ਚੰਡੀਗੜ੍ਹ (ਰਮਨਜੀਤ) - ਨਸ਼ਾ ਸਮੱਗਲਰਾਂ ਨਾਲ ਸਬੰਧਾਂ 'ਤੇ ਆਈਆਂ ਵੱਖ-ਵੱਖ ਰਿਪੋਰਟਾਂ ਸਬੰਧੀ ਪੰਜਾਬ ਪੁਲਸ ਤੇ ਸਰਕਾਰ ਵਿਚ ਮਚੇ ਹੜਕੰਪ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹਾ ਪੱਤਰ ਲਿਖ ਕੇ ਉਨ੍ਹਾਂ 'ਤੇ ਗੰਭੀਰ ਦੋਸ਼ ਲਾਏ ਹਨ। ਖਹਿਰਾ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸੱਤਾ ਵਿਚ ਆਉਣ ਉਪਰੰਤ ਚਾਰ ਹਫਤਿਆਂ ਵਿਚ ਨਸ਼ੇ ਖਤਮ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਹੁੰ ਚੁੱਕੀ ਗਈ ਸੀ ਪਰ ਸੱਤਾ ਵਿਚ ਆਉਣ ਤੋਂ ਬਾਅਦ ਉਹ ਇਸ ਸਹੁੰ ਦੇ ਉਲਟ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਤਾਂ ਨਸ਼ਾ ਸਮੱਗਲਰਾਂ ਨਾਲ ਸਬੰਧ ਰੱਖਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਪਰ ਐੱਸ. ਟੀ. ਐੱਫ. ਤੇ ਐੱਸ. ਆਈ. ਟੀ. ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਿੱਤੀਆਂ ਜਾਂਚ ਰਿਪੋਰਟਾਂ ਵਿਚ ਨਾਂ ਆਉਣ ਦੇ ਬਾਵਜੂਦ ਨਾ ਤਾਂ ਬਿਕਰਮ ਸਿੰਘ ਮਜੀਠੀਆ ਤੇ ਨਾ ਹੀ ਡੀ. ਜੀ. ਪੀ. ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ 'ਤੇ ਹੀ ਕੋਈ ਕਾਰਵਾਈ ਹੋਈ ਹੈ, ਉਲਟਾ ਕੈਪਟਨ ਵਲੋਂ ਸੱਚ ਨੂੰ ਸਾਹਮਣੇ ਲਿਆਉਣ ਵਾਲੇ ਅਧਿਕਾਰੀਆਂ ਦੇ ਹੀ ਖੰਭ ਕੁਤਰ ਦਿੱਤੇ ਹਨ।
ਖਹਿਰਾ ਨੇ ਕਿਹਾ ਕਿ ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਂਗ ਚੁਪ ਬੈਠ ਕੇ ਨਹੀਂ ਦੇਖੇਗੀ ਬਲਕਿ 13 ਅਪ੍ਰੈਲ ਨੂੰ ਤਲਵੰਡੀ ਸਾਬੋ ਵਿਚ ਆਮ ਆਦਮੀ ਪਾਰਟੀ ਵਲੋਂ ਆਪਣੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ ਤਾਂ ਕਿ ਕੈਪਟਨ ਨੂੰ ਕਾਰਵਾਈ ਲਈ ਜਾਂ ਤਾਂ ਮਜਬੂਰ ਕੀਤਾ ਜਾ ਸਕੇ ਜਾਂ ਫਿਰ ਕੈਪਟਨ ਮੁੜ ਤਲਵੰਡੀ ਸਾਬੋ ਪਹੁੰਚ ਕੇ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਚੋਣਾਂ ਤੋਂ ਪਹਿਲਾਂ ਚੁੱਕੀ ਗਈ ਸਹੁੰ ਦੀ ਮੁਆਫ਼ੀ ਮੰਗਣ। ਖਹਿਰਾ ਨੇ ਕਿਹਾ ਕਿ ਐੱਸ. ਟੀ. ਐੱਫ. ਰਿਪੋਰਟ ਦੇ ਤੱਥਾਂ ਅਨੁਸਾਰ ਬਿਕਰਮ ਮਜੀਠੀਆ ਦੇ ਡਰੱਗ ਮਾਫੀਆ ਨਾਲ ਸਬੰਧ ਹੋਣ ਦੇ ਪੁਖਤਾ ਸਬੂਤ ਸਾਹਮਣੇ ਆ ਗਏ ਹਨ। ਐੱਸ. ਟੀ. ਐੱਫ. ਨੇ ਰਿਪੋਰਟ ਕੀਤੀ ਹੈ ਕਿ ਬਿਕਰਮ ਮਜੀਠੀਆ ਨੇ ਜਗਜੀਤ ਚਾਹਲ ਅਤੇ ਬਿੱਟੂ ਔਲਖ ਆਦਿ ਰਾਹੀਂ ਸਤਪ੍ਰੀਤ ਸੱਤਾ ਅਤੇ ਪਰਮਿੰਦਰ ਪਿੰਦੀ ਵਰਗੇ ਅੰਤਰਰਾਸ਼ਟਰੀ ਡਰੱਗ ਮਾਫੀਆ ਨੂੰ ਨਸ਼ਿਆਂ 'ਤੇ ਵਰਤੇ ਜਾਣ ਵਾਲੇ ਕੈਮੀਕਲ ਦੀ ਸਪਲਾਈ ਮੁਹੱਈਆ ਕਰਵਾਈ। ਇਹ ਵੀ ਪੁਖਤਾ ਸਬੂਤ ਹੈ ਕਿ ਜਗਜੀਤ ਚਾਹਲ ਨੇ ਬਿਕਰਮ ਮਜੀਠੀਆ ਦੇ ਗਰੀਨ ਐਵੀਨਿਊ ਅੰਮ੍ਰਿਤਸਰ ਵਾਲੇ ਘਰ ਵਿਚ 35 ਲੱਖ ਰੁਪਏ ਚੋਣ ਫੰਡ ਵਜੋਂ ਦਿੱਤੇ। ਸੱਤਾ ਅਤੇ ਪਿੰਦੀ ਜਦ ਵੀ ਪੰਜਾਬ ਆਉਂਦੇ ਸਨ ਤਾਂ ਉਸ ਦੀਆਂ ਸਰਕਾਰੀ ਗੱਡੀਆਂ ਅਤੇ ਗੰਨਮੈਨ ਵਰਤਦੇ ਸਨ। ਐੱਸ. ਟੀ. ਐੱਫ. ਨੇ ਹਾਈ ਕੋਰਟ ਵਿਚ ਦਿੱਤੇ ਆਪਣੇ ਐਫੀਡੇਵਿਟ ਵਿਚ ਆਖਿਆ ਹੈ ਕਿ ਉਕਤ ਸਬੂਤਾਂ ਦੇ ਆਧਾਰ 'ਤੇ ਬਿਕਰਮ ਮਜੀਠੀਆ ਖਿਲਾਫ ਕਾਰਵਾਈ ਅਤੇ ਜਾਂਚ ਹੋਣੀ ਚਾਹੀਦੀ ਹੈ।
ਮੀਂਹ ਤੇ ਝੱਖੜ ਨੇ ਕਿਸਾਨਾਂ ਦੇ ਅਰਮਾਨਾਂ 'ਤੇ ਫੇਰਿਆ ਪਾਣੀ
NEXT STORY