ਚੰਡੀਗੜ੍ਹ, ਮਾਛੀਵਾੜਾ ਸਾਹਿਬ,(ਟੱਕਰ)- ਸਥਾਨਕ ਨੈਸ਼ਨਲ ਕਾਲਜ ਫਾਰ ਵਿਮੈਨ ਪਿਛਲੇ ਕਾਫ਼ੀ ਸਮੇਂ ਤੋਂ ਫੰਡਾਂ 'ਚ ਗੜਬੜੀ ਤੇ ਘਪਲੇਬਾਜ਼ੀ ਨੂੰ ਲੈ ਕੇ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਹੁਣ ਇਸ ਮਾਮਲੇ 'ਚ ਪ੍ਰਬੰਧਕ ਕਮੇਟੀ ਨੇ 1.75 ਕਰੋੜ ਤੋਂ ਵੱਧ ਦੀ ਘਪਲੇਬਾਜ਼ੀ ਦੀ ਖੁਲਾਸਾ ਕਰਦਿਆਂ ਪ੍ਰਿੰਸੀਪਲ ਨੂੰ ਦੋਸ਼ ਪੱਤਰ ਜਾਰੀ ਕੀਤਾ ਹੈ।
ਨੈਸ਼ਨਲ ਕਾਲਜ ਫਾਰ ਵਿਮੈਨ ਦੀ ਪ੍ਰਬੰਧਕ ਕਮੇਟੀ ਨੇ ਜੋ ਪ੍ਰਿੰਸੀਪਲ ਨੂੰ ਦੋਸ਼ ਪੱਤਰ ਜਾਰੀ ਕੀਤਾ ਹੈ ਉਸ ਵਿਚ ਇਹ ਖੁਲਾਸਾ ਹੋਇਆ ਕਿ ਕਾਲਜ ਨੂੰ ਪਿਛਲੇ ਕੁੱਝ ਸਾਲਾਂ 'ਚ 80 ਲੱਖ ਰੁਪਏ ਤੋਂ ਵੱਧ ਦਾਨ ਰਾਸ਼ੀ ਮਿਲੀ ਜਿਸ ਨੂੰ ਕਾਲਜ ਅਕਾਊਂਟੈਂਟ ਵਲੋਂ ਬੈਂਕ 'ਚ ਜਮ੍ਹਾ ਕਰਵਾਉਣ ਦੀ ਬਜਾਏ ਘਪਲੇਬਾਜ਼ੀ ਕਰ ਲਈ ਅਤੇ ਇਹ ਲੱਖਾਂ ਰੁਪਏ ਦੀ ਰਾਸ਼ੀ ਕਾਲਜ ਦੇ ਕਿਸੇ ਵੀ ਭਲਾਈ ਜਾਂ ਵਿਕਾਸ ਕਾਰਜ਼ਾਂ ਲਈ ਖਰਚ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਸਭ ਤੋਂ ਵੱਡੀ ਗੜਬੜੀ ਕਾਲਜ ਪੜ੍ਹਦੇ ਵਿਦਿਆਰਥੀਆਂ ਵਲੋਂ ਜੋ ਫੀਸਾਂ ਜਮ੍ਹਾਂ ਕਰਵਾਈਆਂ ਗਈਆਂ ਉਸ ਵਿਚ ਪਾਈ ਗਈ। ਪ੍ਰਬੰਧਕ ਕਮੇਟੀ ਅਨੁਸਾਰ ਸੰਨ 2016 ਤੋਂ ਲੈ ਕੇ 2019 ਤੱਕ ਬੱਚਿਆਂ ਨੇ ਪ੍ਰੀਖਿਆ ਫੀਸਾਂ ਲਈ ਕਰੀਬ 82 ਲੱਖ ਰੁਪਏ ਕਾਲਜ 'ਚ ਜਮ੍ਹਾਂ ਕਰਵਾਏ ਪਰ ਇਹ ਰਾਸ਼ੀ ਖਾਤਿਆਂ 'ਚ ਜਮ੍ਹਾਂ ਹੋਣ ਦੀ ਬਜਾਏ ਯੂਨੀਵਰਸਿਟੀ ਨੂੰ ਇਹ ਫੀਸਾਂ ਦੀ ਅਦਾਇਗੀ ਕਾਲਜ ਦੇ ਇੱਕ ਹੋਰ ਬੈਂਕ ਖਾਤੇ 'ਚੋਂ ਕਰ ਦਿੱਤੀ ਗਈ ਜੋ ਕਿ ਸਿੱਧੇ ਤੌਰ 'ਤੇ ਵੱਡੀ ਘਪਲੇਬਾਜ਼ੀ ਹੈ। ਇਸ ਤੋਂ ਇਲਾਵਾ ਪ੍ਰਿੰਸੀਪਲ ਵਲੋਂ ਕਾਲਜ ਅਕਾਊਂਟੈਂਟ ਦੀ ਪਤਨੀ ਨੂੰ ਡਿਊਟੀ ਕਿਤੇ ਬਿਨ੍ਹਾਂ 6 ਮਹੀਨੇ ਦੀ ਤਨਖਾਹ ਦੇ ਦਿੱਤੀ ਗਈ ਜੋ ਕਿ 90 ਹਜ਼ਾਰ ਬਣਦੀ ਹੈ। ਇਸ ਤੋਂ ਇਲਾਵਾ ਅਕਾਊਂਟੈਂਟ ਦੀ ਪਤਨੀ ਨੂੰ ਨੌਕਰੀ ਛੱਡਣ ਦੌਰਾਨ ਜੋ ਐਨ.ਓ.ਸੀ ਦਿੱਤੀ ਗਈ ਉਹ ਨਿਯਮਾਂ ਦੇ ਉਲਟ ਜਾ ਕੇ ਦਿੱਤੀ ਗਈ ਜਿਸ ਕਾਰਨ ਉਹ ਤੇ ਉਸਦਾ ਪਤੀ (ਅਕਾਊਂਟੈਂਟ) ਕਥਿਤ ਘਪਲੇਬਾਜ਼ੀ ਕਰ ਵਿਦੇਸ਼ ਰਵਾਨਾ ਹੋ ਗਏ।
ਦੋਸ਼ ਪੱਤਰ 'ਚ ਇਹ ਵੀ ਦੱਸਿਆ ਗਿਆ ਕਿ 6-8-2013 ਨੂੰ ਇੱਕ ਮਤਾ ਪਾਇਆ ਗਿਆ ਸੀ ਜਿਸ 'ਚ ਪ੍ਰਿੰਸੀਪਲ ਨੇ ਆਪਣੇ ਪੇ-ਸਕੇਲ 'ਚ ਵਾਧਾ ਕਰ ਲਿਆ ਪਰ ਉਸ ਸਮੇਂ ਮੌਜ਼ੂਦ ਪ੍ਰਬੰਧਕ ਅਮਰੀਕ ਸਿੰਘ ਕਾਹਲੋਂ ਦੇ ਮਤੇ 'ਤੇ ਜੋ ਦਸਤਖ਼ਤ ਹਨ ਉਹ ਜਾਅਲੀ ਪਾਏ ਗਏ ਜਿਸ ਸਬੰਧੀ ਪ੍ਰਬੰਧਕ ਕਮੇਟੀ ਨੇ ਇਹ ਦਸਤਖ਼ਤ ਲੈਬੋਟਰੀ 'ਚੋਂ ਜਾਂਚ ਵੀ ਕਰਵਾਏ। ਪ੍ਰਿੰਸੀਪਲ ਵਲੋਂ ਆਪਣੀ ਪੇ-ਸਕੇਲ ਵਧਾ ਕੇ ਹਰੇਕ ਮਹੀਨੇ 18 ਹਜ਼ਾਰ ਰੁਪਏ ਤਨਖਾਹ ਵੱਧ ਵਸੂਲੀ ਗਈ ਜੋ ਕਿ ਹੁਣ ਤੱਕ ਲੱਖਾਂ ਰੁਪਏ ਬਣਦੀ ਹੈ। ਯੂਨੀਵਰਸਿਟੀ ਦੇ ਇੱਕ ਨਿਯਮ ਅਨੁਸਾਰ ਪ੍ਰਿੰਸੀਪਲ ਵਲੋਂ ਡਿਊਟੀ ਦੌਰਾਨ ਹਫ਼ਤੇ 'ਚ 6 ਲੈਕਚਰ ਲਗਾਉਣੇ ਹੁੰਦੇ ਹਨ ਪਰ ਉਹ ਵੀ ਨਹੀਂ ਲਗਾਏ ਗਏ। ਪ੍ਰਬੰਧਕ ਕਮੇਟੀ ਅਨੁਸਾਰ ਕਾਲਜ 'ਚ ਕਰੀਬ 1.75 ਕਰੋੜ ਤੋਂ ਵੱਧ ਘਪਲੇਬਾਜ਼ੀ ਹੋਈ ਹੈ ਅਤੇ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਇਸ ਲਈ ਪ੍ਰਿੰਸੀਪਲ ਵੀ ਜਿੰਮੇਵਾਰ ਹੈ। ਇਸ ਤੋਂ ਇਲਾਵਾ ਪੁਲਿਸ ਜਿਲ੍ਹਾ ਖੰਨਾ ਦੇ ਐਸ.ਐਸ.ਪੀ ਵਲੋਂ ਇਸ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਨੈਸ਼ਨਲ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਇਹ ਦੋਸ਼ ਪੱਤਰ ਕਾਲਜ ਪ੍ਰਿੰਸੀਪਲ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਕੀ ਕਹਿਣਾ ਹੈ ਪ੍ਰਿੰਸੀਪਲ ਦਾ
ਨੈਸ਼ਨਲ ਕਾਲਜ ਫਾਰ ਵਿਮੈਨ ਦੀ ਪ੍ਰਿੰਸੀਪਲ ਰਜਿੰਦਰਪਾਲ ਕੌਰ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਵਲੋਂ ਜੋ ਉਨ੍ਹਾਂ ਉਪਰ ਦੋਸ਼ ਲਗਾਏ ਹਨ ਉਹ ਬੇਬੁਨਿਆਦ ਹਨ ਕਿਉਂਕਿ ਉਨ੍ਹਾਂ ਨੇ ਕੋਈ ਘਪਲੇਬਾਜ਼ੀ ਨਹੀਂ ਕੀਤੀ ਅਤੇ ਨਾ ਹੀ ਨਿਯਮਾਂ ਦੇ ਉਲਟ ਜਾ ਕੇ ਕੋਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ ਪੱਤਰ ਦਾ ਉਹ ਜਲਦ ਹੀ ਪ੍ਰਬੰਧਕ ਕਮੇਟੀ ਨੂੰ ਜਵਾਬ ਦੇਣਗੇ।
ਕਰੋੜਾਂ ਦੀ ਘਪਲੇਬਾਜ਼ੀ ਸਬੰਧੀ ਕਾਨੂੰਨੀ ਪ੍ਰਕਿਰਿਆ ਵੀ ਅੰਤਿਮ ਪੜਾਅ 'ਚ
ਨੈਸ਼ਨਲ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਫੰਡਾਂ 'ਚ ਘਪਲੇਬਾਜ਼ੀ ਕਰ ਲੱਖਾਂ ਰੁਪਏ ਹੜੱਪਣ ਵਾਲੇ ਅਕਾਊਂਟੈਂਟ ਅਤੇ ਜੋ ਵੀ ਇਸ ਮਾਮਲੇ 'ਚ ਸ਼ਾਮਿਲ ਹੈ ਉਸਦੀ ਜਾਂਚ ਲਈ ਪੁਲਿਸ ਜਿਲ੍ਹਾ ਖੰਨਾ ਦੇ ਐਸ.ਐਸ.ਪੀ ਨੂੰ ਸ਼ਿਕਾਇਤ ਦਰਜ਼ ਕਰਵਾਈ ਹੈ। ਇਸ ਮਾਮਲੇ ਦੀ ਜਾਂਚ ਡੀ.ਐਸ.ਪੀ.ਡੀ ਤਰਲੋਚਨ ਸਿੰਘ ਵਲੋਂ ਕੀਤੀ ਜਾ ਰਹੀ ਹੈ ਅਤੇ ਜਾਣਕਾਰੀ ਅਨੁਸਾਰ ਇਸ ਸਬੰਧੀ ਮਾਮਲਾ ਦਰਜ਼ ਕਰਨ ਲਈ ਕਾਨੂੰਨੀ ਪ੍ਰਕਿਰਿਆ ਅੰਤਿਮ ਪੜਾਅ 'ਚ ਹੈ ਅਤੇ ਕਦੇ ਵੀ ਘਪਲੇਬਾਜ਼ੀ ਦੇ ਕਥਿਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ਼ ਹੋ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਦਿੱਤੀ ਕ੍ਰਿਸਮਿਸ ਦੀ ਵਧਾਈ
NEXT STORY