ਚੰਡੀਗੜ੍ਹ (ਸ਼ਰਮਾ) - ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਪ੍ਰਭਾਵਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੰਦੀਪ ਮਲੂਜਾ ਨੂੰ ਅਹਿਸਾਸ ਨਹੀਂ ਸੀ ਕਿ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਕੇ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦਾ ਫਾਇਦਾ ਪਹੁੰਚਾਉਣ ਲਈ ਉਸ ਨੂੰ ਇਨਾਮ ਜਾਂ ਪ੍ਰਸ਼ੰਸਾ-ਪੱਤਰ ਨਹੀਂ ਸਗੋਂ ਪ੍ਰਭਾਵਿਤ ਵਪਾਰੀਆਂ ਜਾਂ ਦੁਕਾਨਦਾਰਾਂ ਨਾਲ ਦੁਸ਼ਮਣੀ ਮੁੱਲ ਲੈਣੀ ਪਵੇਗੀ। ਸੰਦੀਪ ਕੁਮਾਰ ਨੇ ਸਾਲ 2017 ’ਚ ਜ਼ਿਲਾ ਸਿੱਖਿਆ ਅਧਿਕਾਰੀ ਦਫ਼ਤਰ ਤੋਂ ਸਰਵ ਸਿੱਖਿਆ ਅਭਿਆਨ ਤਹਿਤ ਸਕੂਲ ਵਿਦਿਆਰਥੀਆਂ ਦੀ ਵਰਦੀ ਲਈ ਪ੍ਰਾਪਤ ਗ੍ਰਾਂਟ ਅਤੇ ਇਸ ਦੇ ਖਰਚ ਸਬੰਧੀ ਸੂਚਨਾ ਦਾ ਅਧਿਕਾਰ ਐਕਟ ਤਹਿਤ ਜਾਣਕਾਰੀ ਲਈ ਸੀ। ਇਸ ਦੀ ਜਾਣਕਾਰੀ ਮਿਲਣ ਮਗਰੋਂ ਸੰਦੀਪ ਨੂੰ ਅਹਿਸਾਸ ਹੋਇਆ ਕਿ ਇਸ ਮਾਮਲੇ ’ਚ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਗਿਆ, ਕਿਉਂਕਿ ਵਿਭਾਗ ਵਲੋਂ ਦੁਕਾਨਦਾਰਾਂ ਜਾਂ ਵਪਾਰੀਆਂ ਤੋਂ ਅਸਲੀ ਬਿੱਲ ਨਾ ਲੈ ਉਨ੍ਹਾਂ ਨੂੰ ਐਸਟੀਮੇਟ ਦੇ ਆਧਾਰ ’ਤੇ ਅਦਾਇਗੀ ਕਰ ਦਿੱਤੀ, ਜਿਸ ਨਾਲ ਟੈਕਸ ਦੀ ਚੋਰੀ ਦਾ ਮਾਮਲਾ ਬਣਦਾ ਹੈ।
ਸੰਦੀਪ ਕੁਮਾਰ ਨੇ ਮਾਮਲੇ ਨੂੰ ਜੁਲਾਈ ਅਤੇ ਸਤੰਬਰ ਮਹੀਨੇ ’ਚ ਕਰ ਤੇ ਆਬਕਾਰੀ ਵਿਭਾਗ ਦੇ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ (ਏ. ਈ. ਟੀ. ਸੀ.) ਦੇ ਧਿਆਨ ’ਚ ਲਿਆਉਂਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਤਾਂ ਕਿ ਟੈਕਸ ਦੇ ਰੂਪ ’ਚ ਦੁਕਾਨਦਾਰਾਂ ਅਤੇ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋਈ ਚੋਰੀ ਤੋਂ ਪਰਦਾ ਉਠ ਸਕੇ ਅਤੇ ਸਰਕਾਰੀ ਮਾਲ ਦੇ ਨੁਕਸਾਨ ਦੀ ਭਰਪਾਈ ਹੋ ਸਕੇ। ਅਗਸਤ 2018 ਨੂੰ ਵਿਭਾਗੀ ਸੂਤਰਾਂ ਨੇ ਸੰਦੀਪ ਨੂੰ ਜਾਣਕਾਰੀ ਦਿੱਤੀ ਕਿ ਉਸ ਵੱਲੋਂ ਵਿਭਾਗ ਦੀ ਮਦਦ ਕਰਨ ਕਰ ਕੇ ਵਿਭਾਗ ਨੇ ਲੱਖਾਂ ਰੁਪਏ ਦੀ ਟੈਕਸ ਰਿਕਵਰੀ ਕੀਤੀ ਹੈ, ਜਿਸ ਕਾਰਣ ਉਸ ਨੂੰ ਵਿੱਤੀ ਇਨਾਮ ਦਿੱਤਾ ਜਾ ਸਕਦਾ ਹੈ, ਬਸ਼ਰਤੇ ਕਿ ਉਹ ਇਸ ਦੀ ਮੰਗ ਕਰੇ। ਇਸ ਤੋਂ ਬਾਅਦ ਸੰਦੀਪ ਕੁਮਾਰ ਨੇ ਸਤੰਬਰ 2018 ’ਚ ਸਰਕਾਰ ਦੀ ਇਸ ਤਰ੍ਹਾਂ ਦੇ ਮਾਮਲੇ ’ਚ ਨੀਤੀ ਅਤੇ ਨਿਯਮਾਂ ਦੇ ਆਧਾਰ ’ਤੇ ਵਿਭਾਗ ਤੋਂ ਐਵਾਰਡ ਲਈ ਬੇਨਤੀ ਕੀਤੀ।
ਵਿਭਾਗ ਦੇ ਕਰ ਤੇ ਆਬਕਾਰੀ ਕਮਿਸ਼ਨਰ ਪਟਿਆਲਾ ਅਤੇ ਆਬਕਾਰੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਮਾਮਲੇ ਦਾ ਦਸੰਬਰ 2018 ’ਚ ਨੋਟਿਸ ਲੈਣ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਕਰ ਤੇ ਆਬਕਾਰੀ ਅਧਿਕਾਰੀ (ਈ. ਟੀ. ਓ.) ਨੇ ਵਿਭਾਗੀ ਨੋਟ ’ਚ ਜਾਣਕਾਰੀ ਦਿੱਤੀ ਕਿ ਸੰਦੀਪ ਕੁਮਾਰ ਵੱਲੋਂ ਪ੍ਰਦਾਨ ਜਾਣਕਾਰੀ ਦੇ ਆਧਾਰ ’ਤੇ ਵਿਭਾਗ ਨੇ 4.55 ਲੱਖ ਰੁਪਏ ਕਰ ਅਤੇ ਜੁਰਮਾਨੇ ਦੇ ਰੂਪ ’ਚ ਵਸੂਲ ਕਰ ਲਏ ਹਨ ਅਤੇ 1.76 ਲੱਖ ਰੁਪਏ ਦੀ ਵਸੂਲੀ ਦੀ ਪ੍ਰਕਿਰਿਆ ਜਾਰੀ ਹੈ ਪਰ ਨਾਲ ਹੀ ਕਿਹਾ ਗਿਆ ਕਿ ਸੰਦੀਪ ਕੁਮਾਰ ਵਿਭਾਗ ਦੀ ਐਵਾਰਡ ਨੀਤੀ 2010 ਤਹਿਤ ਇਨਾਮ ਪਾਉਣ ਲਈ ਯੋਗ ਪਾਤਰ ਨਹੀਂ ਹੈ ਕਿਉਂਕਿ ਉਕਤ ਨੀਤੀ ਤਹਿਤ ਅਜਿਹੇ ਮਾਮਲਿਆਂ ’ਚ ਗੁਪਤ ਸੂਚਨਾ ਦੇ ਆਧਾਰ ’ਤੇ ਘੱਟੋ-ਘੱਟ 10 ਲੱਖ ਦੀ ਕਰ ਚੋਰੀ ਦੀ ਰਿਕਵਰੀ ਹੋਣਾ ਜ਼ਰੂਰੀ ਹੈ ਜਾਂ ਫਿਰ ਸਕਰੂਟਨੀ ਤਹਿਤ ਘੱਟੋ-ਘੱਟ 8 ਲੱਖ ਦੀ ਰਿਕਵਰੀ ਹੋਵੇ। ਹਾਲਾਂਕਿ ਈ. ਟੀ. ਓ. ਨੇ ਬੀਤੀ 17 ਜਨਵਰੀ ਨੂੰ ਸਿਫਾਰਸ਼ ਕੀਤੀ ਕਿ ਸੰਦੀਪ ਕੁਮਾਰ ਦਾ ਮਨੋਬਲ ਬਣਾਏ ਰੱਖਣ ਲਈ ਉਸ ਨੂੰ ਗਣਤੰਤਰ ਦਿਵਸ ’ਤੇ ਵਿਭਾਗੀ ਉੱਚ ਅਧਿਕਾਰੀਆਂ ਵੱਲੋਂ ਪਟਿਆਲਾ ’ਚ ਪ੍ਰਸ਼ੰਸਾ-ਪੱਤਰ ਨਾਲ ਸਨਮਾਨਿਤ ਕੀਤਾ ਜਾਵੇ।
ਹਾਲਾਂਕਿ ਇਹ ਨਹੀਂ ਹੋ ਸਕਿਆ ਪਰ ਬੀਤੇ ਫਰਵਰੀ ਮਹੀਨੇ ’ਚ ਸ੍ਰੀ ਮੁਕਤਸਰ ਸਾਹਿਬ ਦੇ ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਨੇ ਵਿਭਾਗ ਦੇ ਉਪ ਕਮਿਸ਼ਨਰ ਫਿਰੋਜ਼ਪੁਰ ਨੂੰ ਇਹ ਸਿਫਾਰਸ਼ ਰੈਫਰ ਕਰ ਦਿੱਤੀ। ਇਸ ਤੋਂ ਬਾਅਦ ਵਿਭਾਗ ਦੇ ਫਿਰੋਜ਼ਪੁਰ ਸਥਿਤ ਕਰ ਤੇ ਆਬਕਾਰੀ ਡਿਪਟੀ ਕਮਿਸ਼ਨਰ ਨੇ ਪਿਛਲੀ 26 ਫਰਵਰੀ ਨੂੰ ਵਿਭਾਗ ਦੇ ਡਾਇਰੈਕਟਰ ਇਨਵੈਸਟੀਗੇਸ਼ਨ ਨੂੰ ਇਹ ਸਿਫਾਰਸ਼ ਰੈਫਰ ਕਰ ਦਿੱਤੀ, ਜਿਸ ਦੀ ਜਾਣਕਾਰੀ ਬੀਤੇ ਅਪ੍ਰੈਲ ਮਹੀਨੇ ’ਚ ਮਲੂਜਾ ਨੂੰ ਵੀ ਪ੍ਰਦਾਨ ਕੀਤੀ ਗਈ। ਉਸ ਤੋਂ ਬਾਅਦ 15 ਅਗਸਤ ਦਾ ਸਨਮਾਨ ਸਮਾਰੋਹ ਵੀ ਨਿਕਲ ਗਿਆ ਪਰ ਸਿਫਾਰਸ਼ ਕਿਉਂਕਿ ਗਣਤੰਤਰ ਦਿਵਸ ’ਤੇ ਪਟਿਆਲਾ ’ਚ ਆਯੋਜਿਤ ਹੋਣ ਵਾਲੇ ਸਮਾਰੋਹ ’ਚ ਸਨਮਾਨਿਤ ਕੀਤੇ ਜਾਣ ਦੀ ਸੀ, ਇਸ ਲਈ ਵਿਭਾਗ ਦੇ ਡਾਇਰੈਕਟਰ ਇਨਵੈਸਟੀਗੇਸ਼ਨ ਨਵਦੀਪ ਸਿੰਘ ਨੇ ਬੀਤੇ ਸਤੰਬਰ ਮਹੀਨੇ ’ਚ ਵਿਭਾਗ ਦੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮਾਮਲੇ ’ਚ ਢੁੱਕਵਾਂ ਕਦਮ ਉਠਾਉਣ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਇਸ ਸਬੰਧੀ ਕੀਤੀ ਗਈ ਕਾਰਵਾਈ ਦੀ ਰਿਪੋਰਟ ਤੁਰੰਤ ਪ੍ਰਦਾਨ ਕੀਤੀ ਜਾਵੇ।
ਪੰਜਾਬ ਦੇ ਨੌਜਵਾਨਾਂ ਨੂੰ ਚੰਡੀਗੜ੍ਹ ਡਿਫੈਂਸ ਅਕੈਡਮੀ ਦੇਵੇਗੀ ਇਹ ਵੱਡੀ ਸੌਗਾਤ
NEXT STORY