ਜਲੰਧਰ (ਧਵਨ) - ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਮੁਹਿੰਮ ਸ਼ੁਰੂ ਕਰਨ ਵਾਲੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੁਣ ਨੇੜਲੇ ਭਵਿੱਖ 'ਚ ਵੀ ਗੈਰ-ਕਾਨੂੰਨੀ ਮਾਈਨਿੰਗ ਦਾ ਪਤਾ ਲਾਉਣ ਲਈ ਕਿਸੇ ਸਮੇਂ ਵੀ ਅਚਾਨਕ ਚੈਕਿੰਗ ਕੀਤੀ ਜਾ ਸਕਦੀ ਹੈ।
ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਤਾਂ ਕਰਤਾਰਪੁਰ ਜਾਂਦੇ ਸਮੇਂ ਫਿਲੌਰ ਅਤੇ ਨਵਾਂਸ਼ਹਿਰ ਨੇੜੇ ਗੈਰ-ਕਾਨੂੰਨੀ ਮਾਈਨਿੰਗ ਬਾਰੇ ਚੈਕਿੰਗ ਕੀਤੀ ਸੀ। ਹੁਣ ਦੂਜੀ ਵਾਰ ਉਨ੍ਹਾਂ ਨਕੋਦਰ 'ਚ ਕਿਸਾਨ ਕਰਜ਼ਾ ਮੁਆਫੀ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਹੈਲੀਕਾਪਟਰ ਰਾਹੀਂ ਜਾਂਦੇ ਸਮੇਂ ਗੈਰ-ਕਾਨੂੰਨੀ ਮਾਈਨਿੰਗ ਬਾਰੇ ਚੈਕਿੰਗ ਕੀਤੀ ਸੀ। ਇਸ ਦੀ ਜਾਣਕਾਰੀ ਅਜੇ ਤਕ ਸ਼ਾਇਦ ਅਧਿਕਾਰੀਆਂ ਨੂੰ ਵੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਹੈਲੀਕਾਪਟਰ ਦੇ ਪਾਇਲਟ ਨੂੰ ਕਿਹਾ ਸੀ ਕਿ ਉਹ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੇੜੇ ਹੈਲੀਕਾਪਟਰ ਨੂੰ ਲੈ ਕੇ ਜਾਵੇ।
ਦੱਸਿਆ ਜਾਂਦਾ ਹੈ ਕਿ ਕੈਪਟਨ ਦੇ ਨਿਰੇਦਸ਼ਾਂ 'ਤੇ ਪਾਇਲਟ ਜਦੋਂ ਹੈਲੀਕਾਪਟਰ ਨੂੰ ਧੁੱਸੀ ਬੰਨ੍ਹ ਦੇ ਨੇੜੇ ਲੈ ਕੇ ਗਿਆ ਤਾਂ ਉਥੇ ਉਸ ਸਮੇਂ ਕਿਸੇ ਤਰ੍ਹਾਂ ਦੀ ਗੈਰ-ਕਾਨੂੰਨੀ ਮਾਈਨਿੰਗ ਨਹੀਂ ਚੱਲ ਰਹੀ ਸੀ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਹੁਣ ਅੱਗੋਂ ਵੀ ਗੈਰ-ਕਾਨੂੰਨੀ ਮਾਈਨਿੰਗ ਦਾ ਪਤਾ ਲਾਉਣ ਲਈ ਵੱਖ-ਵੱਖ ਜ਼ਿਲਿਆਂ ਦੇ ਦੌਰੇ ਕਰਦੇ ਸਮੇਂ ਹੈਲੀਕਾਪਟਰ ਰਾਹੀਂ ਚੈਕਿੰਗ ਕੀਤੀ ਜਾ ਸਕਦੀ ਹੈ। ਸੜਕ ਰਸਤੇ ਰਾਹੀਂ ਵੀ ਮੁੱਖ ਮੰਤਰੀ ਇੰਝ ਕਰ ਸਕਦੇ ਹਨ। ਇਸ ਅਚਾਨਕ ਚੈਕਿੰਗ ਦਾ ਅਸਰ ਪਿਛਲੇ ਕੁਝ ਦਿਨਾਂ ਦੌਰਾਨ ਦੇਖਿਆ ਗਿਆ ਹੈ ਅਤੇ ਮਾਈਨਿੰਗ ਅਤੇ ਗੈਰ-ਕਾਨੂੰਨੀ ਮਾਈਨਿੰਗ ਦੇ ਕੰਮ 'ਚ ਲੱਗੀਆਂ ਹੋਈਆਂ ਮਸ਼ੀਨਾਂ ਗਾਇਬ ਹੋ ਗਈਆਂ ਹਨ।
ਆਂਗਣਵਾੜੀ ਵਰਕਰਾਂ ਵੱਲੋਂ ਧਰਨਾ
NEXT STORY