ਤਰਨਤਾਰਨ (ਰਮਨ)- ਕਿਰਗਿਸਤਾਨ ਦੇ ਬਿਸ਼ਕੇਕ 'ਚ ਖਤਮ ਹੋਈ ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਨਵਜੋਤ ਕੌਰ ਦਾ ਅੱਜ ਉਸ ਦੇ ਜੱਦੀ ਪਿੰਡ ਬਾਗੜੀਆਂ ਪੁੱਜਣ 'ਤੇ ਪੂਰੇ ਜੋਸ਼ ਅਤੇ ਧੂਮ-ਧੜੱਕੇ ਨਾਲ ਸਵਾਗਤ ਕੀਤਾ ਗਿਆ ।
ਇਸ ਮੌਕੇ ਨਵਜੋਤ ਕੌਰ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਭਾਰਤ ਦੀ ਪਹਿਲੀ ਮਹਿਲਾ ਸੋਨ ਤਮਗਾ ਜੇਤੂ ਰੈਸਲਰ ਬਣਨ 'ਤੇ ਉਸ ਨੂੰ ਮਾਣ ਹੈ। ਉਸ ਨੇ ਕਿਹਾ ਕਿ ਅੱਗੇ ਤੋਂ ਵੀ ਉਹ ਅਜਿਹੇ ਤਮਗੇ ਜਿੱਤਣ ਦੀ ਕੋਸ਼ਿਸ਼ ਜਾਰੀ ਰੱਖੇਗੀ ਤੇ ਆਪਣੇ ਪੰਜਾਬ ਸੂਬੇ ਦਾ ਨਾਂ ਪੂਰੀ ਦੁਨੀਆ 'ਚ ਰੌਸ਼ਨ ਕਰਦੀ ਰਹੇਗੀ।
ਇਸ ਮੌਕੇ ਨਵਜੋਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਮੈਨੂੰ ਵੀ ਪੰਜਾਬ ਪੁਲਸ ਵਿਚ ਬਤੌਰ ਡੀ. ਐੱਸ. ਪੀ. ਲਾਇਆ ਜਾਵੇ। ਉਸ ਨੇ ਗੱਲਾਂ-ਗੱਲਾਂ ਵਿਚ ਕ੍ਰਿਕਟਰ ਹਰਮਨਪ੍ਰੀਤ ਕੌਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕ੍ਰਿਕਟਰਾਂ ਨੂੰ ਤਾਂ ਸਰਕਾਰ ਬਹੁਤ ਹੀ ਜਲਦ ਸਰਕਾਰੀ ਨੌਕਰੀ ਦੇ ਦਿੰਦੀ ਹੈ ਅਤੇ ਉਨ੍ਹਾਂ 'ਤੇ ਇਨਾਮਾਂ ਦਾ ਮੀਂਹ ਵਰ੍ਹਾਇਆ ਜਾਂਦਾ ਹੈ ਪਰ ਹੋਰਨਾਂ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਅੱਖੋਂ-ਪਰੋਖੇ ਕੀਤਾ ਜਾਂਦਾ ਹੈ।
ਉਸ ਨੇ ਨਾਲ ਹੀ ਕਿਹਾ ਕਿ ਮੈਂ 2004 ਤੋਂ ਦੇਸ਼ ਲਈ ਤਮਗੇ ਜਿੱਤ ਰਹੀ ਹਾਂ ਪਰ ਮੇਰੀ ਕਿਸੇ ਨੇ ਸਾਰ ਨਹੀਂ ਲਈ। ਹਾਲਾਂਕਿ ਉਸ ਨੇ ਕਿਹਾ ਕਿ ਰੇਲਵੇ ਨੇ ਉਸ ਨੂੰ ਔਖੇ ਸਮੇਂ ਵਿਚ ਨੌਕਰੀ ਦੇ ਕੇ ਉਸ ਦੀ ਬਹੁਤ ਸਹਾਇਤਾ ਕੀਤੀ।
ਇਸ ਮੌਕੇ ਸੋਨ ਤਮਗਾ ਜੇਤੂ ਖਿਡਾਰਨ ਦੇ ਪਿਤਾ ਸੁਖਚੈਨ ਸਿੰਘ, ਮਾਤਾ ਗਿਆਨ ਕੌਰ, ਭੈਣ ਨਵਜੀਤ ਕੌਰ, ਭਰਾ ਯੁਵਰਾਜ ਸਿੰਘ, ਸਰਪੰਚ ਬਿਕਰਮ ਸਿੰਘ, ਕੋਚ ਅਸ਼ੋਕ ਕੁਮਾਰ ਆਦਿ ਨੇ ਵੀ ਨਵਜੋਤ ਕੌਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ।
ਮੁੱਖ ਮੰਤਰੀ ਦਾ ਅਜੇ ਤਕ ਨਹੀਂ ਆਇਆ ਕੋਈ ਫੋਨ
ਨਵਜੌਤ ਕੌਰ ਨੇ 'ਜਗ ਬਾਣੀ' ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਤਮਗਾ ਜਿੱਤਣ ਤੋਂ ਲੈ ਕੇ ਘਰ ਪੁੱਜਣ ਤਕ ਉਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਈ ਵੀ ਫੋਨ ਵਧਾਈ ਲਈ ਨਹੀਂ ਆਇਆ, ਜਿਸ ਤੋਂ ਉਹ ਨਿਰਾਸ਼ ਹੈ, ਹਾਲਾਂਕਿ ਉਸ ਨੇ ਨਾਲ ਹੀ ਕੈਪਟਨ ਦੇ ਵਧਾਈ ਟਵੀਟ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਡਿਪਟੀ ਡੀ.ਈ.ਓ. ਤੇ ਐੱਲ.ਏ. ਦਾ ਕਲਰਕ 70 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਕਾਬੂ
NEXT STORY