ਅੰਮ੍ਰਿਤਸਰ, (ਸਰਬਜੀਤ)- ਚੀਫ ਖ਼ਾਲਸਾ ਦੀਵਾਨ ਦੀ ਹੰਗਾਮਾ ਭਰਪੂਰ ਹੋਈ ਜਨਰਲ ਹਾਊਸ ਦੀ ਮੀਟਿੰਗ 'ਚ ਦੀਵਾਨ ਦੇ ਵਿਵਾਦਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਸਰਬਸੰਮਤੀ ਨਾਲ ਖਾਰਿਜ ਕਰ ਦਿੱਤਾ ਗਿਆ ਹੈ, ਜਦਕਿ ਮੀਟਿੰਗ 'ਚ ਚੱਢਾ ਦੇ ਪੁੱਤਰ ਹਰਜੀਤ ਸਿੰਘ ਤੇ ਭਤੀਜਾ ਨਵਦੀਪ ਸਿੰਘ ਸਾਹਨੀ ਵੀ ਹਾਜ਼ਰ ਸਨ, ਜਿਨ੍ਹਾਂ ਨੇ ਵੀ ਹਾਊਸ ਦੇ ਫੈਸਲੇ ਨੂੰ ਰੱਬ ਦਾ ਭਾਣਾ ਕਰ ਕੇ ਮੰਨ ਲਿਆ। ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇਕ ਅਸ਼ਲੀਲ ਵੀਡੀਓ ਰਿਲੀਜ਼ ਹੋਣ ਉਪਰੰਤ ਕਾਰਜਸਾਧਕ ਕਮੇਟੀ ਵੱਲੋਂ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ ਕਰਨ ਦੇ ਲਏ ਗਏ ਫੈਸਲੇ 'ਤੇ ਜਨਰਲ ਹਾਊਸ ਨੇ ਮੋਹਰ ਲਾਉਂਦਿਆਂ ਚੱਢਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ ਕਰਦਿਆਂ ਉਸ ਨੂੰ ਪੂਰੀ ਤਰ੍ਹਾਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਹਾਊਸ ਵਿਚ ਕਰੀਬ 200 ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ ਵਧੇਰੇ ਕਰ ਕੇ ਚੱਢਾ ਵਿਰੋਧੀ ਖੇਮੇ ਦੇ ਮੈਂਬਰ ਸਨ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਅਰਦਾਸ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਹੁਕਮਨਾਮਾ ਲੈ ਕੇ ਇਜਾਜ਼ਤ ਲਈ ਗਈ ਤੇ ਫਿਰ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਦੀਵਾਨ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਚੱਢਾ ਦੀ ਹੋਈ ਬੇਵਕਤੀ ਮੌਤ 'ਤੇ ਸ਼ੋਕ ਮਤਾ ਪੇਸ਼ ਕੀਤਾ ਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਸਤਿਗੂਰੂ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।
ਸ਼ੋਕ ਮਤੇ ਉਪਰੰਤ ਖੁਰਾਣਾ ਨੇ ਚੱਢਾ ਦੀ ਅਸ਼ਲੀਲ ਵੀਡੀਓ ਦਾ ਮਤਾ ਪੇਸ਼ ਕੀਤਾ, ਜਿਸ ਨੂੰ ਬੀਤੇ ਕੱਲ ਹੀ ਕਾਰਜਸਾਧਕ ਕਮੇਟੀ ਨੇ ਪ੍ਰਵਾਨ ਕਰਦਿਆਂ ਚੱਢਾ ਦੀ ਮੁੱਢਲੀ ਮੈਂਬਰਸ਼ਿਪ ਸਮਾਪਤ ਕਰ ਦਿੱਤੀ ਸੀ। ਇਸ ਮਤੇ 'ਤੇ ਕਿਸੇ ਵੀ ਮੈਂਬਰ ਨੇ ਇਤਰਾਜ਼ ਪ੍ਰਗਟ ਨਹੀਂ ਕੀਤਾ ਤੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਕੇ ਚਰਨਜੀਤ ਸਿੰਘ ਚੱਢਾ ਦੀ ਮੁੱਢਲੀ ਮੈਂਬਰਸ਼ਿਪ ਖਤਮ ਕਰਨ ਦਾ ਐਲਾਨ ਕਰ ਦਿੱਤਾ।
ਖੁਰਾਣਾ ਨੇ ਕਿਹਾ ਕਿ ਇਕ ਮਤੇ ਦੇ ਏਜੰਡੇ 'ਤੇ ਮੀਟਿੰਗ ਰੱਖੀ ਗਈ ਸੀ ਤੇ ਜਦੋਂ ਮੀਟਿੰਗ ਸਮਾਪਤ ਕੀਤੀ ਗਈ ਤਾਂ ਬੀਬੀ ਕਿਰਨਜੋਤ ਕੌਰ ਨੇ ਵਿਰੋਧ ਕਰਦਿਆਂ ਕਿਹਾ ਕਿ ਮੈਂਬਰਾਂ ਨੂੰ ਬੋਲਣ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਚੱਢਾ ਵਾਲੇ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿਚ ਅਜਿਹੀ ਘਟਨਾ ਵਾਪਰਨ ਤੋਂ ਰੋਕਣ ਲਈ ਠੋਸ ਉਪਰਾਲੇ ਕੀਤੇ ਜਾਣ। ਪ੍ਰਿੰ. ਸੁਖਬੀਰ ਕੌਰ ਮਾਹਲ ਨੇ ਵੀ ਬੀਬੀ ਕਿਰਨਜੋਤ ਕੌਰ ਦੁਆਰਾ ਪੇਸ਼ ਕੀਤੇ ਵਿਚਾਰਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਦੀਵਾਨ ਵਿਚ ਕਰੀਬ 90 ਫੀਸਦੀ ਔਰਤਾਂ ਦਾ ਸਟਾਫ ਹੈ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਦੀਵਾਨ ਦੇ ਅਹੇਦਦਾਰਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ। ਇਸ ਉਪਰੰਤ ਜਸਪਾਲ ਸਿੰਘ ਢਿੱਲੋਂ ਨੇ ਮੁੱਦਾ ਉਠਾਇਆ ਕਿ ਜਿਹੜੇ 3 ਮੈਂਬਰ ਚੱਢਾ ਨੇ ਉਸ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨ 'ਤੇ ਕੱਢੇ ਸਨ ਉਨ੍ਹਾਂ ਦੀ ਮੈਂਬਰਸ਼ਿਪ ਬਹਾਲ ਕੀਤੀ ਜਾਵੇ।
ਉਨ੍ਹਾਂ ਦੀ ਹਮਾਇਤ ਨਿਰਮਲ ਸਿੰਘ ਠੇਕੇਦਾਰ, ਹਰੀ ਸਿੰਘ ਤੇ ਵਰਿਆਮ ਸਿੰਘ ਨੇ ਕੀਤੀ ਕਿ ਇਹ ਮੰਗ ਪੂਰੀ ਤਰ੍ਹਾਂ ਜਾਇਜ਼ ਹੈ, ਜਿਸ ਨੂੰ ਜਲਦ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ। ਵਰਿਆਮ ਸਿੰਘ ਨੇ ਕਿਹਾ ਕਿ ਜਿਸ ਸਮੇਂ ਇਨ੍ਹਾਂ ਮੈਂਬਰਾਂ ਨੇ ਚੱਢਾ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਉਸ ਸਮੇਂ ਚੱਢਾ ਦੇ ਤਾਨਾਸ਼ਾਹੀ ਵਤੀਰੇ ਅੱਗੇ ਕੋਈ ਵੀ ਬੋਲਣ ਦੀ ਹਿੰਮਤ ਨਹੀਂ ਰੱਖਦਾ ਸੀ ਪਰ ਪ੍ਰਧਾਨ ਧੰਨਰਾਜ ਸਿੰਘ ਦੇ ਆਦੇਸ਼ਾਂ 'ਤੇ ਅਨੰਦ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਗਿਆ ਤਾਂ ਕੱਢੇ ਗਏ ਮੈਂਬਰਾਂ ਦੀ ਬਹਾਲੀ ਦਾ ਮਾਮਲਾ ਇਕ ਵਾਰ ਖਟਾਈ ਵਿਚ ਪੈ ਗਿਆ ਪਰ ਇਸ ਮੁੱਦੇ ਨੂੰ ਲੈ ਕੇ ਦੋਵਾਂ ਧਿਰਾਂ ਦੇ ਮੈਂਬਰਾਂ ਵਿਚ ਰੌਲਾ-ਰੱਪਾ ਕਾਫੀ ਪਿਆ। ਰੌਲੇ-ਰੱਪੇ ਵਿਚ ਹੀ ਅਨੰਦ ਸਾਹਿਬ ਦਾ ਪਾਠ ਹੁੰਦਾ ਰਿਹਾ ਤੇ ਮੀਟਿੰਗ ਦੀ ਸਮਾਪਤੀ ਦੀ ਅਰਦਾਸ ਕਰ ਦਿੱਤੀ ਗਈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਧੰਨਰਾਜ ਸਿੰਘ ਨੇ ਕਿਹਾ ਕਿ ਚੱਢਾ ਨੂੰ ਅੱਜ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ ਕਰ ਦਿੱਤਾ ਗਿਆ ਹੈ ਤੇ ਅਗਲੇ ਪ੍ਰਧਾਨ ਦੀ ਚੋਣ ਜਲਦ ਹੀ ਕਰਵਾ ਦਿੱਤੀ ਜਾਵੇਗੀ। ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਕਿਹਾ ਕਿ ਦੀਵਾਨ ਦੇ ਬਜਟ ਤੇ ਦਾਖਲਿਆਂ ਦੇ ਰੁਝੇਵਿਆਂ ਕਾਰਨ ਪ੍ਰਧਾਨ ਦੀ ਚੋਣ ਅਪ੍ਰੈਲ ਦੇ ਪਹਿਲੇ ਜਾਂ ਦੂਜੇ ਹਫਤੇ ਕਰਵਾ ਦਿੱਤੀ ਜਾਵੇਗੀ।
ਬਜਟ ਖਿਲਾਫ ਜੇਤਲੀ ਦੇ ਪੁਤਲੇ ਫੂਕੇ
NEXT STORY