ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਸਾਨੀ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ 'ਤੇ ਕੀਤੇ ਹਮਲੇ ਦਾ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਕਿਸਾਨੀ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਕਰਨ 'ਚ ਆਪਣੀ ਅਸਫਲਤਾ ਨੂੰ ਲੁਕਾਉਣ ਲਈ ਬੁਖਲਾਹਟ 'ਚ ਆ ਕੇ ਸ਼ਰਮਨਾਕ ਨੀਵੇਂ ਦਰਜੇ ਦੀ ਰਾਜਨੀਤੀ ਕਰਦਾ ਹੋਇਆ ਬੇਤੁਕੀ ਦੋਹਰੀ ਬੋਲੀ ਬੋਲ ਰਿਹਾ ਹੈ। ਕੇਂਦਰੀ ਕਾਨੂੰਨਾਂ ਨੂੰ ਦਿੱਲੀ ਵਿੱਚ ਨੋਟੀਫਾਈ ਕਰਕੇ ਕਿਸਾਨਾਂ ਦੀ ਲੜਾਈ ਨੂੰ ਕਮਜ਼ੋਰ ਕਰਨ ਲਈ ਆਮ ਆਦਮੀ ਪਾਰਟੀ ਦੇ ਆਗੂ ਦੀ ਆਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ ਕਿ ਤੁਸੀਂ ਪੰਜਾਬ ਵਾਂਗ ਆਪਣੇ ਸੂਬੇ ਦੀ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕਰਕੇ ਕੇਂਦਰ ਖਿਲਾਫ ਸਟੈਂਡ ਕਿਉ ਨਹੀਂ ਲੈਂਦੇ?
ਮੁੱਖ ਮੰਤਰੀ ਨੇ ਕੇਜਰੀਵਾਲ ਦੇ ਉਸ ਦਾਅਵੇ ਨੂੰ ਮੂਲੋਂ ਰੱਦ ਕੀਤਾ ਕਿ ਸੂਬੇ ਕੇਂਦਰੀ ਕਾਨੂੰਨਾਂ ਖਿਲਾਫ ਬੇਵੱਸ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਪ ਆਗੂ ਖਤਰਨਾਕ ਕਾਨੂੰਨਾਂ ਖਿਲਾਫ ਲੜਾਈ ਲੜਨ ਦੀ ਕੋਸ਼ਿਸ਼ ਵੀ ਨਹੀਂ ਕਰਨਾ ਚਾਹੁੰਦਾ। ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ ਕਿ ਉਹ ਘੱਟੋ-ਘੱਟ ਕੇਂਦਰੀ ਕਾਨੂੰਨਾਂ ਦੇ ਮਾੜੇ ਪ੍ਰਭਾਵਾਂ ਕੁੱਝ ਹੱਦ ਤੱਕ ਬੇਅਸਰ ਕਰਨ ਲਈ ਸੂਬੇ ਦੀ ਵਿਧਾਨ ਸਭਾ ਵਿੱਚ ਕੋਈ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਿਉ ਨਹੀਂ ਕਰਦਾ?
ਇਹ ਵੀ ਪੜ੍ਹੋ : ਪੰਜਾਬ 'ਚ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਮੈਂ ਲਵਾਵਾਂਗਾ : ਕੈਪਟਨ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਕਾਨੂੰਨਾਂ ਨੂੰ ਚੁੱਪ-ਚੁਪੀਤੇ ਨੋਟੀਫਾਈ ਕਰਨ ਦੀ ਬਜਾਏ ਕੇਜਰੀਵਾਲ ਨੂੰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਕੁਝ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਸਨ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਇਹ ਮੀਸਣਾ ਵਿਅਕਤੀ ਜਿਸ ਦੇ ਦੋਹਰੇ ਮਾਪਦੰਡ ਵਾਰ-ਵਾਰ ਸਾਹਮਣੇ ਆ ਰਹੇ ਹਨ, ਹੁਣ ਇਸ ਮੁੱਦੇ ਉਤੇ ਪੂਰੀ ਤਰ੍ਹਾਂ ਘਿਰਿਆ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਪੰਜਾਬ ਦੇ ਸੋਧ ਬਿੱਲਾਂ ਦੀ ਕਾਨੂੰਨੀ ਵੈਧਤਾ ਦੀ ਗੱਲ ਹੈ, ਇਹ ਸੰਵਿਧਾਨ ਤਹਿਤ ਉਚਿਤ ਹਨ ਅਤੇ ਇਨ੍ਹਾਂ ਬਿੱਲਾਂ ਵਿੱਚ ਸਾਲ 2015 ਵਿੱਚ ਗੁਜਰਾਤ ਸਰਕਾਰ ਵੱਲੋਂ ਕੇਂਦਰੀ ਜ਼ਮੀਨ ਗ੍ਰਹਿਣ ਕਾਨੂੰਨ ਦੀ ਮੁਖਾਲਫਤ ਕਰਨ ਲਈ ਸੰਵਿਧਾਨ ਦੀ ਧਾਰਾ 254 (99) ਅਧੀਨ ਪਾਸੇ ਕੀਤੇ ਗਏ ਬਿੱਲਾਂ ਦੀ ਉਦਾਹਰਣ ਜ਼ੋਰਦਾਰ ਤਰੀਕੇ ਨਾਲ ਦਰਸਾਈ ਗਈ ਹੈ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਉਸ ਵੇਲੇ ਪ੍ਰਣਬ ਮੁਖਰਜੀ ਨੇ ਗੁਜਰਾਤ ਦੇ ਇਨ੍ਹਾਂ ਬਿੱਲਾਂ 'ਤੇ ਮੋਹਰ ਲਾ ਦਿੱਤੀ ਸੀ। ਕੇਜਰੀਵਾਲ ਵੱਲੋਂ ਦਿੱਲੀ ਦੇ ਸਟੇਡੀਅਮਾਂ ਨੂੰ ਕਿਸਾਨਾਂ ਲਈ ਜੇਲਾਂ ਵਜੋਂ ਵਰਤਣ ਦੀ ਇਜਾਜ਼ਤ ਨਾ ਦੇਣ 'ਤੇ ਕੇਂਦਰ ਸਰਕਾਰ ਦੇ ਉਸ ਨਾਲ ਖਫ਼ਾ ਹੋਣ ਬਾਰੇ ਕੀਤੀ ਟਿੱਪਣੀ 'ਤੇ ਪ੍ਰਤੀਕ੍ਰਮ ਜ਼ਾਹਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਆਪ ਲੀਡਰ, ਜੋ ਕੇਂਦਰ ਸਰਕਾਰ ਦੇ ਰਹਿਮੋ-ਕਰਮ 'ਤੇ ਹੈ, ਨੂੰ ਕਿਸਾਨਾਂ ਦੀ ਹਾਲਤ ਨਾਲੋਂ ਕੇਂਦਰ ਦੇ ਗੁੱਸੇ ਦਾ ਫਿਕਰ ਵੱਧ ਸਤਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 604 ਨਵੇਂ ਮਾਮਲੇ ਆਏ ਸਾਹਮਣੇ, 24 ਦੀ ਮੌਤ
ਮੁੱਖ ਮੰਤਰੀ ਨੇ ਖੇਤੀ ਕਾਨੂੰਨਾਂ ਬਾਰੇ ਬੀਤੇ ਸਾਲ ਕੇਂਦਰ ਸਰਕਾਰ ਵੱਲੋਂ ਗਠਿਤ ਕੀਤੀ ਗਈ ਕਮੇਟੀ ਸਬੰਧੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਵੀ ਕੇਜਰੀਵਾਲ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਇਕ ਵਾਰ ਵੀ ਵਿਚਾਰਿਆ ਨਹੀਂ ਗਿਆ ਅਤੇ ਇੱਥੋਂ ਤੱਕ ਕਿ ਕਮੇਟੀ ਵੱਲੋਂ ਇਸ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਮੁੱਦੇ 'ਤੇ ਕਿਸੇ ਵੀ ਸਿਆਸਤਬਾਜ਼ੀ ਦੀ ਵਿਰੋਧਤਾ ਦੀ ਆੜ ਵਿੱਚ ਢਕਵੰਜ ਕਰਨ ਅਤੇ ਘਟੀਆ ਸਿਆਸਤ ਖੇਡਣ ਲਈ ਕੇਜਰੀਵਾਲ ਨੂੰ ਫਿਟਕਾਰ ਲਾਈ। ਕੇਜਰੀਵਾਲ ਵੱਲੋਂ ਉਨ੍ਹਾਂ (ਅਮਰਿੰਦਰ ਸਿੰਘ) 'ਤੇ ਕੀਤੇ ਹਮਲੇ ਦੇ ਤਾਜ਼ਾ ਬਿਆਨ ਅਤੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਕੇਂਦਰ ਨੂੰ ਕੀਤੀ ਅਪੀਲ ਨੂੰ ਬੇਹੂਦਗੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪ ਲੀਡਰਾਂ ਦੀਆਂ ਕਾਰਵਾਈਆਂ ਨੇ ਉਸ ਦੀ ਟਿੱਪਣੀ ਦੇ ਖੋਖਲੇਪਣ ਤੋਂ ਪਰਦਾ ਚੁੱਕ ਕੇ ਰੱਖ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕੇਜਰੀਵਾਲ ਹੁਣ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ ਕਿਉਂਕਿ ਉਸ ਦੀ ਪਾਰਟੀ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਪੂਰੀ ਤਰਾਂ ਗੁਆ ਚੁੱਕੀ ਹੈ ਜਿੱਥੇ ਆਪ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਨਿਗਾ ਟਿਕਾਈ ਬੈਠੀ ਸੀ। ਉਨ੍ਹਾਂ ਕਿਹਾ ਕਿ ਕਿਸਾਨ ਤੁਹਾਡੇ ਮਗਰਮੱਛ ਦੇ ਹੰਝੂਆਂ ਵਿੱਚ ਵਹਿਣ ਵਾਲੇ ਨਹੀਂ ਹਨ।
ਨਿਊਜ਼ੀਲੈਂਡ ’ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
NEXT STORY