ਮੋਰਿੰਡਾ (ਅਰਨੌਲੀ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ। ਦੁਸਹਿਰੇ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਕਮਿਊਨਿਟੀ ਹੈਲਥ ਸੈਂਟਰ ਨੂੰ 100 ਬਿਸਤਰਿਆਂ ਵਾਲੇ ਹਸਪਤਾਲ ਵਜੋਂ ਅੱਪਗ੍ਰੇਡ ਕੀਤਾ ਜਾਵੇਗਾ ਅਤੇ ਮੋਰਿੰਡਾ ਵਿਖੇ ਜਲਦ ਹੀ ਇਕ ਟਰੌਮਾ ਸੈਂਟਰ ਵੀ ਬਣਾਇਆ ਜਾਵੇਗਾ। ਚੰਨੀ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਰਾਮ ਰਾਜ ਸਥਾਪਤ ਕੀਤਾ ਜਾਵੇਗਾ।
ਉਨ੍ਹਾਂ ਨੇ ਪਸ਼ੂਧਨ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਬਿਹਤਰ ਸਿਹਤ ਸਹੂਲਤਾਂ ਯਕੀਨੀ ਬਣਾਉਣ ਵਾਸਤੇ ਸੂਬੇ ਭਰ ਵਿਚ ਦਿਹਾਤੀ ਖੇਤਰਾਂ ਦੀਆਂ ਪਸ਼ੂ ਪਾਲਣ ਡਿਸਪੈਂਸਰੀਆਂ ਨੂੰ ਅੱਪਗ੍ਰੇਡ ਕਰਨ ਦਾ ਵੀ ਐਲਾਨ ਕੀਤਾ, ਤਾਂ ਜੋ ਕਿਸਾਨਾਂ ਦੀ ਆਮਦਨ ਵਿਚ ਵਾਧਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦੀ ਕਾਰਜ ਪ੍ਰਣਾਲੀ ਦੇ ਕਾਇਲ ਹੋਏ ਲੋਕ, ਹਵਾਈ ਸਫ਼ਰ ਦੌਰਾਨ ਸਰਕਾਰੀ ਫਾਈਲਾਂ ਨਿਪਟਾਈਆਂ
ਚੰਨੀ ਨੇ ਮੋਰਿੰਡਾ ਕਸਬੇ ਲਈ 42 ਕਰੋੜ ਰੁਪਏ ਦੀ ਲਾਗਤ ਨਾਲ ਇਕ ਸੀਵਰੇਜ ਪ੍ਰਾਜੈਕਟ ਅਤੇ 28 ਕਰੋੜ ਰਪਏ ਦੀ ਲਾਗਤ ਨਾਲ ਨਹਿਰ ਅਧਾਰਤ ਜਲ ਸਪਲਾਈ ਯੋਜਨਾ ਦਾ ਵੀ ਐਲਾਨ ਕੀਤਾ, ਜਿਸ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੇਤਰ ਵਿਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਾਸਤੇ ਬੇਲਾ-ਪਨਿਆਲੀ ਸੜਕ ਨੂੰ ਕੌਮੀ ਰਾਜਮਾਰਗ 344-ਏ ਨਾਲ ਜੋੜਨ ਲਈ ਖੇਤਰ ਵਿਚ ਸਤਲੁਜ ਦਰਿਆ ’ਤੇ 114 ਕਰੋੜ ਦੀ ਲਾਗਤ ਨਾਲ ਪੁਲ ਦਾ ਨਿਰਮਾਣ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਦੁਸਹਿਰੇ ਦੇ ਜਸ਼ਨਾਂ ਮੌਕੇ ਰਾਵਣ ਦੇ ਪੁਤਲੇ ਨੂੰ ਅਗਨੀ ਵਿਖਾਈ।
ਚੰਨੀ ਨੇ ਕਿਹਾ ਕਿ ਦੁਸਹਿਰਾ ਸਾਨੂੰ ਬਦੀ ’ਤੇ ਨੇਕੀ ਦੀ ਜਿੱਤ ਦੇ ਵਿਸ਼ਵਵਿਆਪੀ ਸੱਚ ਦੀ ਯਾਦ ਦਿਵਾਉਂਦਾ ਹੈ ਅਤੇ ਇਹ ਤਿਉਹਾਰ ਫਿਰਕੂ ਰੁਕਾਵਟਾਂ ਨੂੰ ਪਾਰ ਕਰਦਿਆਂ ਲੋਕਾਂ ਨੂੰ ਆਪਸੀ ਭਾਈਚਾਰੇ, ਸਦਭਾਵਨਾ ਅਤੇ ਮੇਲ-ਜੋਲ ਦੇ ਬੰਧਨ ਨੂੰ ਮਜ਼ਬੂਤ ਕਰਨ ਦਾ ਮੌਕਾ ਦਿੰਦਾ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ, ਬਿਕਰਮ ਬੱਤਾ, ਬੰਤ ਸਿੰਘ ਕਲਾਰਾਂ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਮੋਰਿੰਡਾ, ਗੁਰਵਿੰਦਰ ਸਿੰਘ ਕਕਰਾਲੀ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਵਾਈਸ ਚੇਅਰਮੈਨ ਚਰਨਜੀਤ ਚੰਨੀ ਡੇਅਰੀ, ਠੇਕੇਦਾਰ ਅਜੇ ਕੁਮਾਰ ਰਿੰਕੂ, ਕੌਸਲਰ ਰਾਜੇਸ ਕੁਮਾਰ, ਰਕੇਸ਼ ਕੁਮਾਰ ਬੱਗਾ, ਸੰਗਤ ਸਿੰਘ ਭਾਮੀਆ, ਰਾਜਪ੍ਰੀਤ ਸਿੰਘ ਰਾਜੀ, ਸੰਦੀਪ ਕੁਮਾਰ ਸੋਨੂੰ,ਸੁਖਵਿੰਦਰ ਸਿੰਘ ਮੁੰਡੀਆਂ, ਹਰਜਿੰਦਰ ਸਿੰਘ ਅਰਨੌਲੀ, ਮਨਿੰਦਰ ਸਿੰਘ ਮਨੀ, ਵਰਿੰਦਰ ਸਿੰਘ, ਕਰਮਜੀਤ ਭੁਲਰ ਡੂੰਮਛੇੜੀ ਸਮੇਤ ਰਾਮਲੀਲਾ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ।
ਇਹ ਵੀ ਪੜ੍ਹੋ: ਵਿਰੋਧ ਦਾ ਲੋਕਾਂ ਨੇ ਲੱਭਿਆ ਅਨੋਖਾ ਢੰਗ, ‘ਦੁਸਹਿਰੇ’ ’ਤੇ ਨਸ਼ਾ, ਅੱਤਵਾਦ ਤੇ ਮੰਗਾਂ ਲਈ ਸੜਨ ਲੱਗੇ ਆਗੂਆਂ ਦੇ ਪੁਤਲੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਿੰਘੂ ਬਾਰਡਰ ਮਾਮਲੇ ’ਚ ਐੱਸ. ਸੀ. ਕਮਿਸ਼ਨ ਨੇ ਹਰਿਆਣਾ ਦੇ ਡੀ. ਜੀ. ਪੀ. ਤੋਂ ਮੰਗਿਆ ਜਵਾਬ
NEXT STORY