ਸ਼ਾਹਕੋਟ (ਅਰੁਣ)— ਸ਼ਾਹਕੋਟ ਵਿਧਾਨ ਸਭਾ ਸੀਟ ਇਸ ਵੇਲੇ ਪੰਜਾਬ 'ਚ ਸੱਤਾ ਸੰਭਾਲੀ ਬੈਠੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੁੱਛ ਦਾ ਸਵਾਲ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਸੀਟ ਤੋਂ ਮਰਹੂਮ ਜਥੇਦਾਰ ਅਜੀਤ ਸਿੰਘ ਕੋਹਾੜ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੇ ਪੁੱਤਰ ਨਾਇਬ ਸਿੰਘ ਕੋਹਾੜ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਪਰ ਇਸ ਦੇ ਉਲਟ ਕਾਂਗਰਸ ਅਜੇ ਤਕ ਆਪਣਾ ਉਮੀਦਵਾਰ ਨਹੀਂ ਐਲਾਨ ਸਕੀ ਹੈ। ਕਾਂਗਰਸ ਪਾਰਟੀ ਵਲੋਂ ਇਸ ਸੀਟ ਤੋਂ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਨਾ ਕਰਨਾ ਸਪੱਸ਼ਟ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਦੇਸ਼ ਭਰ 'ਚ ਦਮ ਤੋੜਦੀ ਜਾ ਰਹੀ ਪਾਰਟੀ ਪੰਜਾਬ 'ਚ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦੀ ਹੈ। ਕੈਪਟਨ ਸਰਕਾਰ ਲਈ ਇਹ ਚੋਣ ਵੱਡੇ ਇਮਤਿਹਾਨ ਤੋਂ ਘੱਟ ਨਹੀਂ। ਸਰਕਾਰ ਵਲੋਂ ਹੋਂਦ 'ਚ ਆਉਣ ਤੋਂ ਲੈ ਕੇ ਹੁਣ ਤਕ ਕੀਤੇ ਗਏ ਕੰਮ, ਖਾਸ ਕਰ ਕੇ ਕਿਸਾਨਾਂ ਦੀ ਕਰਜ਼ਾ ਮੁਆਫੀ, ਹਲਕੇ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਤੇ ਹੋਰ ਅਜਿਹੇ ਮੁੱਦੇ ਚੋਣ ਵਿਚ ਉਭਾਰਨ ਲਈ ਕਾਂਗਰਸ ਆਪਣਾ ਜ਼ੋਰ ਲਗਾਏਗੀ। ਕੈਪਟਨ ਅਮਰਿੰਦਰ ਸਿੰਘ ਆਪਣੇ ਰਿਪੋਰਟ ਕਾਰਡ 'ਚ ਸ਼ਾਹਕੋਟ ਦੀ ਹਾਰ ਦਰਜ ਨਹੀਂ ਕਰਵਾਉਣਾ ਚਾਹੁੰਦੇ । ਜਿਸ ਕਾਰਨ ਉਨ੍ਹਾਂ ਨੇ ਉਮੀਦਵਾਰ ਦੇ ਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਹਲਕੇ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਕਰ ਦਿੱਤਾ। ਜਿੱਥੋਂ ਤਕ ਰਹੀ ਉਮੀਦਵਾਰ ਐਲਾਨ ਦੀ ਗੱਲ ਤਾਂ ਪਾਰਟੀ ਅਜਿਹੇ ਕਿਸੇ ਵੀ ਉਮੀਦਵਾਰ 'ਤੇ ਦਾਅ ਨਹੀਂ ਖੇਡਣਾ ਚਾਹੁੰਦੀ ਜਿਸ ਕਾਰਨ ਇਹ ਸੀਟ ਗਵਾਉਣੀ ਪਵੇ। ਪਾਰਟੀ ਕਿਸੇ ਵੱਡੇ ਸਿਆਸੀ ਕੱਦ ਵਾਲੇ ਸਿਆਸਤਦਾਨ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ, ਜੋ ਬੀਤੇ 2 ਦਹਾਕਿਆਂ ਤੋਂ ਅਕਾਲੀ ਦਲ ਦੇ ਇਸ ਅਜੇਤੂ ਕਿਲੇ ਨੂੰ ਫਤਿਹ ਕਰ ਕੇ ਸੀਟ ਕਾਂਗਰਸ ਦੀ ਝੋਲੀ ਪਾਵੇ।
ਸ਼ਾਹਕੋਟ ਹਲਕੇ (ਪਹਿਲਾਂ ਲੋਹੀਆਂ) 'ਤੇ ਅੱਜ ਤਕ ਅਕਾਲੀ ਦਲ ਕਾਬਜ਼ ਰਿਹਾ ਹੈ। ਸਿਰਫ ਇਕ ਵਾਰ ਕਾਂਗਰਸੀ ਉਮੀਦਵਾਰ ਨੇ ਜਿੱਤ ਦਰਜ ਕਰਵਾਈ ਸੀ ਪਰ ਉਸ ਵੇਲੇ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ। ਅਕਾਲੀ ਦਲ ਦੇ ਮਹਾਰਥੀ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਅਕਾਲ ਚਲਾਣਾ ਕਰ ਜਾਣ ਪਿੱਛੋਂ ਕਾਂਗਰਸ ਆਪਣੀ ਸਾਰੀ ਤਾਕਤ ਇਸ ਸੀਟ 'ਤੇ ਲਾ ਕੇ ਇਸ ਸੀਟ ਨੂੰ ਕਾਂਗਰਸੀ ਰੰਗ 'ਚ ਰੰਗਣਾ ਚਾਹੁੰਦੀ ਹੈ।
ਮੋਟਰਸਾਈਕਲ-ਪੀਟਰ ਰੇਹੜੇ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ
NEXT STORY