ਹੁਸ਼ਿਆਰਪੁਰ, (ਜ.ਬ.)- ਪ੍ਰਭਾਤ ਚੌਕ 'ਚ ਅੱਜ ਦੇਰ ਸ਼ਾਮ 6 ਵਜੇ ਦੇ ਕਰੀਬ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ, ਜਦੋਂ ਨਗਰ ਨਿਗਮ ਕਰਮਚਾਰੀਆਂ ਵੱਲੋਂ ਚੌਕ ਵਿਚ ਪ੍ਰਕਾਸ਼ ਦਿਹਾੜੇ ਸਬੰਧੀ ਲਾਏ ਪੋਸਟਰ ਤੇ ਫਲੈਕਸ ਉਤਾਰਨ ਦੌਰਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਦੀ ਬੇਅਦਬੀ ਹੋ ਗਈ। ਸੂਚਨਾ ਮਿਲਦੇ ਹੀ ਬਸਪਾ ਦੇ ਜ਼ਿਲਾ ਪ੍ਰਧਾਨ ਪੁਰਸ਼ੋਤਮ ਅਹੀਰ ਦੇ ਨਾਲ ਸ਼ਹਿਰ ਦੇ ਵੱਖ-ਵੱਖ ਦਲਿਤ ਸੰਗਠਨਾਂ ਦੇ ਆਗੂਆਂ ਨੇ ਪ੍ਰਭਾਤ ਚੌਕ 'ਚ ਟਰੈਫਿਕ ਜਾਮ ਕਰ ਕੇ ਨਗਰ ਨਿਗਮ ਖਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮੌਕੇ 'ਤੇ ਪਹੁੰਚੇ ਸਾਰੇ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਮਝਾਉਣ ਉਪਰੰਤ ਖ਼ਬਰ ਲਿਖੇ ਜਾਣ ਤੱਕ ਵੀ ਆਵਾਜਾਈ ਬਹਾਲ ਨਹੀਂ ਹੋਈ ਸੀ।

ਕੀ ਹੈ ਮਾਮਲਾ
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਵੱਖ-ਵੱਖ ਚੌਕ-ਚੌਰਾਹਿਆਂ ਵਿਚ ਨਾਜਾਇਜ਼ ਰੂਪ 'ਚ ਲੱਗੇ ਪੋਸਟਰ ਤੇ ਫਲੈਕਸ ਨੂੰ ਉਤਾਰਨ ਦੇ ਨਗਰ ਨਿਗਮ ਵੱਲੋਂ ਕਰਮਚਾਰੀਆਂ ਨੂੰ ਹੁਕਮ ਦਿੱਤੇ ਗਏ ਸਨ। ਜਦੋਂ ਕਰਮਚਾਰੀ ਪ੍ਰਭਾਤ ਚੌਕ 'ਚ ਪੋਸਟਰ ਉਤਾਰਨ ਲੱਗੇ ਤਾਂ ਗਲਤੀ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਵਾਲੇ ਪੋਸਟਰ ਦੀ ਬੇਅਦਬੀ ਹੋ ਗਈ। ਮੌਕੇ 'ਤੇ ਪਹੁੰਚੇ ਦਲਿਤ ਭਾਈਚਾਰੇ ਨਾਲ ਸਬੰਧਤ ਲੋਕਾਂ ਦਾ ਰੋਹ ਦੇਖ ਕੇ ਕਰਮਚਾਰੀ ਪੋਸਟਰ ਛੱਡ ਕੇ ਮੌਕੇ ਤੋਂ ਚਲੇ ਗਏ। ਮੌਕੇ 'ਤੇ ਦਲਿਤ ਸੰਗਠਨਾਂ ਦੇ ਆਗੂਆਂ ਨੇ ਪੁਲਸ ਪ੍ਰਸ਼ਾਸਨ ਤੇ ਨਿਗਮ ਅਧਿਕਾਰੀਆਂ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਜਦੋਂ ਤੱਕ ਨਿਗਮ ਕਮਿਸ਼ਨਰ ਮੌਕੇ 'ਤੇ ਆ ਕੇ ਆਪਣੀ ਗਲਤੀ ਨਹੀਂ ਮੰਨਣਗੇ, ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ।
ਪੁਲਸ ਛਾਉਣੀ 'ਚ ਬਦਲਿਆ ਪ੍ਰਭਾਤ ਚੌਕ
ਪ੍ਰਭਾਤ ਚੌਕ 'ਚ ਚੱਕਾ ਜਾਮ ਦੀ ਸੂਚਨਾ ਮਿਲਦੇ ਹੀ. ਆਈ.ਪੀ.ਐੱਸ .ਟਰੇਨਿੰਗ ਡਾ. ਅੰਕੁਰ ਗੁਪਤਾ, ਤਹਿਸੀਲਦਾਰ ਅਰਵਿੰਦ ਵਰਮਾ, ਡੀ.ਐੱਸ.ਪੀ. (ਸਿਟੀ) ਸੁਖਵਿੰਦਰ ਸਿੰਘ, ਥਾਣਾ ਮਾਡਲ ਟਾਊਨ ਦੇ ਐੱਸ.ਐੱਚ.ਓ. ਨਰਿੰਦਰ ਕੁਮਾਰ, ਐੱਸ.ਐੱਚ.ਓ. ਜਗਦੀਸ਼ ਰਾਜ ਅਤੇ ਐੱਸ.ਐੱਚ.ਓ. ਰਾਜੇਸ਼ ਅਰੋੜਾ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ।
ਜਦੋਂ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ 'ਚ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਕਿਤੇ ਜਾ ਕੇ ਰਾਤ 8 ਵਜੇ ਦੇ ਕਰੀਬ ਪ੍ਰਭਾਤ ਚੌਕ 'ਚ ਆਵਾਜਾਈ ਬਹਾਲ ਹੋ ਸਕੀ।
ਸਹੁਰੇ ਪਰਿਵਾਰ ਤੋਂ ਦੁਖੀ ਨੌਜਵਾਨ ਨੇ ਪਹਿਲਾਂ ਘਰ ਨੂੰ ਲਾਈ ਅੱਗ, ਫਿਰ ਲਿਆ ਫਾਹਾ
NEXT STORY