ਨੂਰਪੁਰਬੇਦੀ (ਕੁਲਦੀਪ ਸ਼ਰਮਾ)— ਬੀਤੀ ਰਾਤ ਕਰੀਬ ਸਾਢੇ ਦਸ ਵਜੇ ਇਕ ਸਮਾਗਮ ਤੋਂ ਵਾਪਸ ਆਪਣੇ ਘਰ ਆ ਰਹੇ ਵਿਅਕਤੀ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ 'ਚ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਪੁੱਤਰ ਮਦਨ ਲਾਲ (35) ਵਾਸੀ ਪਿੰਡ ਰਾਮਪੁਰ ਕਲਾਂ ਥਾਣਾ ਨੂਰਪੁਰਬੇਦੀ ਜੋ ਕਿ ਪਿੰਡ ਨਲਹੋਟੀ ਤੋਂ ਇਕ ਵਿਆਹ ਤੋਂ ਵਾਪਸ ਆਪਣੀ ਸਕਾਰਪੀਓ ਗੱਡੀ ਰਾਹੀਂ ਆਪਣੇ ਪਿੰਡ ਵਾਪਸ ਆ ਰਿਹਾ ਸੀ ਕਿ ਆਪਣੇ ਪਿੰਡ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਅਚਾਨਕ ਗੱਡੀ ਨੂੰ ਅੱਗ ਲੱਗ ਗਈ।

ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਜ਼ਬਰਦਸਤ ਲੱਗੀ ਕਿ ਚਾਲਕ ਨਰੇਸ਼ ਕੁਮਾਰ ਗੱਡੀ 'ਚੋਂ ਬਾਹਰ ਨਹੀਂ ਨਿਕਲ ਸਕਿਆ। ਦੇਰ ਰਾਤ ਹੋਣ ਕਾਰਨ ਰਾਹਗੀਰਾਂ ਦਾ ਵੀ ਆਉਣਾ-ਜਾਣਾ ਬੰਦ ਹੋਣ ਕਾਰਨ ਕੋਈ ਵੀ ਵਿਅਕਤੀ ਮਦਦ ਨਾ ਕਰ ਸਕਿਆ ਪਰ ਜਦੋਂ ਅੱਗ ਦੀਆਂ ਲਪਟਾਂ ਲੋਕਾਂ ਨੇ ਦੇਖੀਆਂ ਤਾਂ ਲੋਕ ਘਟਨਾ ਸਥਾਨ 'ਤੇ ਪਹੁੰਚੇ। ਉਦੋਂ ਤੱਕ ਗੱਡੀ ਅਤੇ ਚਾਲਕ ਸੜ ਕੇ ਸੁਆਹ ਹੋ ਚੁੱਕੇ ਸਨ। ਮੌਕੇ 'ਤੇ ਪੁਲਸ ਚੌਕੀ ਕਲਵਾਂ ਦੇ ਇੰਚਾਰਜ ਰਾਜਿੰਦਰ ਕੁਮਾਰ ਆਪਣੀ ਪੁਲਸ ਪਾਰਟੀ ਨੂੰ ਨਾਲ ਲੈ ਕੇ ਘਟਨਾ ਸਥਾਨ 'ਤੇ ਪਹੁੰਚ ਕੇ ਅਗਲੀ ਕਾਰਵਾਈ ਕਰਨ ਲਈ ਜੁੱਟ ਗਏ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ, ਜਿੱਥੇ ਪਰਿਵਾਰ ਵੱਲੋਂ ਅੱਜ ਉਕਤ ਚਾਲਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਛੁੱਟੀ ਲੈ ਕੇ ਘਰ ਪਰਤ ਰਹੇ ਫੌਜ ਦੇ ਜਵਾਨ ਦੀ ਸੜਕ ਹਾਦਸੇ 'ਚ ਮੌਤ
NEXT STORY