ਜਲੰਧਰ (ਧਵਨ) - ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨ ਸੰਗਠਨ ਬੀ. ਕੇ. ਯੂ.-ਉਗਰਾਹਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਨਸਾ ਫੇਰੀ ਦੌਰਾਨ ਕੀਤੇ ਗਏ ਪ੍ਰੋਟੈਸਟ ਨੂੰ ਸਿਆਸਤ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਉਦੇਸ਼ ਸਰਕਾਰ ਵਲੋਂ ਕਪਾਹ ਦੇ ਕਿਸਾਨਾਂ ਨੂੰ ਰਾਹਤ ਦਿਵਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੋਂ ਕਿਸਾਨਾਂ ਦਾ ਧਿਆਨ ਹਟਾਉਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਪਾਹ ਦੀ ਫਸਲ 'ਤੇ ਚਿੱਟੀ ਮੱਖੀ ਵਲੋਂ ਕੀਤੇ ਗਏ ਹਮਲੇ ਦਾ ਖੁਦ ਨੋਟਿਸ ਲੈਂਦਿਆਂ ਮੌਕੇ 'ਤੇ ਪਹੁੰਚ ਕੇ ਉਸਦੀ ਪੜਤਾਲ ਕਰਨ ਦੀਆਂ ਕੋਸ਼ਿਸ਼ਾਂ ਦੀਆਂ ਸ਼ਲਾਘਾ ਕਰਨ ਦੀ ਬਜਾਏ ਬੀ. ਕੇ. ਯੂ. ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ। ਅਜਿਹਾ ਕਰਕੇ ਬੀ. ਕੇ. ਯੂ. ਕਿਸਾਨਾਂ ਦਾ ਬੁਰਾ ਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਮੀਦ ਸੀ ਕਿ ਕਿਸਾਨ ਸੰਗਠਨ ਬੀ. ਕੇ. ਯੂ. ਵਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਦੇ ਸਾਹਮਣਏ ਰੱਖਿਆ ਜਾਵੇਗਾ ਜੋ ਪਿਛਲੇ 10 ਸਾਲਾਂ ਤੋਂ ਅਕਾਲੀਆਂ ਦੇ ਰਾਜ ਵਿਚ ਤਕਲੀਫ ਝੱਲਦੇ ਰਹੇ ਹਨ ਪਰ ਬੀ. ਕੇ. ਯੂ. ਨੇ ਮੁੱਖ ਮੰਤਰੀ ਦੇ ਦੌਰੇ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ।
ਜਾਖੜ ਨੇ ਕਿਹਾ ਕਿ ਬੀ. ਕੇ. ਯੂ.-ਉਗਰਾਹਾਂ ਵਲੋਂ ਦਿੱਤੇ ਗਏ ਬਿਆਨ ਅਸਲੀਅਤ ਤੋਂ ਦੂਰ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਬੀ. ਕੇ. ਯੂ. ਵਲੋਂ ਦਿੱਤੇ ਗਏ ਮੈਮੋਰੰਡਮ ਨੂੰ ਵੀ ਸਵੀਕਾਰ ਕੀਤਾ ਤੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਸਰਕਾਰ ਵਿਚਾਰ ਕਰੇਗੀ। ਜਾਖੜ ਨੇ ਕਿਹਾ ਕਿ ਸੂਬੇ ਵਿਚ ਚੱਲ ਰਹੇ ਗੰਭੀਰ ਮਾਲੀ ਸੰਕਟ ਦੇ ਬਾਵਜੂਦ ਕਾਂਗਰਸ ਸਰਕਾਰ ਕਿਸਾਨਾਂ ਨੂੰ ਰਾਹਤ ਦੇਣਾ ਚਾਹੁੰਦੀ ਹੈ ਜੋ ਕਿ ਕਰਜ਼ਿਆਂ ਦੇ ਜੰਜਾਲ ਵਿਚ ਫਸੇ ਹੋਏ ਹਨ। ਸਾਬਕਾ ਅਕਾਲੀ ਸਰਕਾਰ ਤਾਂ ਉਨ੍ਹਾਂ ਲਈ ਕੁਝ ਵੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਬੀ. ਕੇ. ਯੂ. ਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਹੀ ਸਰਕਾਰ ਦੇ ਕਦਮਾਂ ਤੋਂ ਘਬਰਾ ਕੇ ਹੁਣ ਆਪਣੇ ਸਿਆਸੀ ਹਿੱਤਾਂ ਖਾਤਰ ਜਨਤਾ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ। ਅਕਾਲੀ ਦਲ ਵਲੋਂ ਲਗਾਏ ਗਏ ਦੋਸ਼ਾਂ ਨੂੰ ਜ਼ਿਕਰ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਅਕਾਲੀ ਵੀ ਕਿਸਾਨਾਂ ਦਾ ਹਿੱਤ ਚਾਹੁਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਵਿਚ ਸਾਕਾਰਾਤਮਕ ਭੂਮਿਕਾ ਅਦਾ ਕਰੇਗੀ। ਉਹ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲੇਗੀ ਤੇ ਮਸਲਿਆਂ ਦਾ ਹੱਲ ਕੀਤਾ ਜਾਵੇਗਾ। ਪੰਜਾਬ ਨੂੰ ਪਹਿਲਾਂ ਹੀ ਮਾਫੀਆ ਰਾਜ ਤੋਂ ਮੁਕਤੀ ਦਿਵਾ ਦਿੱਤੀ ਗਈ ਹੈ।
3ਹੋਰ ਔਰਤਾਂ ਦੇ ਕੱਟੇ ਗਏ ਵਾਲ
NEXT STORY