ਚੰਡੀਗੜ੍ਹ (ਨਿਆਮੀਆਂ)-ਗਲੂਕੋਮਾ ਜਾਂ ਕਾਲਾ ਮੋਤੀਆ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ। ਜੇ ਪਰਿਵਾਰ ਵਿਚ ਕਿਸੇ ਨੂੰ ਗਲੂਕੋਮਾ ਹੈ ਤਾਂ ਬੱਚੇ ਨੂੰ ਗਲੂਕੋਮਾ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਲਈ ਅੱਖਾਂ ਦੀ ਲਗਾਤਾਰ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਰੋਗ ਦਾ ਸਮੇਂ ਸਿਰ ਪਤਾ ਲੱਗ ਸਕੇ ਅਤੇ ਢੁਕਵਾਂ ਇਲਾਜ ਹੋ ਸਕੇ। ਇਹ ਸ਼ਬਦ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਜ਼ਿਲਾ ਹਸਪਤਾਲ ਵਿਚ ਗਲੂਕੋਮਾ ਸਬੰਧੀ ਹੋਈ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸਾਡੀ ਅੱਖ ਗੁਬਾਰੇ ਵਰਗੀ ਹੁੰਦੀ ਹੈ, ਜਿਸ ਅੰਦਰ ਤਰਲ ਪਦਾਰਥ ਭਰਿਆ ਹੁੰਦਾ ਹੈ। ਅੱਖਾਂ ਦਾ ਇਹ ਤਰਲ ਪਦਾਰਥ ਲਗਾਤਾਰ ਅੱਖਾਂ ਅੰਦਰ ਬਣਦਾ ਰਹਿੰਦਾ ਹੈ ਅਤੇ ਬਾਹਰ ਨਿਕਲਦਾ ਰਹਿੰਦਾ ਹੈ। ਤਰਲ ਪਦਾਰਥ ਦੇ ਪੈਦਾ ਹੋਣ ਅਤੇ ਬਾਹਰ ਨਿਕਲਣ ਦੀ ਪ੍ਰਕਿਰਿਆ ਵਿਚ ਜਦੋਂ ਕਦੇ ਦਿੱਕਤ ਆਉਂਦੀ ਹੈ ਤਾਂ ਅੱਖਾਂ ਵਿਚ ਦਬਾਅ ਵਧ ਜਾਂਦਾ ਹੈ। ਅੱਖਾਂ ਵਿਚ ਕੋਸ਼ਿਕਾਵਾਂ ਵੀ ਹੁੰਦੀਆਂ ਹਨ, ਜਿਹਡ਼ੀਆਂ ਕਿਸੇ ਚੀਜ਼ ਬਾਰੇ ਸੰਕੇਤ ਦਿਮਾਗ਼ ਨੂੰ ਭੇਜਦੀਆਂ ਹਨ। ਅੱਖਾਂ ’ਤੇ ਵਧਿਆ ਦਬਾਅ ਇਨ੍ਹਾਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਹੌਲੀ-ਹੌਲੀ ਕਮਜ਼ੋਰ ਹੋਣ ਲਗਦੀ ਹੈ। ਇਹੋ ਕਾਲੇ ਮੋਤੀਏ ਦੇ ਲੱਛਣ ਹੋ ਸਕਦੇ ਹਨ। ਅੱਖ ਰੋਗਾਂ ਦੇ ਮਾਹਰ ਡਾ. ਮਨਜੀਤ ਸਿੰਘ ਨੇ ਕਿਹਾ ਕਿ ਜੇ ਅੱਖਾਂ ਭਾਰੀਆਂ-ਭਾਰੀਆਂ ਲੱਗਣ, ਪੂਰੇ ਦਿਨ ਦੇ ਕੰਮ ਮਗਰੋਂ ਅੱਖ ਜਾਂ ਸਿਰ ਵਿਚ ਦਰਦ ਹੋਵੇ, ਅੱਖਾਂ ਲਾਲ ਰਹਿਣ ਤੇ ਐਨਕ ਦਾ ਨੰਬਰ ਵਾਰ-ਵਾਰ ਬਦਲਣਾ ਪਵੇ ਤਾਂ ਇਹ ਗਲੂਕੋਮਾ ਜਾਂ ਕਾਲੇ ਮੋਤੀਏ ਦੇ ਲੱਛਣ ਹੋ ਸਕਦੇ ਹਨ। ਅਜਿਹਾ ਹੋਣ ’ਤੇ ਤੁਰੰਤ ਅੱਖਾਂ ਦੀ ਜਾਂਚ ਕਰਵਾਈ ਜਾਵੇ। ਐੱਸ. ਐੱਮ. ਓ. ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਗਲੂਕੋਮਾ ਦੇ ਇਲਾਜ ਲਈ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੇ ਦਵਾਈਆਂ ਕਾਰਗਰ ਨਾ ਹੋਣ ਤਾਂ ਅੱਖਾਂ ਵਿਚ ਵਧੇ ਹੋਏ ਦਬਾਅ ਨੂੰ ਘਟਾਉਣ ਲਈ ਲੇਜ਼ਰ ਜਾਂ ਆਪਰੇਸ਼ਨ ਵੀ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੀ ਜਾਂਚ ਕਰਵਾਉਣ ’ਤੇ ਹੀ ਕਾਲੇ ਮੋਤੀਏ ਦਾ ਪਤਾ ਲਗ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਸ ਬੀਮਾਰੀ ਦੀ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਵਰਕਸ਼ਾਪ ਨੂੰ ਡਾ. ਰੁਪਿੰਦਰ ਕੌਰ ਵਾਲੀਆ, ਡਾ. ਨੈਨਸ਼ੀ ਸੂਦ ਅਤੇ ਡਾ. ਸਵਾਤੀ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਅਕਾਲੀ ਵਰਕਰਾਂ ’ਚ ਲੋਕ ਸਭਾ ਚੋਣਾਂ ਪ੍ਰਤੀ ਭਾਰੀ ਉਤਸ਼ਾਹ : ਗੁਰੂ
NEXT STORY