ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਟਿਕਟਾਂ ਦੀ ਵੰਡ ਕਾਰਨ ਰੁੱਸੇ ਹੋਏ ਕਾਂਗਰਸੀ ਆਗੂਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਨੂੰ ਮੁੱਖ ਰੱਖਦਿਆਂ ਬੀਤੇ ਦਿਨ ਕੈਪਟਨ ਨੇ ਕਾਂਗਰਸ ਭਵਨ 'ਚ ਮੀਟਿੰਗ ਕਰਦਿਆਂ ਕਾਂਗਰਸੀ ਆਗੂਆਂ ਦੇ ਗਿਲੇ-ਸ਼ਿਕਵੇ ਦੂਰ ਕੀਤੇ। ਕੈਪਟਨ ਨੇ ਕਈ ਮੁੱਦਿਆਂ 'ਤੇ ਪਾਰਟੀ ਨਾਲ ਨਾਰਾਜ਼ ਅਮਰਗੜ੍ਹ ਹਲਕੇ ਤੋਂ ਪਾਰਟੀ ਵਿਧਾਇਕ ਸੁਰਜੀਤ ਧੀਮਾਨ ਨਾਲ ਵੀ ਮੀਟਿੰਗ ਕੀਤੀ। ਇਸ ਤੋਂ ਇਲਾਵਾ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਅਤੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਨਾਲ ਵੀ ਕੈਪਟਨ ਨੇ ਮੁਲਾਕਾਤ ਕੀਤੀ ਅਤੇ ਉਕਤ ਆਗੂਆਂ ਅਤੇ ਵਿਧਾਇਕਾਂ ਨੂੰ ਗੁੱਸਾ ਛੱਡ ਕੇ ਪਾਰਟੀ ਦੇ ਹਿੱਤਾਂ ਤੇ ਉਮੀਦਵਾਰਾਂ ਦੀ ਜਿੱਤ ਲਈ ਕੰਮ ਕਰਨ ਦੀ ਅਪੀਲ ਕੀਤੀ।
ਵਿਧਾਇਕ ਧੀਮਾਨ ਨੇ ਇਸ ਮੌਕੇ ਕੈਪਟਨ ਨੂੰ ਕਿਹਾ ਕਿ ਪਹਿਲਾ ਮੰਤਰੀ ਮੰਡਲ ਦੇ ਗਠਨ ਵੇਲੇ ਉਨ੍ਹਾਂ ਨੂੰ ਅੱਖੋਂ-ਪਰੋਖੇ ਕੀਤਾ ਗਿਆ ਅਤੇ ਹੁਣ ਸੰਗਰੂਰ ਦੀ ਟਿਕਟ ਦੇਣ ਵੇਲੇ ਅੰਗੂਠਾ ਦਿਖਾ ਦਿੱਤਾ ਗਿਆ ਹੈ। ਧੀਮਾਨ ਲੰਬੇ ਸਮੇਂ ਤੋਂ ਦੋਸ਼ ਲਾ ਰਹੇ ਹਨ ਕਿ ਪੰਜਾਬ 'ਚ ਕਾਂਗਰਸ ਪੱਛੜੀਆਂ ਜਾਤਾਂ ਨਾਲ ਸਬੰਧਿਤ ਪਾਰਟੀ ਦੇ ਨੇਤਾਵਾਂ ਅਤੇ ਵਿਧਾਇਕਾਂ ਨਾਲ ਅਹੁਦੇ ਵੰਡਣ ਵੇਲੇ ਪੱਖਪਾਤ ਕਰਦੀ ਹੈ। ਵਿਧਾਇਕ ਦੀ ਸੁਰ ਕੈਪਟਨ ਨਾਲ ਮੀਟਿੰਗ ਕਰਨ ਤੋਂ ਬਾਅਦ ਵੀ ਨਹੀਂ ਬਦਲੀ ਅਤੇ ਉਨ੍ਹਾਂ ਬਾਅਦ 'ਚ ਗੱਲਬਾਤ ਕਰਦਿਆਂ ਕਿਹਾ ਕਿ ਓਬੀਸੀ ਨਾਲ ਸਬੰਧਿਤ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਸੰਗਰੂਰ ਤੋਂ ਟਿਕਟ ਦੇ ਦਾਅਵੇਦਾਰ ਉਨ੍ਹਾਂ ਦੇ ਪੁੱਤਰ ਜਸਵਿੰਦਰ ਧੀਮਾਨ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਤਾਂ ਉਹ ਉਸ ਦਾ ਸਾਥ ਦੇਣਗੇ ਕਿਉਂਕਿ ਪਰਿਵਾਰ ਪਹਿਲਾਂ ਤੇ ਪਾਰਟੀ ਬਾਅਦ 'ਚ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਲਈ ਆਪਣਾ ਪਰਿਵਾਰ ਨਹੀਂ ਤੋੜ ਸਕਦੇ, ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਉਹ ਪਾਰਟੀ ਜਾਂ ਕੈਪਟਨ ਤੋਂ ਨਾਰਾਜ਼ ਨਹੀਂ ਹਨ।
ਟੋਲ ਪਲਾਜ਼ਾ ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀ ਦੀ ਵਰਦੀ ਪਾੜ ਕੇ ਕੀਤੀ ਬਦਸਲੂਕੀ
NEXT STORY