ਮੁੱਲਾਂਪੁਰ ਦਾਖਾ (ਸੰਜੀਵ, ਕਾਲੀਆ) - ਸਥਾਨਕ ਗਿੱਲ ਨਗਰ ਵਿਖੇ ਅੱਜ ਇਕ ਨੌਜਵਾਨ ਨੇ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਘਰ ਨੂੰ ਅੱਗ ਲਾਉਣ ਉਪਰੰਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦਾਖਾ ਪੁਲਸ ਨੇ ਸੁਸਾਈਡ ਨੋਟ ਦੇ ਆਧਾਰ 'ਤੇ ਮ੍ਰਿਤਕ ਦੀ ਪਤਨੀ, ਸੱਸ, ਦੋ ਸਾਲੀਆਂ, ਦੋ ਸਾਲਿਆਂ ਅਤੇ ਇਕ ਸਾਂਢੂ ਖਿਲਾਫ ਧਾਰਾ 306 ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਥਾਣਾ ਦਾਖਾ ਦੇ ਮੁਖੀ ਵਿਕਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਮ੍ਰਿਤਕ ਅਮਰਿੰਦਰ ਸਿੰਘ (32) ਪੁੱਤਰ ਕੁਲਦੀਪ ਸਿੰਘ ਵਾਸੀ ਗਿੱਲ ਨਗਰ, ਗਲੀ ਨੰ. 9 ਜੋ ਲੱਕੜ ਦਾ ਕਾਰੀਗਰ ਸੀ, ਨੇ ਆਪਣੇ ਸੁਸਾਈਡ ਨੋਟ ਵਿਚ ਲਿਖਿਆ ਕਿ ਉਸ ਦੇ ਸਹੁਰੇ ਪਰਿਵਾਰ ਦੇ ਉਕਤ ਮਂੈਬਰ ਉਸ ਨੂੰ ਉਸ ਦਾ ਮਕਾਨ ਪਤਨੀ ਇੰਦਰਜੀਤ ਕੌਰ ਦੇ ਨਾਂ 'ਤੇ ਕਰਵਾਉਣ ਲਈ ਮਜਬੂਰ ਕਰਦੇ ਸੀ। ਕੁੱਝ ਦਿਨ ਪਹਿਲਾਂ ਉਹ ਆਪਣੀ ਪਤਨੀ ਤੇ ਬੱਚੀ ਨੂੰ ਲੈਣ ਲਈ ਸਹੁਰੇ ਘਰ ਗਿਆ ਸੀ ਪਰ ਉਸ ਦੇ ਸਹੁਰੇ ਪਰਿਵਾਰ ਨੇ ਪਤਨੀ ਤੇ ਬੱਚੀ ਨੂੰ ਉਸ ਨਾਲ ਨਹੀਂ ਭੇਜਿਆ।
ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦਾ ਆਪਣੀ ਪਤਨੀ ਨਾਲ ਲੜਾਈ-ਝਗੜਾ ਚਲਦਾ ਹੋਣ ਕਾਰਨ ਉਸ ਦੀ ਪਤਨੀ ਇੰਦਰਜੀਤ ਕੌਰ ਆਪਣੀ 9 ਸਾਲ ਦੀ ਬੇਟੀ ਨਾਲ ਕਰੀਬ ਦੋ ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ। ਅੱਜ ਸਵੇਰ ਸਮੇਂ ਅਮਰਿੰਦਰ ਸਿੰਘ ਨੇ ਪ੍ਰੇਸ਼ਾਨ ਹੋ ਕੇ ਪਹਿਲਾਂ ਸੁਸਾਈਡ ਨੋਟ ਆਪਣੇ ਘਰ ਦੇ ਸਾਹਮਣੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੂੰ ਫੜਾ ਦਿੱਤਾ, ਜਿਸ ਵਿਚ ਉਕਤ ਮੁਲਜ਼ਮਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ।
ਇਸ ਤੋਂ ਬਾਅਦ ਉਸ ਨੇ ਘਰ ਦੇ ਸਾਰੇ ਫਰਨੀਚਰ ਨੂੰ ਤੋੜ ਦਿੱਤਾ, ਫਿਰ ਪੇਟੀ ਅਤੇ ਅਲਮਾਰੀ ਵਿਚ ਪਏ ਕੱਪੜਿਆਂ ਅਤੇ ਹੋਰ ਸਾਮਾਨ ਨੂੰ ਇਕੱਠਾ ਕਰ ਕੇ ਅੱਗ ਲਾ ਦਿੱਤੀ ਤੇ ਖੁਦ ਕਮਰੇ ਅੰਦਰ ਜਾ ਕੇ ਚੁੰਨੀ ਦੇ ਸਹਾਰੇ ਪੱਖੇ ਨਾਲ ਫਾਹਾ ਲੈ ਲਿਆ। ਘਰ ਅੰਦਰੋਂ ਧੂੰਆਂ ਨਿਕਲਦਾ ਦੇਖ ਕੇ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਉਸ ਦੇ ਦਸਮੇਸ਼ ਨਗਰ ਮੰਡੀ ਮੁੱਲਾਂਪੁਰ 'ਚ ਰਹਿੰਦੇ ਭਰਾ ਤੇ ਮਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਲੁਧਿਆਣਾ ਤੋਂ ਆਈ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤਕ ਘਰ ਦਾ ਸਾਰਾ ਸਾਮਾਨ ਸੜ ਚੁੱਕਾ ਸੀ। ਥਾਣਾ ਦਾਖਾ ਦੇ ਥਾਣੇਦਾਰ ਮੇਜਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਸੁਸਾਈਡ ਨੋਟ ਦੇ ਆਧਾਰ 'ਤੇ ਉਕਤ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਧਾਰ ਵਿਖੇ ਭੇਜ ਦਿੱਤਾ ਹੈ।
ਗਾਂਜਾ ਤੇ ਨਸ਼ੀਲੀਆਂ ਗੋਲੀਆਂ ਸਣੇ 3 ਅੜਿੱਕੇ
NEXT STORY