ਪਟਿਆਲਾ/ਚੰਡੀਗੜ੍ਹ (ਰਾਜੇਸ਼, ਜੋਸਨ, ਰਾਣਾ, ਕਮਲ)-—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਵਚਨਬੱਧ ਹੈ। ਸਰਕਾਰ ਦੀ ਇਸ ਵਚਨਬੱਧਤਾ ਨੂੰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹੀ ਪੂਰਾ ਕਰਨਾ ਹੈ,ਇਸ ਲਈ ਵਿਕਾਸ ਕਾਰਜਾਂ ਅਤੇ ਸਰਕਾਰੀ ਸੇਵਾ ਨਿਭਾਉਣ 'ਚ ਕਿਸੇ ਤਰ੍ਹਾਂ ਦੀ ਅਣਗਹਿਲੀ ਤੇ ਢਿੱਲ-ਮੱਠ ਬਰਦਾਸ਼ਤਯੋਗ ਨਹੀਂ ਹੋਵੇਗੀ।' ਇਹ ਹਦਾਇਤ ਅੱਜ ਇੱਥੇ ਪੰਜਾਬ ਦੇ ਜੰਗਲਾਤ ਤੇ ਸਮਾਜਕ ਨਿਆਂ ਮਾਮਲਿਆਂ ਦੇ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਜ਼ਿਲਾ ਅਧਿਕਾਰੀਆਂ ਨੂੰ ਕੀਤੀ।ਕੈਬਨਿਟ ਮੰਤਰੀ ਧਰਮਸੌਤ ਜ਼ਿਲੇ 'ਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਜਾਇਜ਼ਾ ਲੈਣ ਮੌਕੇ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਆਦੇਸ਼ ਦਿੱਤੇ ਕਿ ਵਿਕਾਸ ਕਾਰਜਾਂ 'ਚ ਹੋਰ ਤੇਜ਼ੀ ਲਿਆਂਦੀ ਜਾਵੇ। ਸਰਕਾਰ ਦੀਆਂ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪੁਜਦਾ ਕਰਨਾ ਯਕੀਨੀ ਬਣਾਉਣ 'ਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਸ. ਧਰਮਸੌਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਦੀ ਨਿਗਰਾਨੀ ਖ਼ੁਦ ਕਰਨੀ ਯਕੀਨੀ ਬਣਾਉਣ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ 'ਤੇ ਪਹੁੰਚਾਉਣ ਲਈ ਇਨ੍ਹਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰ ਕੇ ਸਰਕਾਰ ਦਾ ਮਨੋਰਥ ਪੂਰਾ ਕੀਤਾ ਜਾਵੇ। ਇਸ ਕੰਮ 'ਚ ਅਣਗਹਿਲੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਕਰਜ਼ਾ-ਰਾਹਤ ਸਕੀਮ, ਮਗਨਰੇਗਾ ਸਕੀਮ ਦੇ ਲਾਭ ਅਤੇ ਬੇਘਰਿਆਂ ਨੂੰ ਪਲਾਟ ਦੇਣ ਦੀ ਜਾਣਕਾਰੀ ਆਮ ਲੋਕਾਂ ਤੱਕ ਪੁਜਦੀ ਕੀਤੀ ਜਾਵੇ।
ਇਸ ਮੌਕੇ ਸ. ਧਰਮਸੋਤ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਲੜੀ ਤਹਿਤ ਜਿਥੇ ਹਰ ਪਿੰਡ 'ਚ 550 ਬੂਟੇ ਲਾਏ ਜਾ ਰਹੇ ਹਨ, ਉਥੇ ਹੀ ਉਨ੍ਹਾਂ ਦੀ ਚਰਨ-ਛੋਹ ਧਰਤੀ ਛੀਂਟਾਂਵਾਲਾ ਨੂੰ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਧਰਮਸੌਤ ਨੂੰ ਦੱਸਿਆ ਕਿ ਬੂਟੇ ਲਾਉਣ ਲਈ ਥਾਵਾਂ ਦੀ ਪਛਾਣ ਕਰ ਲਈ ਗਈ ਹੈ। ਇਹ ਕੰਮ ਸਮੇਂ ਸਿਰ ਮੁਕੰਮਲ ਕਰ ਲਿਆ ਜਾਵੇਗਾ।
ਮੀਟਿੰਗ ਦੌਰਾਨ ਵਿਧਾਇਕ ਸਮਾਣਾ ਰਾਜਿੰਦਰ ਸਿੰਘ, ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਹਰਿੰਦਰਪਾਲ ਸਿੰਘ ਹੈਰੀਮਾਨ, ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਸ਼੍ਰੀ ਨਰਿੰਦਰ ਸਿੰਗਲਾ, ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਕਪੂਰ ਚੰਦ ਬਾਂਸਲ, ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ, ਜ਼ਿਲਾ ਪ੍ਰੀਸ਼ਦ ਮੈਂਬਰ ਗਗਨਦੀਪ ਸਿੰਘ ਜੌਲੀ ਜਲਾਲਪੁਰ, ਸਤਨਾਮ ਸਿੰਘ, ਜ਼ਿਲਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਉਂਟਸਰ ਸਮੇਤ ਹੋਰ ਵਿਭਾਗਾਂ ਦੇ ਮੁਖੀ ਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਆਸ਼ੂ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਰਾਜਪਾਲ ਨੂੰ ਮਿਲੇ 'ਆਪ' ਆਗੂ
NEXT STORY