ਚੰਡੀਗੜ੍ਹ - ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐੱਸ. ਐੱਚ. ਓਜ਼ ਨੂੰ ਕਲੀਨ ਚਿੱਟ ਦਿੱਤੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਟੈਂਡ ਦੀ ਪੁਸ਼ਟੀ ਹੋ ਗਈ ਹੈ ਕਿ ਕਾਂਗਰਸੀ ਵਿਧਾਇਕ ਧੱਕੇਸ਼ਾਹੀਆਂ ਕਰਨ ਲਈ ਐੱਸ. ਐੱਚ. ਓਜ਼ ਦੀ ਵਰਤੋਂ ਕਰ ਰਹੇ ਹਨ, ਜਦਕਿ ਇਨ੍ਹਾਂ ਐੱਸ. ਐੱਚ. ਓਜ਼ ਖਿਲਾਫ ਸੂਬੇ ਦੇ ਪੁਲਸ ਮੁਖੀ ਵੱਲੋਂ ਅਜੇ ਜਾਂਚ ਕੀਤੀ ਜਾਣੀ ਬਾਕੀ ਹੈ। ਇਥੇ ਮੁੱਖ ਮੰਤਰੀ ਦੀ ਕਿਸੇ ਵੀ ਐੱਸ. ਐੱਚ. ਓਜ਼ ਦੀ ਬਦਲੀ ਨਾ ਕੀਤੇ ਜਾਣ ਸੰਬੰਧੀ ਆਏ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸੱਚ ਤੋਂ ਉਪਰ ਕੁੱਝ ਨਹੀਂ ਹੋ ਸਕਦਾ। ਮੈਂ ਸ਼ੁਰੂ ਵਿਚ ਇਹ ਕਹਿਣਾ ਚਾਹਾਂਗਾ ਕਿ ਮੈਨੂੰ ਕਿਸੇ ਜਾਂਚ ਦਾ ਡਰ ਨਹੀਂ ਹੈ, ਇਹ ਭਾਵੇਂ ਕੋਈ ਦੋਸਤਾਨਾ ਕਮਿਸ਼ਨ ਹੋਵੇ, ਜਿਸ ਨੂੰ ਪਹਿਲਾਂ ਤੋਂ ਸੋਚੇ ਸਮਝੇ ਆਦੇਸ਼ ਤਹਿਤ ਬਣਾਇਆ ਗਿਆ ਹੋਵੇ। ਜਿਸ ਹੁਕਮ ਦਾ ਐਲਾਨ ਮੁੱਖ ਮੰਤਰੀ ਵੱਲੋਂ ਜਨਤਕ ਤੌਰ 'ਤੇ ਕੀਤਾ ਜਾ ਚੁੱਕਾ ਹੈ, ਇਹ ਹੁਕਮ ਅਕਾਲੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਹੈ।
ਐੱਸ. ਐੱਚ. ਓਜ਼ ਦੇ ਤਬਾਦਲਿਆਂ ਦੇ ਮੁੱਦੇ ਬਾਰੇ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦਾ ਬਿਆਨ ਇਹ ਸੰਕੇਤ ਦਿੰਦਾ ਹੈ ਕਿ ਕਾਂਗਰਸੀ ਵਿਧਾਇਕਾਂ ਨੇ ਉਸ ਉਤੇ ਦਬਾਅ ਪਾ ਲਿਆ ਹੈ, ਇਸ ਕਰਕੇ ਉਸ ਨੇ ਐੱਸ. ਐੱਚ. ਓਜ਼ ਖਿਲਾਫ ਕੋਈ ਵੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕਿਤੇ ਵੀ ਲੋਕਾਂ ਨਾਲ ਬੇਇਨਸਾਫੀ ਹੁੰਦੀ ਵੇਖ ਕੇ ਉਸ ਖਿਲਾਫ ਆਵਾਜ਼ ਉਠਾਉਣਾ ਵਿਰੋਧੀ ਧਿਰ ਦਾ ਫਰਜ਼ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਦਾ ਵੀ ਫਰਜ਼ ਹੁੰਦਾ ਹੈ ਕਿ ਉਹ ਵਿਰੋਧੀ ਧਿਰ ਦੀ ਅਜਿਹੀ ਚਿੰਤਾ ਦੀ ਕਦਰ ਕਰੇ ਤੇ ਵਿਰੋਧੀ ਧਿਰ ਵੱਲੋਂ ਉਠਾਏ ਸਾਰੇ ਮੁੱਦਿਆਂ ਦੀ ਪੜਤਾਲ ਕਰੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਹੀਂ ਸਰਕਾਰ ਤਕ ਪਹੁੰਚ ਬਣਾਉਣ ਵਾਲੇ ਲੋਕਾਂ ਦਾ ਜਿਸ ਢੰਗ ਨਾਲ ਮੁੱਖ ਮੰਤਰੀ ਨੇ ਨਿਰਾਦਰ ਕੀਤਾ ਹੈ, ਉਹ ਲੋਕਤੰਤਰ ਦੀ ਸਿਹਤ ਲਈ ਚੰਗਾ ਨਹੀਂ ਹੈ।
ਪੁਲਸ ਨੇ ਭਗੌੜਾ ਕੀਤਾ ਗ੍ਰਿਫ਼ਤਾਰ
NEXT STORY