ਚੰਡੀਗੜ੍ਹ (ਰਮਨਜੀਤ) - ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੰਤਰੀ ਮੰਡਲ 'ਚੋਂ ਬਰਖ਼ਾਸਤ ਕਰਕੇ ਬਹੁ-ਕਰੋੜੀ ਜ਼ਮੀਨ ਘਪਲੇ 'ਚ ਸ਼ਾਮਲ ਅਫ਼ਸਰਾਂ ਅਤੇ ਹੋਰਨਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਨੂੰ ਲੈ ਕੇ 'ਆਪ' ਪੰਜਾਬ ਵਲੋਂ ਰਾਜਪਾਲ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ।ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੁਧਿਆਣਾ 'ਚ ਹੋਇਆ ਇਹ ਜ਼ਮੀਨ ਘਪਲਾ ਪਿਛਲੇ ਕਈ ਦਿਨਾਂ ਤੋਂ ਮੀਡੀਆ ਦੀਆਂ ਸੁਰਖ਼ੀਆਂ ਬਣਿਆ ਹੋਇਆ ਹੈ ਅਤੇ ਇਹ ਮਾਮਲਾ ਪੰਜਾਬ ਵਿਧਾਨ ਸਭਾ ਦੇ ਹਾਲ ਹੀ ਸੈਸ਼ਨ 'ਚ ਵੀ ਆਮ ਆਦਮੀ ਪਾਰਟੀ ਪੰਜਾਬ ਵਲੋਂ ਉਠਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਗਰੈਂਡ ਮੈਨਰ ਹੋਮਜ਼ ਜ਼ਮੀਨ ਘਪਲੇ ਬਾਰੇ ਜਾਂਚ ਰਿਪੋਰਟ 'ਚ ਦੋਸ਼ੀ ਮੰਨੇ ਗਏ ਮੰਤਰੀ ਭਾਰਤ ਭੂਸ਼ਣ ਆਸ਼ੂ, ਆਤਮ ਨਗਰ (ਲੁਧਿਆਣਾ) ਤੋਂ ਕਾਂਗਰਸੀ ਉਮੀਦਵਾਰ ਰਹੇ ਕਮਲਜੀਤ ਸਿੰਘ ਕੜਵਲ, ਤਿੰਨ ਉਚ ਅਧਿਕਾਰੀਆਂ ਦੇ ਨਾਂ ਆਏ ਹਨ ਅਤੇ ਇਸ ਰਿਪੋਰਟ ਦੇ ਕਈ ਹਿੱਸੇ ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਵੀ ਆ ਚੁੱਕੇ ਹਨ, ਜਿਸ ਵਿਚ ਮੰਤਰੀ ਅਤੇ ਕਈ ਅਧਿਕਾਰੀਆਂ ਦੀ ਮਿਲੀਭੁਗਤ ਦੇ ਸੰਕੇਤ ਮਿਲੇ ਹਨ। ਇਸ ਲਈ ਕੈਪਟਨ ਸਰਕਾਰ ਇਨ੍ਹਾਂ ਸਮੇਤ ਲੈਂਡ ਮਾਫ਼ੀਆ ਚਲਾਉਂਦੇ ਸਾਰੇ ਲੋਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰਕੇ ਇਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ। ਚੀਮਾ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕਰਦੇ ਹਾਂ ਕਿ ਇਸ ਘਪਲੇ ਦੇ ਮਾਸਟਰਮਾਈਂਡ ਮੰਤਰੀ ਭਾਰਤ ਭੂਸ਼ਣ ਨੂੰ ਮੰਤਰੀ ਮੰਡਲ 'ਚੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਨਾਲ ਹੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਘਪਲੇ ਬਾਰੇ ਕਰਵਾਈ ਗਈ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਕਿਉਂਕਿ ਜਦੋਂ ਇਸ ਰਿਪੋਰਟ ਦੇ ਕਈ ਅਹਿਮ ਹਿੱਸੇ ਮੀਡੀਆ 'ਚ ਪ੍ਰਕਾਸ਼ਿਤ ਹੋਏ ਸਨ ਤਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਮੀਡੀਆ ਰਿਪੋਰਟਾਂ ਨੂੰ ਸਦਨ 'ਚ ਝੁਠਲਾ ਨਹੀਂ ਸਕੇ, ਬਲਕਿ ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਚਾਹੇ ਕੋਈ ਮੰਤਰੀ ਹੋਵੇ ਜਾਂ ਸੰਤਰੀ ਉਹ ਬਖ਼ਸ਼ੇ ਨਹੀਂ ਜਾਣਗੇ ਪਰ ਇੰਨੇ ਦਿਨ ਲੰਘਣ ਦੇ ਬਾਵਜੂਦ ਕਿਸੇ 'ਤੇ ਕੋਈ ਕਾਰਵਾਈ ਨਾ ਕਰਨਾ ਕਈ ਕਿਸਮ ਦੇ ਸ਼ੰਕੇ ਪੈਦਾ ਕਰਦਾ ਹੈ ਜਦੋਂਕਿ ਜ਼ਮੀਨ ਦੇ ਸੀ. ਐੱਸ. ਯੂ. ਅਤੇ ਰਜਿਸਟਰੀ ਦੇ ਫ਼ਰਜ਼ੀਵਾੜੇ ਦਾ ਪਰਦਾਫਾਸ਼ ਹੋ ਚੁੱਕਿਆ ਹੈ। ਇਸ ਮੌਕੇ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ ਆਦਿ ਮੌਜੂਦ ਸਨ।
ਕੋਟਕਪੂਰਾ ਤੇ ਬਹਿਬਲ ਕਲਾਂ ਘਟਨਾਵਾਂ ਦੀ ਜਾਂਚ ਲਈ ਸੁਖਬੀਰ ਨੇ ਕੀਤੀ ਇਹ ਮੰਗ
NEXT STORY