ਜਲੰਧਰ (ਧਵਨ) - ਕੇਂਦਰ ਸਰਕਾਰ ਨੇ ਪੰਜਾਬ ਨੂੰ ਜੀ. ਐੱਸ. ਟੀ. ਦੇ ਦਿੱਤੇ ਜਾਣ ਵਾਲੇ ਹਿੱਸੇ ਦੀ 3500 ਕਰੋੜ ਰੁਪਏ ਦੀ ਰਕਮ ਰੋਕ ਲਈ ਹੈ, ਜਿਸ ਕਾਰਨ ਪੰਜਾਬ 'ਚ ਵਿੱਤੀ ਸੰਕਟ ਡੂੰਘਾ ਹੋ ਗਿਆ ਹੈ। ਕੇਂਦਰ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਸ਼ਨੀਵਾਰ ਤਕ ਵੀ ਜੀ. ਐੱਸ. ਟੀ. ਦੀ ਰਕਮ ਜਾਰੀ ਨਹੀਂ ਹੋਈ ਸੀ, ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਰਾਜ਼ ਹੋ ਗਏ ਹਨ। ਸੂਬਾ ਸਰਕਾਰ ਨੂੰ ਆਪਣੇ ਮੁਲਾਜ਼ਮਾਂ ਨੂੰ ਮਾਸਿਕ ਤਨਖਾਹ ਦਾ ਭੁਗਤਾਨ ਕਰਨ ਅਤੇ ਪੈਨਸ਼ਨ ਲੈਣ ਵਾਲਿਆਂ ਨੂੰ ਪੈਨਸ਼ਨ ਦੀ ਰਕਮ ਜਾਰੀ ਕਰਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਚਿੱਠੀ ਲਿਖ ਕੇ ਮਾਮਲਾ ਪਹਿਲਾਂ ਤੋਂ ਹੀ ਉਠਾਇਆ ਹੋਇਆ ਹੈ ਪਰ ਇਸ ਦੇ ਬਾਵਜੂਦ ਜੀ. ਐੈੱਸ. ਟੀ. ਦੀ ਰਕਮ ਜਾਰੀ ਨਹੀਂ ਕੀਤੀ ਜਾ ਰਹੀ। ਪੰਜਾਬ ਮੰਤਰੀ ਮੰਡਲ ਦੀ ਬੈਠਕ 'ਚ ਵੀ ਇਸ ਮਾਮਲੇ 'ਤੇ ਚਰਚਾ ਹੋ ਚੁੱਕੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੀ. ਐੱਸ. ਟੀ. ਲਾਗੂ ਕਰਨਾ ਦੇਸ਼ ਦੇ ਹਿੱਤ 'ਚ ਹੈ ਪਰ ਜਿਸ ਜਲਦਬਾਜ਼ੀ 'ਚ ਇਸ ਨੂੰ ਲਾਗੂ ਕੀਤਾ ਗਿਆ ਹੈ, ਉਸ ਦੀਆਂ ਖਾਮੀਆਂ ਹੁਣ ਸਾਹਮਣੇ ਆ ਰਹੀਆਂ ਹਨ। ਸੂਬਾ ਸਰਕਾਰ ਨੂੰ ਅਕਤੂਬਰ ਮਹੀਨੇ ਦੀ ਆਪਣੇ ਮੁਲਾਜ਼ਮਾਂ ਨੂੰ ਮਾਸਿਕ ਤਨਖਾਹ ਦੇਣ ਲਈ ਬਾਜ਼ਾਰ 'ਚੋਂ 1000 ਕਰੋੜ ਰੁਪਏ ਉਧਾਰ ਚੁੱਕਣੇ ਪਏ ਹਨ। ਸੂਬਾ ਸਰਕਾਰਾਂ ਨੂੰ ਰੋਜ਼ਾਨਾ ਦੇ ਖਰਚੇ ਚਲਾਉਣ 'ਚ ਵੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜੀ. ਐੱਸ. ਟੀ. ਵਿਚ ਕੇਂਦਰ ਅਤੇ ਸੂਬੇ ਦੀ ਬਰਾਬਰ ਦੀ ਭਾਈਵਾਲੀ ਹੈ। ਪੰਜਾਬ ਜੀ. ਐੱਸ. ਟੀ. ਦੀਆਂ ਰਿਟਰਨਾਂ ਦਾਖਲ ਕਰਨ 'ਚ ਦੇਸ਼ 'ਚ ਪਹਿਲੇ ਨੰਬਰ 'ਤੇ ਰਿਹਾ ਹੈ, ਇਸ ਦੇ ਬਾਵਜੂਦ ਪੰਜਾਬ ਨੂੰ ਜੀ. ਐੱਸ. ਟੀ. ਦੀ ਰਕਮ ਜਾਰੀ ਨਹੀਂ ਕੀਤੀ ਜਾ ਰਹੀ।
ਨਿਗਮ ਚੋਣਾਂ ਦੌਰਾਨ ਉੱਠੇਗਾ ਜੀ. ਐੱਸ. ਟੀ. ਦਾ ਮੁੱਦਾ
ਕਾਂਗਰਸ ਵਲੋਂ ਨਿਗਮ ਚੋਣਾਂ ਦੌਰਾਨ ਜੀ. ਐੱਸ. ਟੀ. ਦਾ ਮੁੱਦਾ ਵਪਾਰੀਆਂ ਦੇ ਸਾਹਮਣੇ ਉਠਾਇਆ ਜਾ ਸਕਦਾ ਹੈ। ਵਪਾਰੀਆਂ ਨੂੰ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਕੇਂਦਰ ਜੀ. ਐੱਸ. ਟੀ. ਦੀ ਰਕਮ ਪੰਜਾਬ 'ਚੋਂ ਇਕੱਠੀ ਤਾਂ ਕਰ ਰਿਹਾ ਹੈ ਪਰ ਉਸ ਦੇ ਬਦਲੇ ਪੰਜਾਬ ਨੂੰ ਉਸਦਾ ਬਣਦਾ ਹਿੱਸਾ ਨਹੀਂ ਦੇ ਰਿਹਾ। ਇਸ ਕਾਰਨ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ 'ਚ ਵੀ ਮੁਸ਼ਕਿਲ ਪੇਸ਼ ਆ ਰਹੀ ਹੈ।
ਐਕਸਾਈਜ਼ ਡਿਊਟੀ 'ਚ ਹੋ ਸਕਦਾ ਹੈ ਵਾਧਾ
ਕੇਂਦਰ ਵਲੋਂ ਜੇ ਜੀ. ਐੱਸ. ਟੀ. ਦਾ ਹਿੱਸਾ ਪੰਜਾਬ ਨੂੰ ਜਲਦੀ ਜਾਰੀ ਨਾ ਕੀਤਾ ਗਿਆ ਤਾਂ ਅਮਰਿੰਦਰ ਸਰਕਾਰ ਸ਼ਰਾਬ 'ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ 'ਚ ਵਾਧਾ ਕਰ ਸਕਦੀ ਹੈ, ਤਾਂ ਜੋ ਉਸ ਰਾਹੀਂ ਹਾਸਲ ਹੋਣ ਵਾਲੀ ਰਕਮ ਨਾਲ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਅਤੇ ਰਿਟਾਇਰਡ ਹੋਏ ਮੁਲਾਜ਼ਮਾਂ ਨੂੰ ਪੈਨਸ਼ਨ ਦਿੱਤੀ ਜਾ ਸਕੇ। ਪਤਾ ਲੱਗਾ ਹੈ ਕਿ ਕੇਂਦਰ ਵਲੋਂ ਇਸ ਮਹੀਨੇ ਜੀ. ਐੱਸ. ਟੀ. ਦੀ ਰਕਮ ਜਾਰੀ ਕਰਨ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ, ਉਸ ਨੇ ਨਵੇਂ ਸਾਲ 'ਚ ਹੀ ਇਹ ਰਕਮ ਜਾਰੀ ਕਰਨ ਦੀ ਗੱਲ ਕਹੀ ਹੈ।
40 ਕਿਲੋ ਭੁੱਕੀ ਸਮੇਤ ਵਿਅਕਤੀ ਨੂੰ ਕੀਤਾ ਕਾਬੂ
NEXT STORY