ਚੰਡੀਗੜ੍ਹ (ਰਾਏ) - ਸੰਸਦ ਮੈਂਬਰ ਕਿਰਨ ਖੇਰ ਨੇ ਸ਼ੁੱਕਰਵਾਰ ਨੂੰ 31ਵੇਂ ਗੁਲਦਾਉਦੀ ਸ਼ੋਅ ਦਾ ਉਦਘਾਟਨ ਸੈਕਟਰ-33 ਟੈਰੇਸ ਗਾਰਡਨ ਵਿਚ ਕੀਤਾ। ਇਸ ਮੌਕੇ ਉਨ੍ਹਾਂ ਨੇ ਸ਼ੋਅ ਦਾ ਬ੍ਰੋਸ਼ਰ ਵੀ ਜਾਰੀ ਕੀਤਾ। ਉਨ੍ਹਾਂ ਇਸ ਕੰਮ ਲਈ ਨਿਗਮ ਦੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਨਿਗਮ ਦੇ ਮਜ਼ਦੂਰਾਂ ਤੇ ਮਾਲੀਆਂ ਨੂੰ ਮਠਿਆਈ ਵੀ ਵੰਡੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੁਨੀਆ ਭਰ ਵਿਚ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਸ਼ੋਅ ਦੇ ਸਟਾਲਾਂ ਤੇ ਫੁੱਲਾਂ ਨੂੰ ਦੇਖਣ ਤੋਂ ਬਾਅਦ ਸੰਸਦ ਮੈਂਬਰ ਤੇ ਉਨ੍ਹਾਂ ਦੇ ਨਾਲ ਗਏ ਨਿਗਮ ਅਧਿਕਾਰੀਆਂ ਤੇ ਨਿਗਮ ਕੌਂਸਲਰਾਂ ਨੇ ਉਥੇ ਬਣੇ ਸ਼ਹੀਦੀ ਸਮਾਰਕ 'ਤੇ ਫੁੱਲ ਭੇਟ ਕੀਤੇ। ਇਸ ਮੌਕੇ ਖੇਰ ਨੇ ਸਵੱਛ ਭਾਰਤ ਅਭਿਆਨ ਸਬੰਧੀ ਜਾਗਰੂਕਤਾ ਪੈਦਾ ਕਰਨ ਤੇ ਕਚਰੇ ਦਾ ਨਿਪਟਾਰਾ ਕਰਨ ਲਈ ਨਿਗਮ ਦੀ ਆਈ. ਈ. ਸੀ. ਟੀਮ ਵਲੋਂ ਸਥਾਪਤ ਸਵੱਛ ਭਾਰਤ ਸਟਾਲ ਦਾ ਵੀ ਦੌਰਾ ਕੀਤਾ। ਉਨ੍ਹਾਂ ਨਿਗਮ ਕਮਿਸ਼ਨਰ ਜਤਿੰਦਰ ਯਾਦਵ ਤੇ ਸੁੰਦਰ ਫੁੱਲ ਵਿਕਸਿਤ ਕਰਨ ਲਈ ਨਗਰ ਨਿਗਮ ਤੇ ਮਾਲੀਆਂ ਦੇ ਕੰਮ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਮਾਲੀਆਂ ਦੀ ਮਿਹਨਤ ਸਦਕਾ ਹੀ ਹਰ ਸਾਲ ਲੋਕ ਇਥੇ ਸੁੰਦਰ ਫੁੱਲਾਂ ਦਾ ਆਨੰਦ ਮਾਣਦੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਹਰ ਸਾਲ ਗੁਲਦਾਉਦੀ ਸ਼ੋਅ ਆਯੋਜਿਤ ਕਰਦਾ ਹੈ। ਪਿਛਲੇ ਸਾਲ ਇਸ ਸ਼ੋਅ ਵਿਚ ਗੁਲਦਾਉਦੀ ਦੀਆਂ 264 ਕਿਸਮਾਂ ਦੇਖੀਆਂ ਗਈਆਂ ਸਨ ਤੇ ਇਸ ਸਾਲ 266 ਕਿਸਮਾਂ ਦੇ ਫੁੱਲ ਪ੍ਰਦਰਸ਼ਿਤ ਕੀਤੇ ਗਏ ਹਨ। ਇਹ ਸਾਰੀਆਂ ਕਿਸਮਾਂ ਦਾ ਵਿਕਾਸ ਨਗਰ ਨਿਗਮ ਦੀ ਨਰਸਰੀ ਵਿਚ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਸ਼ੋਅ ਵਿਚ ਵੱਖ-ਵੱਖ ਸਰਕਾਰੀ ਸੰਸਥਾਵਾਂ ਤੇ ਨਿੱਜੀ ਉਤਪਾਦਕਾਂ ਨੇ ਗਮਲਿਆਂ ਵਿਚ ਉੱਗਣ ਵਾਲੇ ਫੁੱਲਾਂ ਦੇ ਮੁਕਾਬਲਿਆਂ ਵਿਚ ਭਾਗ ਲਿਆ। 10 ਦਸੰਬਰ ਨੂੰ 3 ਵਜੇ ਹਰ ਸ਼੍ਰੇਣੀ ਦੇ ਬਿਹਤਰੀਨ ਤਿੰਨ ਪ੍ਰਦਰਸ਼ਨਾਂ ਨੂੰ ਜੇਤੂ ਪੁਰਸਕਾਰ ਦਿੱਤਾ ਜਾਵੇਗਾ।
ਇਸ ਮੌਕੇ ਕਿਰਨ ਖੇਰ, ਨਿਗਮ ਕਮਿਸ਼ਨਰ ਤੋਂ ਇਲਾਵਾ ਸੀਨੀਅਰ ਉਪ ਮੇਅਰ ਤੇ ਕੌਂਸਲਰ ਰਾਜੇਸ਼ ਕੁਮਾਰ ਗੁਪਤਾ, ਵਧੀਕ ਕਮਿਸ਼ਨਰ ਅਨਿਲ ਕੁਮਾਰ ਗਰਗ, ਮੁੱਖ ਇੰਜੀਨੀਅਰ ਮਨੋਜ ਬਾਂਸਲ, ਸੁਪਰਡੈਂਟ ਇੰਜੀਨੀਅਰ ਐੱਨ. ਪੀ. ਸ਼ਰਮਾ, ਨਗਰ ਕੌਂਸਲਰਾਂ ਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਗੁਰੂਕੁਲ ਗਲੋਬਲ ਸਕੂਲ, ਸੈਕਟਰ-20 ਪੰਚਕੂਲਾ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ।
ਹਥਿਆਰਬੰਦ ਲੁਟੇਰਿਆਂ ਨੇ ਖੋਹੀ ਨਕਦੀ ਤੇ ਗਹਿਣੇ
NEXT STORY