ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ 'ਤੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰਨ ਅਤੇ ਉਨ੍ਹਾਂ ਨੂੰ ਕਰਜ਼ਾ ਮੁਆਫੀ ਤੋਂ ਜਵਾਬ ਦੇ ਕੇ ਤਬਾਹੀ ਅਤੇ ਖੁਦਕੁਸ਼ੀਆਂ ਵੱਲ ਧੱਕਣ ਦਾ ਦੋਸ਼ ਲਾਇਆ ਹੈ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਹਰ ਵਾਅਦੇ ਦੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਵੀ ਕੱਟ-ਵੱਢ ਕੇ ਇਕ ਮਾਮੂਲੀ ਰਾਸ਼ੀ ਬਣਾ ਦਿੱਤਾ ਗਿਆ ਹੈ। ਜਦਕਿ ਕੈਪਟਨ ਨੇ ਆਪਣੇ ਵਾਅਦੇ ਵਿਚ ਕਿਸਾਨਾਂ ਵੱਲੋਂ ਸਹਿਕਾਰੀ, ਰਾਸ਼ਟਰੀ ਅਤੇ ਆੜ੍ਹਤੀਏ ਤੋਂ ਲਏ ਕਰਜ਼ਿਆਂ ਨੂੰ ਮੁਆਫ ਕਰਨ ਦੀ ਗੱਲ ਕੀਤੀ ਸੀ।
ਸਰਕਾਰ ਦੇ ਤਾਜ਼ਾ ਕਦਮ ਨੂੰ ਇਕ ਅੱਲੇ ਜ਼ਖ਼ਮ ਨੂੰ ਝਰੀਟ ਸਮਝ ਕੇ ਨਜ਼ਰਅੰਦਾਜ਼ ਕਰਨ ਦੇ ਤੁੱਲ ਕਰਾਰ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਸਰਕਾਰੀ ਖ਼ਜ਼ਾਨੇ ਵਿਚੋਂ ਹੁਣ 2 ਲੱਖ ਰੁਪਏ ਤਕ ਦੇ ਕਰਜ਼ੇ ਮੁਆਫ ਕਰਨ ਲਈ ਖਰਚਿਆ ਪੈਸਾ ਕੋਈ ਮੰਤਵ ਹੱਲ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਫਸਲੀ ਕਰਜ਼ਿਆਂ ਵਿਚ ਅਦਾਇਗੀ ਦੀ ਦਰ 95 ਫੀਸਦੀ ਹੁੰਦੀ ਹੈ ਅਤੇ 1986 ਤੋਂ ਮਗਰੋਂ ਸਰਕਾਰ ਨੇ ਇਨ੍ਹਾਂ ਕਰਜ਼ਿਆਂ ਦੀ ਵਸੂਲੀ ਲਈ ਕਦੇ ਵੀ ਕਿਸਾਨਾਂ ਦੀਆਂ ਜਾਇਦਾਦਾਂ ਜ਼ਬਤ ਨਹੀਂ ਕੀਤੀਆਂ। ਇਸ ਗੱਲ ਦਾ ਖੁਲਾਸਾ ਪਿਛਲੇ ਵਿਧਾਨ ਸਭਾ ਸਮਾਗਮ ਦੌਰਾਨ ਇਕ ਸੁਆਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਖੁਦ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਅਗਲੇ ਮਹੀਨੇ ਜਨਵਰੀ ਤੋਂ ਫਸਲੀ ਕਰਜ਼ਾ ਸਕੀਮ ਨੂੰ ਲਾਗੂ ਕਰਨ ਦੇ ਨਾਂ ਉਤੇ ਸਰਕਾਰ ਇਕ ਨਾਟਕ ਕਰ ਰਹੀ ਹੈ ਕਿਉਂਕਿ ਇਸ ਨੂੰ ਲਾਗੂ ਕਰਨ ਨਾਲ ਉਹ ਸਾਰੇ ਅਸਲੀ ਲਾਭਪਾਤਰੀ ਇਸ ਦੇ ਦਾਇਰੇ ਵਿਚ ਹੀ ਨਹੀਂ ਆਉਣਗੇ, ਜਿਨ੍ਹਾਂ ਦੇ ਨਾਂ ਉੱਤੇ ਇਹ ਸਕੀਮ ਘੜੀ ਗਈ ਹੈ।
ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ 'ਚ 1 ਨਾਮਜ਼ਦ
NEXT STORY