ਸਮਾਣਾ/ਪਾਤੜਾਂ, (ਦਰਦ, ਜ.ਬ.)- ਨਰਵਾਣਾ-ਸਡ਼ਕ ’ਤੇ ਪਿੰਡ ਢਾਬੀ-ਗੁੱਜਰਾਂ ਨੇਡ਼ੇੇ ਮਾਲ ਨਾਲ ਭਰੇ ਟਰਾਲੇ ਨਾਲ ਹੋਏ ਇਕ ਭਿਆਨਕ ਸਡ਼ਕ ਹਾਦਸੇ ਵਿਚ ਕਾਰ ਸਵਾਰ ਜੋਡ਼ੇ ਵਿਚੋਂ ਪਤਨੀ ਦੀ ਮੌਤ ਹੋ ਗਈ। ਕਾਰ ਚਲਾ ਰਿਹਾ ਉਸ ਦਾ ਪਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ, ਜਿੱਥੋਂ ਪਟਿਆਲਾ ਰੈਫਰ ਕਰ ਦਿੱਤਾ। ਹਾਦਸੇ ਵਾਲੀ ਥਾਂ ’ਤੇ ਪਹੁੰਚੀ ਠਰੂਆ ਪੁਲਸ ਵੱਲੋਂ ਅੌਰਤ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮ੍ਰਿਤਕਾ ਰੀਨਾ ਗਰਗ ਸਮਾਣਾ ਦੇ ਵਡ਼ੈਚਾਂ ਪੱਤੀ ਦੇ ਸਰਕਾਰੀ ਸਕੂਲ ਵਿਚ ਅਧਿਆਪਕਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਮਾਣਾ ਦੇ ਟਾਇਰਾਂ ਦੇ ਵਪਾਰੀ ਸੋਮੀ ਕੁਮਾਰ ਗਰਗ ਪੁੱਤਰ ਰਤਨ ਲਾਲ ਨਿਵਾਸੀ ਸੇਖੋਂ ਕਾਲੋਨੀ ਸਮਾਣਾ ਆਪਣੀ ਪਤਨੀ ਰੀਨਾ ਗਰਗ (40) ਨਾਲ ਕੋਟਾ ਰਾਜਸਥਾਨ ਤੋਂ ਇੰਜੀਨੀਅਰਿੰਗ ਦੀ ਸਿੱਖਿਆ ਪ੍ਰਾਪਤ ਕਰ ਰਹੇ ਆਪਣੇ ਬੇਟੇ ਨੂੰ ਮਿਲਣ ਉਪਰੰਤ ਸ਼ਨੀਵਾਰ ਰਾਤ ਨੂੰ ਆਪਣੇ ਘਰ ਵਾਪਸ ਆ ਰਹੇ ਸਨ। ਐਤਵਾਰ ਸਵੇਰੇ 6 ਵਜੇ ਖਨੌਰੀ ਨੇਡ਼ਲੇ ਪਿੰਡ ਢਾਬੀ-ਗੁੱਜਰਾਂ ਵਿਖੇ ਆਪਣੇ ਅੱਗੇ ਚੱਲ ਰਹੇ ਮਾਲ ਨਾਲ ਭਰੇ ਟਰੱਕ ਦੇ ਚਾਲਕ ਵੱਲੋਂ ਅਚਾਨਕ ਬਰੇਕ ਲਾ ਦੇਣ ਕਾਰਨ ਉਨ੍ਹਾਂ ਦੀ ਕਾਰ ਟਰਾਲੇ ਪਿੱਛੇ ਜਾ ਟਕਰਾਈ ਅਤੇ ਹੇਠਾਂ ਫਸ ਗਈ।
ਘਟਨਾ ਤੋਂ ਬਾਅਦ ਸੋਮੀ ਗਰਗ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ ਅਤੇ ਉਸ ਦੀ ਪਤਨੀ ਰੀਨਾ ਕਾਰ ਵਿਚ ਬੁਰੀ ਤਰ੍ਹਾਂ ਫਸ ਕੇ ਬੇਹੋਸ਼ ਹੋ ਗਈ। ਸੂਚਨਾ ਮਿਲਣ ’ਤੇ ਸਮਾਣਾ ਤੋਂ ਪਹੁੰਚੇ ਪਰਿਵਾਰਕ ਮੈਂਬਰਾਂ ਤੇ ਥਾਣਾ ਠਰੂਆ ਪੁਲਸ ਪਾਰਟੀ ਦੇ ਨਾਲ ਇੰਚਾਰਜ ਕਿਹਰ ਸਿੰਘ ਨੇ ਗੰਭੀਰ ਜ਼ਖਮੀ ਸੋਮੀ ਗਰਗ ਨੂੰ ਇਲਾਜ ਲਈ ਸਮਾਣਾ ਲਿਆਂਦਾ ਜਦ ਕਿ ਕਰੇਨ ਮੰਗਵਾ ਕੇ ਟਰਾਲੇ ਵਿਚ ਫਸੀ ਕਾਰ ਨੂੰ ਬਾਹਰ ਕੱਢਿਆ। ਕਾਰ ਦੀ ਚਾਦਰ ਕੱਟ ਕੇ ਰੀਨਾ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਠਰੂਆ ਚੌਕੀ ਮੁਖੀ ਕਿਹਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਟਰਾਲਾ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਟਰਾਲਾ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
66 ਫੁੱਟੀ ਰੋਡ ’ਤੇ ਹੋਇਆ ਦਰਦਨਾਕ ਹਾਦਸਾ
NEXT STORY