ਚੰਡੀਗੜ੍ਹ (ਅਸ਼ਵਨੀ) : ਮੋਦੀ ਸਰਕਾਰ ਵਲੋਂ ਪੰਜਾਬ ਨੂੰ ਜੀ.ਐਸ.ਟੀ. ਦੇ ਬਕਾਏ ਦੇ 4100 ਕਰੋੜ ਰੁਪਏ ਜਾਰੀ ਕਰਨ 'ਚ ਕੀਤੀ ਜਾ ਰਹੀ ਢਿੱਲ 'ਤੇ ਬੀਤੇ ਦਿਨ ਸੁਨੀਲ ਜਾਖੜ ਵੱਲੋਂ ਕੇਂਦਰ ਸਰਕਾਰ ਖਿਲਾਫ ਧਰਨਾ ਦੇਣ ਦੀ ਦਿੱਤੀ ਗਈ ਧਮਕੀ ਦਾ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਮੋੜਵਾਂ ਜਵਾਬ ਦਿੱਤਾ ਹੈ। ਢੀਂਡਸਾ ਨੇ ਕਿਹਾ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੂੰ ਬਣਿਆਂ 3 ਸਾਲ ਹੋ ਗਏ ਹਨ ਪਰ ਕੈਪਟਨ ਸਰਕਾਰ ਆਪਣੀ ਨਾਕਾਮੀਆਂ ਲੁਕਾਉਣ ਲਈ ਕੇਂਦਰ ਸਰਕਾਰ ਉੱਤੇ ਜੀ.ਐੱਸ.ਟੀ. ਮੁਆਵਜ਼ਾ ਜਾਰੀ ਨਾ ਕਰਨ ਦਾ ਦੋਸ਼ ਲਾ ਕੇ ਝੂਠਾ ਪ੍ਰਚਾਰ ਕਰ ਰਹੀ ਹੈ, ਜਦਕਿ ਇਹ ਬਕਾਇਆ ਸਿਰਫ ਦੋ ਮਹੀਨਿਆਂ ਦਾ ਹੀ ਬਾਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਨੀਲ ਜਾਖੜ ਪੰਜਾਬ ਦੇ ਭਲੇ ਦੀ ਗੱਲ ਸੋਚਦੇ ਹਨ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਸਰਕਾਰ ਖਿਲਾਫ ਧਰਨਾ ਦੇਣਾ ਚਾਹੀਦਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੇ ਕਿ ਉਨ੍ਹਾਂ ਦੀ ਸਰਕਾਰ ਦਾ ਟੈਕਸ ਉਗਰਾਹੀ ਵਿਚ ਇੰਨੀ ਮਾੜੀ ਕਾਰਗੁਜ਼ਾਰੀ ਕਿਉਂ ਰਹੀ ਹੈ? ਉਨ੍ਹਾਂ ਕਿਹਾ ਕਿ ਤਮਾਸ਼ਾ ਕਰਨ ਦੀ ਬਜਾਏ ਜਾਖੜ ਨੂੰ ਇਕ ਨੈਤਿਕ ਅਤੇ ਲੋਕ ਪੱਖੀ ਸਟੈਂਡ ਲੈਣਾ ਚਾਹੀਦਾ ਹੈ ਅਤੇ ਆਪਣੀ ਸਰਕਾਰ ਉੱਤੇ ਫਜ਼ੂਲਖਰਚੀ ਘਟਾਉਣ ਅਤੇ ਹਾਲਾਤ ਮੁਤਾਬਿਕ ਵਿੱਤੀ ਵਿਉਂਤਬੰਦੀ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ।
ਢੀਂਡਸਾ ਨੇ ਕਿਹਾ ਕਿ ਇਹ ਗੱਲ ਰਿਕਾਰਡ ਵਿਚ ਪਈ ਹੈ ਕਿ ਪੰਜਾਬ ਨੂੰ ਸਾਲ 2019-20 ਦੇ ਪਹਿਲੇ ਪੰਜ ਮਹੀਨਿਆਂ ਦੌਰਾਨ ਜੀ.ਐੱਸ.ਟੀ. ਮਾਲੀਆ ਉਗਰਾਹੀ ਵਿਚ 44 ਫੀਸਦੀ ਦੀ ਗਿਰਾਵਟ ਵੇਖਣੀ ਪਈ ਹੈ। ਪੂਰੇ ਦੇਸ਼ ਅੰਦਰ ਇਸ ਗਿਰਾਵਟ ਦੀ ਔਸਤ 21 ਫੀਸਦੀ ਹੈ। ਉਨ੍ਹਾਂ ਕਿਹਾ ਕਿ ਸਾਰਕਾਰ ਦੀ ਨਾਲਾਇਕੀ ਅਤੇ ਮਾੜੀ ਵਿਉਂਤਬੰਦੀ ਕਰ ਕੇ ਸੂਬੇ ਦੇ ਜੀ. ਐੱਸ. ਟੀ. ਮਾਲੀਏ ਵਿਚ ਆਈ ਗਿਰਾਵਟ 12 ਹਜ਼ਾਰ ਕਰੋੜ ਰੁਪਏ ਦਾ ਅੰਕੜਾ ਛੂਹ ਚੁੱਕੀ ਹੈ।
ਢੀਂਡਸਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਾਂਗਰਸ ਸਰਕਾਰ ਅਜਿਹੇ ਬਿਆਨ ਦੇ ਕੇ ਜੀ.ਐੱਸ.ਟੀ. ਮੁਆਵਜ਼ੇ ਦਾ ਕੇਂਦਰ ਵੱਲ 4100 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ, ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ ਹੈ। ਕੇਂਦਰ ਵੱਲ ਖੜ੍ਹੀ ਦੋ ਮਹੀਨੇ ਦੇ ਜੀ.ਐੱਸ.ਟੀ. ਮੁਆਵਜ਼ੇ ਦੀ ਬਕਾਇਆ ਰਾਸ਼ੀ ਸਿਰਫ 2100 ਕਰੋੜ ਰੁਪਏ ਹੈ।
ਹੈਰੋਇਨ ਸਮੇਤ ਮੋਟਰਸਾਈਕਲ ਚਾਲਕ ਕਾਬੂ
NEXT STORY