ਚੰਡੀਗੜ੍ਹ (ਅਸ਼ਵਨੀ) : ਕਾਂਗਰਸ ਦੇ ਦਿੱਲੀ ਦਰਬਾਰ ਵਿਚ ਪਹਿਲੇ ਦਿਨ ਪੰਜਾਬ ਦੇ ਕਈ ਮੰਤਰੀਆਂ, ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਜੰਮ ਕੇ ਵਾਰ ਕੀਤੇ। ਬੇਅਦਬੀ-ਗੋਲੀਕਾਂਡ ਵਰਗੇ ਸੰਵੇਦਨਸ਼ੀਲ ਮੁੱਦੇ ਸਮੇਤ ਨਸ਼ਾ, ਮਾਈਨਿੰਗ ਮਾਫ਼ੀਆ ਅਤੇ ਸਰਕਾਰੀ ਜਾਂਚ ਏਜੰਸੀਆਂ ਵੱਲੋਂ ਦਬਾਅ ਦੀ ਰਾਜਨੀਤੀ ਨੂੰ ਲੈ ਕੇ ਇਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਨੇ ਖੂਬ ਭੜਾਸ ਕੱਢੀ। ਬੈਠਕ ਦੌਰਾਨ ਦਲਿਤਾਂ ਨੂੰ ਅਣਦੇਖਿਆਂ ਕਰਨ ਦਾ ਮੁੱਦਾ ਵੀ ਭਖਿਆ ਰਿਹਾ। ਬੇਅਦਬੀ-ਗੋਲੀਕਾਂਡ ਮੁੱਦੇ ’ਤੇ ਤਕਰੀਬਨ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੇ ਕੈਪਟਨ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ। ਇਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ਤੋਂ ਉਮੀਦਾਂ ਲਗਾ ਕੇ ਬੈਠੀ ਹੈ ਪਰ ਹੁਣ ਤੱਕ ਸਰਕਾਰ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕੀ। ਉੱਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਸਾਹਮਣੇ ਹਨ, ਅਜਿਹੇ ਵਿਚ ਜੇਕਰ ਇਸ ਮਸਲੇ ’ਤੇ ਕੋਈ ਠੋਸ ਕਾਰਵਾਈ ਨਹੀਂ ਹੋਈ ਤਾਂ ਕਾਂਗਰਸੀ ਆਗੂਆਂ ਲਈ ਜਨਤਾ ਵਿਚਾਲੇ ਜਾਣਾ ਅਤੇ ਜਵਾਬ ਦੇਣਾ ਮੁਸ਼ਕਿਲ ਹੋ ਜਾਵੇਗਾ।
ਇਹ ਵੀ ਪੜ੍ਹੋ : ਨਾਰਾਜ਼ ਸੰਸਦ ਮੈਂਬਰਾਂ ਤੇ ਵਿਧਾਇਕਾਂ ਲਈ ਕੈਪਟਨ ਨੇ ਸੁੱਟਿਆ ਨਵਾਂ ਪਾਸਾ, ਇਨ੍ਹਾਂ ਕੰਮਾਂ ਨੂੰ ਦਿੱਤੀ ਹਰੀ ਝੰਡੀ
ਖ਼ੁਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੈਠਕ ਤੋਂ ਪਹਿਲਾਂ ਅਤੇ ਬੈਠਕ ਤੋਂ ਬਾਅਦ ਬੇਅਦਬੀ-ਗੋਲੀਕਾਂਡ ਨੂੰ ਬੇਹੱਦ ਸੰਵੇਦਨਸ਼ੀਲ ਮੁੱਦਾ ਦੱਸਦਿਆਂ ਕਿਹਾ ਕਿ ਪੰਜਾਬ ਸਾਹਮਣੇ ਅੱਜ ਸਭ ਤੋਂ ਵੱਡੀ ਸਮੱਸਿਆ ਹੈ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਸਾਹਿਬ ਦੀ ਬੇਅਦਬੀ ਕੀਤੀ, ਪਾਵਨ ਗੁਰੂ ਦੇ ਅੰਗ ਭੰਗ ਕੀਤੇ ਗਏ, ਨਿਹੱਥੇ ਸਿੱਖਾਂ ’ਤੇ ਗੋਲੀ ਚਲਵਾਈ, ਉਨ੍ਹਾਂ ਦੇ ਅਪਰਾਧੀ ਭੰਗੜੇ ਪਾਉਂਦੇ ਹੋਏ ਘੁੰਮ ਰਹੇ ਹਨ। ਇਸ ਗੱਲ ਦਾ ਗੁੱਸਾ ਪੰਜਾਬ ਦੇ ਕਣ-ਕਣ ਵਿਚ ਹੈ। ਅੱਜ ਪੰਜਾਬ ਦੀ ਮਿੱਟੀ ਬੋਲ ਰਹੀ ਹੈ ਕਿ ਦੋਸ਼ੀਆਂ ਨੂੰ ਫੜ੍ਹ ਕੇ ਸਜ਼ਾ ਦਿੱਤੀ ਜਾਵੇ। ਹਾਲਾਂਕਿ ਜਾਖੜ ਨੇ ਕਿਹਾ ਕਿ ਅਜੇ ਵੀ ਕੁਝ ਨਹੀਂ ਵਿਗੜਿਆ ਹੈ, ਜੇਕਰ ਕੋਈ ਠੋਸ ਕਾਰਵਾਈ ਹੁੰਦੀ ਹੈ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਬੇਅਦਬੀ-ਗੋਲੀਕਾਂਡ ’ਤੇ ਕਿਹਾ ਕਿ ਇਸ ਮੁੱਦੇ ’ਤੇ ਕਾਂਗਰਸ ਇਕ ਹੈ। ਉਹ ਉਥੇ ਹੀ ਖੜ੍ਹੇ ਹਨ, ਜਿੱਥੇ ਪਹਿਲਾਂ ਖੜ੍ਹੇ ਸਨ। ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਬੇਅਦਬੀ ਦਾ ਮਾਮਲਾ ਕਿਸੇ ਇਕ ਵਿਅਕਤੀ ਵਿਸ਼ੇਸ਼ ਦਾ ਮਸਲਾ ਨਹੀਂ ਹੈ, ਸਗੋਂ ਪੂਰੇ ਪੰਜਾਬ ਅਤੇ ਪੰਜਾਬੀਆਂ ਦਾ ਮਸਲਾ ਹੈ। ਇਸ ਦਾ ਇਨਸਾਫ਼ ਹੋ ਕੇ ਰਹੇਗਾ, ਸਰਕਾਰ ਇਸ ਲਈ ਵਚਨਬੱਧ ਹੈ। ਵਿਧਾਇਕ ਰਾਜਕੁਮਾਰ ਵੇਰਕਾ ਨੇ ਵੀ ਕਿਹਾ ਕਿ ਪੰਜਾਬ ਦਾ ਹਰ ਵਿਅਕਤੀ ਅੱਜ ਇਹੀ ਚਾਹੁੰਦਾ ਹੈ ਕਿ ਬੇਅਦਬੀ-ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ।
ਇਹ ਵੀ ਪੜ੍ਹੋ : CBSE 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ ਜ਼ਰੂਰੀ ਖ਼ਬਰ, ਸਰਕਾਰ ਅੱਜ ਕਰ ਸਕਦੀ ਹੈ ਵੱਡਾ ਐਲਾਨ
ਨਵਜੋਤ ਵਾਂਗ ਚੰਨੀ ਦਾ ਸਿੱਧਾ ਹਮਲਾ, ਤੂੰ ਇੱਧਰ-ਉੱਧਰ ਦੀ ਗੱਲ ਨਾ ਕਰ, ਦੱਸ ਕਾਫਿਲਾ ਲੁੱਟਿਆ ਕਿਉਂ ?
ਪੰਜਾਬ ਮਹਿਲਾ ਕਮਿਸ਼ਨ ਵਲੋਂ ਨੋਟਿਸ ਜਾਰੀ ਹੋਣ ਤੋਂ ਬਾਅਦ ਪਹਿਲੀ ਵਾਰ ਚਰਨਜੀਤ ਸਿੰਘ ਚੰਨੀ ਦਿੱਲੀ ਵਿਚ ਖੁੱਲ੍ਹ ਕੇ ਸਾਹਮਣੇ ਆਏ। ਨਵਜੋਤ ਸਿੱਧੂ ਦੀ ਤਰ੍ਹਾਂ ਚਰਨਜੀਤ ਚੰਨੀ ਨੇ ਇੱਥੇ ਸ਼ਾਇਰਨਾ ਅੰਦਾਜ਼ ਵਿਚ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਮ ਲਏ ਬਿਨਾਂ ਉਨ੍ਹਾਂ ’ਤੇ ਸਿੱਧਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇੱਧਰ-ਉਧਰ ਦੀ ਗੱਲ ਨਾ ਕਰ, ਦੱਸ ਕਾਫਿਲਾ ਲੁੱਟਿਆ ਕਿਉਂ? ਉਥੇ ਹੀ ਕਮਿਸ਼ਨ ਦੇ ਨੋਟਿਸ ’ਤੇ ਉਨ੍ਹਾਂ ਕਿਹਾ ਕਿ ਇਸ ’ਤੇ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਬਿਨਾਂ ਅੱਗ ਦੇ ਧੂੰਆ ਜ਼ਿਆਦਾ ਦੇਰ ਨਹੀਂ ਰਹਿੰਦਾ। ਚੰਨੀ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਬੇਅਦਬੀ-ਗੋਲੀਕਾਂਡ ਦੇ ਮੁੱਦੇ ਸਮੇਤ ਨਸ਼ੇ ਦੇ ਸੌਦਾਗਾਰਾਂ ਨੂੰ ਫੜ੍ਹਨ ਦਾ, ਬੱਸਾਂ ਦਾ ਅਤੇ ਦਲਿਤ ਵਰਗ ਦਾ ਮੁੱਦਾ ਅਹਿਮ ਹੈ। ਗੱਲ ਇਨ੍ਹਾਂ ਮੁੱਦਿਆਂ ਦੀ ਹੈ, ਇਸ ਤੋਂ ਇਲਾਵਾ ਨਾ ਤਾਂ ਗੱਲ ਕਿਸੇ ਅਹੁਦੇ ਦੀ ਹੈ ਅਤੇ ਨਾ ਹੀ ਕਿਸੇ ਨੂੰ ਹਟਾਉਣ ਦੀ ਹੈ। ਗੱਲ ਸਿਰਫ਼ ਇੰਨੀ ਹੈ ਕਿ ਮਸਲੇ ਹੱਲ ਕਰ ਦੇਵੋ।
ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਵਧਾਇਆ ਗਿਆ 'ਲਾਕਡਾਊਨ'
ਦਲਿਤਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ
ਬੈਠਕ ਵਿਚ ਕਾਂਗਰਸ ਵਿਧਾਇਕਾਂ ਨੇ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਨੇ ਦਲਿਤਾਂ ਨੂੰ ਲੈ ਕੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਕਈ ਵਾਅਦੇ ਪੂਰੇ ਨਹੀਂ ਹੋ ਸਕੇ। ਅਲਬੱਤਾ, ਦਲਿਤਾਂ ਨੂੰ ਮਿਲਣ ਵਾਲੇ ਵਜੀਫ਼ੇ ਵਿਚ ਧਾਂਦਲੇਬਾਜ਼ੀ ਕਾਰਣ ਕਾਫ਼ੀ ਕਿਰਕਿਰੀ ਝੱਲਣੀ ਪਈ ਹੈ। ਜੇਕਰ ਦਲਿਤਾਂ ਨੂੰ ਬਰਾਬਰ ਭਾਗੀਦਾਰੀ ਨਾ ਮਿਲੀ ਤਾਂ ਪੰਜਾਬ ਕਾਂਗਰਸ ਨੂੰ 2022 ਦੀਆਂ ਚੋਣਾਂ ਵਿਚ ਨੁਕਸਾਨ ਝੱਲਣਾ ਪੈ ਸਕਦਾ ਹੈ। ਵਿਧਾਇਕ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਬੈਠਕ ਵਿਚ ਦਲਿਤਾਂ ਨਾਲ ਜੁੜੇ ਮਸਲੇ ’ਤੇ ਗੰਭੀਰਤਾ ਨਾਲ ਮੰਥਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਭਾਰਤੀ ਜਨਤਾ ਪਾਰਟੀ ਤੱਕ ਨੇ ਦਲਿਤ ਚਿਹਰੇ ਨੂੰ ਵਿਸ਼ੇਸ਼ ਤਰਜ਼ਮਾਨੀ ਦੇਣ ਦਾ ਐਲਾਨ ਕੀਤਾ ਹੈ ਅਤੇ ਕਾਂਗਰਸ ਨੂੰ ਵੀ ਇਸ ਦਿਸ਼ਾ ਵਿਚ ਪਹਿਲ ਕਰਨੀ ਚਾਹੀਦੀ ਹੈ। ਵੇਰਕਾ ਨੇ ਕਿਹਾ ਕਿ ਕਮੇਟੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਅਤੇ ਸੰਭਵ ਹੈ ਕਿ ਪੰਜਾਬ ਵਿਚ ਦਲਿਤ ਭਾਈਚਾਰੇ ਨੂੰ ਛੇਤੀ ਹੀ ਚੰਗੀ ਖ਼ਬਰ ਮਿਲੇ।
2022 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ’ਤੇ ਵੀ ਮੰਥਨ
ਤਿੰਨ ਮੈਂਬਰੀ ਕਮੇਟੀ ਨੇ ਵਿਧਾਇਕਾਂ ਨਾਲ ਗੱਲਬਾਤ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਨੂੰ ਲੈ ਕੇ ਰਣਨੀਤੀ ਸਬੰਧੀ ਵੀ ਵਿਚਾਰ ਸੁਣੇ। ਵਿਧਾਇਕਾਂ ਨੇ ਕਿਹਾ ਕਿ ਜੇਕਰ ਸਰਕਾਰ ਬੇਅਦਬੀ-ਗੋਲੀਕਾਂਡ ਮਾਮਲੇ ਵਿਚ ਦੋਸ਼ੀਆਂ ਨੂੰ ਸਲਾਖ਼ਾਂ ਦੇ ਪਿੱਛੇ ਪਹੁੰਚਾਉਂਦੀ ਹੈ ਤਾਂ 2022 ਦਾ ਦੁਰਗ ਫ਼ਤਹਿ ਕਰਨਾ ਮੁਸ਼ਕਿਲ ਨਹੀਂ ਹੋਵੇਗਾ। ਇਸ ਕੜੀ ਵਿਚ ਕਈ ਵਿਧਾਇਕਾਂ ਨੇ 2017 ਵਿਚ ਕਾਂਗਰਸੀ ਘੋਸ਼ਣਾ ਪੱਤਰ ਵਿਚ ਕੀਤੇ ਵਾਅਦਿਆਂ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਦੀ ਗੱਲ ਕਹੀ। ਵਿਧਾਇਕ ਰਾਜਕੁਮਾਰ ਵੇਰਕਾ ਨੇ ਦੱਸਿਆ ਕਿ ਬੈਠਕ ਵਿਚ ਉਨ੍ਹਾਂ ਸਾਰੀਆਂ ਚੁਣੌਤੀਆਂ ’ਤੇ ਚਰਚਾ ਹੋਈ ਹੈ, ਜੋ 2022 ਵਿਚ ਸਾਹਮਣੇ ਖੜ੍ਹੀਆਂ ਹੋ ਸਕਦੀਆਂ ਹਨ। ਵਿਧਾਇਕ ਪਵਨ ਕਮਾਰ ਆਦਿਆ ਨੇ ਕਿਹਾ ਕਿ ਬੈਠਕ ਦੌਰਾਨ 2022 ਦੀ ਰਣਨੀਤੀ ਨੂੰ ਲੈ ਕੇ ਰਾਏਸ਼ੁਮਾਰੀ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਆਪਣੀ ਗੱਲ ਕਮੇਟੀ ਦੇ ਸਾਹਮਣੇ ਰੱਖ ਦਿੱਤੀ ਹੈ। ਵਿਧਾਇਕ ਰਾਣਾ ਗੁਰਜੀਤ ਨੇ ਵੀ ਕਿਹਾ ਕਿ ਉਨ੍ਹਾਂ ਨੇ 2022 ਵਿਚ ਪੰਜਾਬ ਕਾਂਗਰਸ ਦੀ ਜਿੱਤ ਨੂੰ ਲੈ ਕੇ ਆਪਣੀ ਰਾਏ ਦਿੱਤੀ ਹੈ। ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਉਨ੍ਹਾਂ ਤੋਂ ਸੁਝਾਅ ਮੰਗੇ ਸਨ ਅਤੇ ਉਨ੍ਹਾਂ ਨੇ ਆਪਣੇ ਸੁਝਾਅ ਕਮੇਟੀ ਨੂੰ ਦਿੱਤੇ ਹਨ।
ਅੱਜ 6 ਮੰਤਰੀਆਂ ਸਮੇਤ ਪਰਗਟ ਸਿੰਘ, ਨਵਜੋਤ ਸਿੱਧੂ ਨਾਲ ਹੋਵੇਗੀ ਮੁਲਾਕਾਤ
ਕਾਂਗਰਸ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ, ਜੀ.ਪੀ. ਅਗਰਵਾਲ ਅਤੇ ਹਰੀਸ਼ ਰਾਵਤ ਵਾਲੀ ਤਿੰਨ ਮੈਂਬਰੀ ਕਮੇਟੀ ਮੰਗਲਵਾਰ ਨੂੰ ਵੀ ਮੰਤਰੀਆਂ, ਵਿਧਾਇਕਾਂ ਅਤੇ ਹੋਰ ਨੇਤਾਵਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿਚ ਪੰਜਾਬ ਦੇ ਕਰੀਬ 6 ਮੰਤਰੀਆਂ ਸਮੇਤ ਵਿਧਾਇਕ ਪਰਗਟ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਾਮਲ ਹੋਣਗੇ। ਚਰਨਬੱਧ ਤਰੀਕੇ ਨਾਲ ਹੋਣ ਵਾਲੀ ਇਸ ਬੈਠਕ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਕਮੇਟੀ ਦੇ ਸਾਹਮਣੇ ਆਪਣੀ ਗੱਲ ਰੱਖਣਗੇ। ਸੋਮਵਾਰ ਨੂੰ ਪਹਿਲੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਭ ਤੋਂ ਪਹਿਲਾਂ ਕਮੇਟੀ ਦੇ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਸ ਗੱਲਬਾਤ ਦੌਰਾਨ ਵਿਰੋਧੀ ਤੇਵਰ ਵਿਖਾਉਣ ਵਾਲੇ ਕਾਂਗਰਸ ਨੇਤਾਵਾਂ ’ਤੇ ਮੰਥਨ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਹੈਰਾਨੀਜਨਕ: ਪਰਿਵਾਰ ਵਾਲੇ ਕਰ ਰਹੇ ਸਨ ਅੰਤਿਮ ਸੰਸਕਾਰ ਦੀ ਤਿਆਰੀ, ਜ਼ਿੰਦਾ ਹੋਈ 75 ਸਾਲਾ ਬੀਬੀ
NEXT STORY