ਅੰਮ੍ਰਿਤਸਰ, (ਵਾਲੀਆ)- ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਲੱਗਦਾ ਨਹੀਂ ਕਿ ਨੇੜ ਭਵਿੱਖ 'ਚ ਲਾਕਡਾਊਨ ਖੁੱਲ੍ਹੇ। ਦੂਜੇ ਪਾਸੇ ਕਿਸਾਨਾਂ ਦੀ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪੁੱਤਾਂ ਵਾਂਗ ਪਾਲ਼ੀ ਸੋਨੇ ਵਰਗੀ ਫਸਲ ਪੱਕ ਕੇ ਤਿਆਰ ਖੜ੍ਹੀ ਹੈ। ਪੰਜਾਬ ਸਰਕਾਰ ਕਣਕ ਦੀ ਕਟਾਈ, ਸੰਭਾਲ ਤੇ ਖਰੀਦ ਦੀ ਸਾਰਥਿਕ ਯੋਜਨਾਬੰਦੀ ਅਗਾਊਂ ਕਰ ਕੇ ਇਸ ਦੀ ਜਾਣਕਾਰੀ ਅਧਿਕਾਰੀਆਂ ਅਤੇ ਕਿਸਾਨਾਂ ਤੱਕ ਪਹੁੰਚਦੀ ਕਰੇ ਤਾਂ ਜੋ ਔਖੀ ਘੜੀ 'ਚ ਕਿਸਾਨਾਂ ਅਤੇ ਸਰਕਾਰੀ ਤੰਤਰ ਦਰਮਿਆਨ ਕਿਸੇ ਵੀ ਕਿਸਮ ਦੀ ਗਲਤਫਹਿਮੀ ਤੇ ਟਕਰਾਅ ਪੈਦਾ ਨਾ ਹੋਵੇ। ਅਜਿਹਾ ਟਕਰਾਅ ਟਾਲਣ ਅਤੇ ਗਲਤਫਹਿਮੀਆਂ ਦੂਰ ਕਰਨ ਲਈ ਜ਼ਿਲਾ ਪ੍ਰਸ਼ਾਸਨ ਨਾਲ ਤਾਲਮੇਲ ਪੈਦਾ ਕਰਨ ਲਈ ਕਿਸਾਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਜਾਣ। ਇਹ ਵਿਚਾਰ ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਬਲਵਿੰਦਰ ਸਿੰਘ ਖੋਜਕੀਪੁਰ, ਪ੍ਰਧਾਨ ਕੁਲਦੀਪ ਸਿੰਘ ਮਜੀਠੀਆ, ਹਰਸ਼ਰਨ ਸਿੰਘ ਭਰਤਪੁਰ ਜੱਟਾਂ ਤੇ ਗੁਰਚਰਨ ਸਿੰਘ ਬਸਿਆਲਾ ਨੇ ਸਾਂਝੇ ਤੌਰ 'ਤੇ ਗੱਲਬਾਤ ਦੌਰਾਨ ਪ੍ਰਗਟਾਏ।
ਉਕਤ ਆਗੂਆਂ ਨੇ ਕਿਹਾ ਕਿ ਹਮੇਸ਼ਾ ਹੱਕ, ਸੱਚ 'ਤੇ ਪਹਿਰਾ ਦੇਣ ਵਾਲੀ ਫੈੱਡਰੇਸ਼ਨ ਨੇ ਅੱਜ ਡਟ ਕੇ ਔਖੀ 'ਚ ਘੜੀ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਤੁਸੀਂ 2002 ਦੀ ਆਪਣੀ ਸਰਕਾਰ ਸਮੇਂ ਕਿਸਾਨਾਂ ਦੀ ਜਿਣਸ ਨੂੰ ਖਰੀਦਣ ਦੀ ਵਿਉਂਤਬੰਦੀ ਨੂੰ ਅਮਲੀ ਜਾਮਾ ਪਹਿਨਾ ਕੇ ਕਿਸਾਨਾਂ ਅਤੇ ਪੰਜਾਬੀਆਂ ਦੀ ਵਾਹ-ਵਾਹ ਖੱਟ ਕੇ ਦੁਆਵਾਂ ਹਾਸਲ ਕੀਤੀਆਂ, ਹੁਣ ਵੀ ਸੰਕਟ ਦੀ ਸਥਿਤੀ 'ਚ ਕਣਕ ਸਾਂਭਣ ਤੇ ਖਰੀਦਣ ਦਾ ਕੰਮ ਕਿਸਾਨਾਂ ਲਈ ਆਸਾਨ ਅਤੇ ਰੁਕਾਵਟ-ਰਹਿਤ ਬਣਾਇਆ ਜਾਵੇ। ਫੈੱਡਰੇਸ਼ਨ ਨੇਤਾਵਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੋਈ ਵੀ ਕਿਸਾਨ ਮੰਡੀਆਂ 'ਚ ਰਾਤ ਤਾਰਿਆਂ ਦੀ ਛਾਵੇਂ ਨਾ ਗੁਜ਼ਾਰੇ ਅਤੇ ਜਿਸ ਤਰ੍ਹਾਂ ਇਕ ਦੁਕਾਨਦਾਰ ਸੌਦਾ ਤੋਲ ਕੇ ਗਾਹਕਾਂ ਤੋਂ ਉਸੇ ਸਮੇਂ ਪੈਸੇ ਫੜ ਕੇ ਗੱਲੇ 'ਚ ਪਾ ਲੈਂਦਾ ਹੈ, ਉਸੇ ਤਰ੍ਹਾਂ ਕਿਸਾਨਾਂ ਦੀ ਫਸਲ ਤੋਲ ਕੇ ਉਸੇ ਸਮੇਂ ਪੈਸੇ ਉਸ ਦੇ ਹੱਥ 'ਚ ਫੜਾਏ ਜਾਣ।
ਲੁਧਿਆਣਾ ਦੇ 46 ਜਮਾਤੀ ਦੇ ਟੈਸਟ ਆਏ ਨੈਗੇਟਿਵ
NEXT STORY