ ਭਾਰਤੀ ਨੋਟ ਜ਼ਬਤ ਕੀਤੇ।
* 15 ਮਈ ਨੂੰ ‘ਕਾਂਕੇਰ’ (ਛੱਤੀਸਗੜ੍ਹ) ਜ਼ਿਲੇ ਵਿਚ ਨਸ਼ੇ ਅਤੇ ਕਰਜ਼ੇ ’ਚ ਡੁੱਬੇ ਇਕ ਨੌਜਵਾਨ ਨੂੰ 500-500 ਰੁਪਏ ਵਾਲੇ ਨਕਲੀ ਨੋਟਾਂ ਦੇ ਰੂਪ ’ਚ 6.5 ਲੱਖ ਰੁਪਏ ਮੁੱਲ ਦੀ ਨਕਲੀ ਕਰੰਸੀ, ਪ੍ਰਿੰਟਰ, ਲੈਪਟਾਪ ਅਤੇ ਸਕੈਨਰ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ।
* 18 ਮਈ ਨੂੰ ‘ਪਟਿਆਲਾ’ (ਪੰਜਾਬ) ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਜਾਅਲੀ ਕਰੰਸੀ ਮਾਡਿਊਲ ’ਚ ਸ਼ਾਮਲ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 5.50 ਲੱਖ ਰੁਪਏ ਦੀ ਨਕਲੀ ਕਰੰਸੀ ਜ਼ਬਤ ਕੀਤੀ।
* 29 ਮਈ ਨੂੰ ‘ਗਦਰਪੁਰ’ (ਉੱਤਰਾਖੰਡ) ਦੀ ਪੁਲਸ ਨੇ ਛਾਪਾ ਮਾਰ ਕੇ 4.54 ਕਰੋੜ ਰੁਪਏ ਦੀ ਨਕਲੀ ਕਰੰਸੀ ਬਰਾਮਦ ਕਰ ਕੇ ‘ਮੁਮਿਆਜ਼’ ਅਤੇ ‘ਮਨੋਜ’ ਨਾਂ ਦੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
* ਅਤੇ ਹੁਣ 31 ਮਈ ਨੂੰ ‘ਦੌਸਾ’ (ਰਾਜਸਥਾਨ) ’ਚ 500-500 ਰੁਪਏ ਵਾਲੇ 80 ਨੋਟਾਂ ਦੇ ਰੂਪ ਵਿਚ 40,000 ਰੁਪਏ ਦੇ ਨਕਲੀ ਨੋਟਾਂ ਦੇ ਨਾਲ ਫੜੇ ਗਏ ‘ਆਯੂਸ਼ ਮੀਣਾ’ ਨਾਂ ਦੇ ਇਕ ਨੌਜਵਾਨ ਤੋਂ ਮਿਲੇ ਇਨਪੁੱਟ ਦੇ ਆਧਾਰ ’ਤੇ ਇਕ ਕਾਰ ਦਾ ਪਿੱਛਾ ਕਰ ਕੇ ‘ਰਾਜਸਥਾਨ ਪੁਲਸ’ ਨੇ ‘ਫਰੀਦਾਬਾਦ’ ਦੇ ‘ਬਸੰਤਪੁਰ’ ਇਲਾਕੇ ’ਚੋਂ ‘ਅਲੀਗੜ੍ਹ’ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਫੜ ਕੇ ਉਸਦੀ ਕਾਰ ’ਚੋਂ ਨਕਲੀ ਨੋਟ ਛਾਪਣ ’ਚ ਵਰਤੇ ਜਾਣ ਵਾਲੇ 3 ਪ੍ਰਿੰਟਰ ਅਤੇ ਕੁਝ ਸ਼ੱਕੀ ਨੋਟ ਬਰਾਮਦ ਕੀਤੇ।
ਕਿਉਂਕਿ ਨਕਲੀ ਕਰੰਸੀ ਚਲਾਉਣਾ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਨੂੰ ਕਮਜ਼ੋਰ ਕਰ ਕੇ ਉਸ ਦੀਆਂ ਜੜ੍ਹਾਂ ਪੁੱਟਣ ਵਾਂਗ ਹੈ, ਇਸ ਲਈ ਇਨ੍ਹਾਂ ਦੇ ਨਿਰਮਾਣ ਜਾਂ ਸਪਲਾਈ ਨਾਲ ਜੁੜੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦੇ ਦੋਸ਼ ਹੇਠ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਦੇਸ਼ ’ਚ ਲੈਣ-ਦੇਣ ਲਈ ਨੈੱਟ ਬੈਂਕਿੰਗ ਨੂੰ ਉਤਸ਼ਾਹ ਦੇਣਾ ਚਾਹੀਦਾ ਹੈ।
—ਵਿਜੇ ਕੁਮਾਰ
ਹੈਲੀਕਾਪਟਰ ਅਤੇ ਬੁਲੇਟਪਰੂਫ ਗੱਡੀਆਂ ਪੇਪਰ ਲੀਕ ਦਾ ਹੱਲ ਨਹੀਂ
NEXT STORY