ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ ਦੇ ਨੇੜਲੇ ਪਿੰਡ ਨੂਰਪੁਰ ਦੇ ਵਾਸੀ ਬਚਿੱਤਰ ਸਿੰਘ ਨੇ ਸਥਾਨਕ ਸਰਕਾਰੀ ਹਸਪਤਾਲ ’ਚ ਤਾਇਨਾਤ ਡਾਕਟਰ 'ਤੇ ਲਾਪਰਵਾਹੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦੀ ਪਤਨੀ ਦੇ ਗਰਭ 'ਚ ਬੱਚੇ ਦੀ ਮੌਤ ਹੋ ਗਈ, ਜਿਸ ਸਬੰਧੀ ਉਸ ਨੇ ਇਨਸਾਫ਼ ਲੈਣ ਲਈ ਸਿਹਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਭੇਜੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਚਿੱਤਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸੁਖਵਿੰਦਰ ਕੌਰ 11 ਸਾਲ ਬਾਅਦ ਗਰਭਵਤੀ ਹੋਈ ਅਤੇ ਉਹ 13 ਜੁਲਾਈ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਡਾਕਟਰ ਕੋਲ ਜਾਂਚ ਲਈ ਆਇਆ, ਜਿੱਥੇ ਗਰਭ ’ਚ ਬੱਚੇ ਦੇ ਹਾਲਾਤਾਂ ਸਬੰਧੀ ਸਕੈਨ ਵੀ ਕਰਵਾਈ ਗਈ। 16 ਜੁਲਾਈ ਨੂੰ ਉਸਦੀ ਪਤਨੀ ਦੇ ਢਿੱਡ ’ਚ ਦਰਦ ਹੋਣ ਲੱਗਿਆ ਅਤੇ ਫਿਰ ਉਹ ਸਰਕਾਰੀ ਹਸਪਤਾਲ ’ਚ ਜਾਂਚ ਲਈ ਆਇਆ, ਜਿਸ ’ਤੇ ਡਾਕਟਰ ਨੇ ਦਵਾਈ ਲਿਖ ਦਿੱਤੀ ਅਤੇ 10 ਦਿਨ ਬਾਅਦ ਜਾਂਚ ਕਰਵਾਉਣ ਆਉਣ ਲਈ ਕਿਹਾ।
ਸ਼ਿਕਾਇਤ ਕਰਤਾ ਬਚਿੱਤਰ ਸਿੰਘ ਅਨੁਸਾਰ ਉਸਦੀ ਪਤਨੀ ਦੇ ਢਿੱਡ 'ਚ ਦਰਦ ਨਾ ਹਟੀ ਤਾਂ ਉਹ ਮੁੜ 20 ਜੁਲਾਈ ਨੂੰ ਸਰਕਾਰੀ ਹਸਪਤਾਲ ’ਚ ਜਾਂਚ ਕਰਵਾਉਣ ਆਇਆ ਤਾਂ ਉਸ ਸਮੇਂ ਵੀ ਡਾਕਟਰ ਨੇ ਬਿਨ੍ਹਾਂ ਜਾਂਚ ਕੀਤੇ ਦਵਾਈ ਦੇ ਕੇ ਵਾਪਸ ਭੇਜ ਦਿੱਤਾ। ਬਚਿੱਤਰ ਸਿੰਘ ਅਨੁਸਾਰ ਉਹ ਅਜੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਕਿ ਰਸਤੇ ’ਚ ਉਸ ਦੀ ਪਤਨੀ ਦੀ ਸਿਹਤ ਹੋਰ ਖਰਾਬ ਹੋ ਗਈ, ਜਿਸ ਨੂੰ ਉਹ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਜਾਂਚ ਲਈ ਲੈ ਗਿਆ। ਡਾਕਟਰਾਂ ਨੇ ਜਾਂਚ ਉਪਰੰਤ ਦੱਸਿਆ ਕਿ ਗਰਭ ’ਚ ਉਸ ਦਾ ਬੱਚਾ ਮਰ ਚੁੱਕਾ ਹੈ।
ਨਿੱਜੀ ਹਸਪਤਾਲ ’ਚ ਮਹਿੰਗਾ ਇਲਾਜ ਹੋਣ ਕਾਰਨ ਉਹ ਮੁੜ ਸਰਕਾਰੀ ਹਸਪਤਾਲ ਆ ਗਿਆ ਤਾਂ ਉੱਥੇ ਡਾਕਟਰਾਂ ਵੱਲੋਂ ਉਸ ਨੂੰ ਮੁੜ ਸਕੈਨ ਕਰਵਾਉਣ ਲਈ ਕਿਹਾ ਗਿਆ, ਜਿਸ ’ਚ ਜਾਂਚ ਦੌਰਾਨ ਉਸਦਾ ਬੱਚਾ ਗਰਭ 'ਚ ਹੀ ਮ੍ਰਿਤਕ ਪਾਇਆ ਗਿਆ। ਸ਼ਿਕਾਇਤ ਕਰਤਾ ਬਚਿੱਤਰ ਸਿੰਘ ਅਨੁਸਾਰ ਇਨ੍ਹਾਂ ਹਾਲਾਤਾਂ ’ਚ ਉਹ ਆਪਣੀ ਪਤਨੀ ਦਾ ਇਲਾਜ ਨਿੱਜੀ ਹਸਪਤਾਲ ’ਚੋਂ ਕਰਵਾਉਂਦਾ ਤਾਂ 35 ਹਜ਼ਾਰ ਰੁਪਏ ਖਰਚ ਆਉਣਾ ਸੀ, ਜਿਸ ਲਈ ਉਹ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਲੈ ਗਿਆ ਪਰ ਉੱਥੇ ਸਹੂਲਤਾਂ ਨਾ ਹੋਣ ਕਾਰਨ ਡਾਕਟਰਾਂ ਨੇ ਲੁਧਿਆਣਾ ਸਰਕਾਰੀ ਹਸਪਤਾਲ ’ਚ ਰੈਫ਼ਰ ਕਰ ਦਿੱਤਾ। ਲੁਧਿਆਣਾ ਸਰਕਾਰੀ ਹਸਪਤਾਲ ਦੇ ਮਾੜੇ ਪ੍ਰਬੰਧਾਂ ਦਾ ਖੁਲਾਸਾ ਕਰਦਿਆਂ ਬਚਿੱਤਰ ਸਿੰਘ ਨੇ ਕਿਹਾ ਕਿ ਰਾਤ ਕਰੀਬ 1.30 ਵਜੇ ਦਾਖਲ ਕਰਵਾਈ ਉਸ ਦੀ ਪਤਨੀ ਨੂੰ ਦੂਜੇ ਦਿਨ 3 ਵਜੇ ਤੱਕ ਕਿਸੇ ਨਾ ਪੁੱਛਿਆ, ਜਿਸ ਕਾਰਨ ਉਹ 21 ਜੁਲਾਈ ਨੂੰ ਆਪਣੀ ਪਤਨੀ ਦੀ ਛੁੱਟੀ ਕਰਵਾ ਮੁੜ ਮਾਛੀਵਾੜਾ ਵਿਖੇ ਇੱਕ ਨਿੱਜੀ ਹਸਪਤਾਲ ਲਿਆਂਦਾ ਅਤੇ ਆਪਰੇਸ਼ਨ ਕਰਵਾਇਆ।
ਉਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਪਰੇਸ਼ਨ ਦੌਰਾਨ ਉਸਦਾ ਬੱਚਾ ਤਾਂ ਪਹਿਲਾਂ ਹੀ ਗਰਭ 'ਚ ਮ੍ਰਿਤਕ ਸੀ ਪਰ ਜੇਕਰ ਸਮੇਂ ਸਿਰ ਇਲਾਜ ਨਾ ਹੁੰਦਾ ਤਾਂ ਉਸ ਦੀ ਪਤਨੀ ਦੀ ਵੀ ਜਾਨ ਜਾ ਸਕਦੀ ਸੀ। ਬਚਿੱਤਰ ਸਿੰਘ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜਿੱਥੇ ਡਾਕਟਰ ਦੀ ਲਾਪਰਵਾਹੀ ਤੇ ਸੁਚੱਜੇ ਢੰਗ ਨਾਲ ਜਾਂਚ ਤੇ ਇਲਾਜ ਨਾ ਹੋਣ ਕਾਰਨ ਉਸ ਦੇ ਬੱਚੇ ਦੀ ਜਾਨ ਗਈ, ਉਥੇ ਲੁਧਿਆਣਾ ਹਸਪਤਾਲ ਵਿਖੇ ਵੀ ਆਪਰੇਸ਼ਨ ਨਾ ਹੋਣ ਕਾਰਨ ਉਸ ਨੂੰ ਆਪਣੀ ਪਤਨੀ ਦਾ ਮਹਿੰਗੇ ਨਿੱਜੀ ਹਸਪਤਾਲ ’ਚ ਇਲਾਜ ਕਰਵਾਉਣਾ ਪਿਆ, ਜਦੋਂ ਕਿ ਸਰਕਾਰ ਦਾਅਵੇ ਕਰਦੀ ਨਹੀਂ ਥੱਕਦੀ ਕਿ ਸਰਕਾਰੀ ਹਸਪਤਾਲਾਂ ’ਚ ਗਰੀਬਾਂ ਦੇ ਇਲਾਜ ਲਈ ਸਾਰੀਆਂ ਸਹੂਲਤਾਂ ਉਪਲੱਬਧ ਹਨ।
ਬਚਿੱਤਰ ਸਿੰਘ ਨੇ ਕਿਹਾ ਕਿ ਪਹਿਲਾਂ ਉਸ ਦੇ ਇੱਕ ਬੇਟੀ ਹੈ ਅਤੇ ਹੁਣ 11 ਸਾਲ ਬਾਅਦ ਉਸਦੇ ਘਰ ਕਿਲਕਾਰੀਆਂ ਗੂੰਜਣੀਆਂ ਸਨ ਅਤੇ ਮ੍ਰਿਤਕ ਪੈਦਾ ਹੋਇਆ ਬੱਚਾ ਲੜਕਾ ਸੀ, ਜੋ ਡਾਕਟਰਾਂ ਦੀ ਲਾਪਰਵਾਹੀ ਦੀ ਭੇਂਟ ਚੜ੍ਹ ਗਿਆ, ਜਿਸ ਕਾਰਨ ਉਸ ਦੀ ਪਤਨੀ ਕਾਫ਼ੀ ਸਦਮੇ ’ਚ ਹੈ। ਬਚਿੱਤਰ ਸਿੰਘ ਨੇ ਸਿਹਤ ਮੰਤਰੀ ਤੋਂ ਇਲਾਵਾ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ ’ਚ ਗਰੀਬਾਂ ਦੇ ਇਲਾਜ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ ਅਤੇ ਜੋ ਡਾਕਟਰ ਕੁਤਾਹੀ ਵਰਤਦੇ ਹਨ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਕੀ ਕਹਿਣਾ ਹੈ ਐਸ. ਐਮ. ਓ. ਦਾ
ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਪਹੁੰਚੀ ਅਤੇ ਇਸ ਦੇ ਆਉਣ ਉਪਰੰਤ ਹੀ ਉਹ ਜਾਂਚ ਕਰਨਗੇ ਕਿ ਕਿਸੇ ਡਾਕਟਰ ਨੇ ਆਪਣੀ ਡਿਊਟੀ ਦੌਰਾਨ ਕੁਤਾਹੀ ਕੀਤੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਜ਼ਿਲ੍ਹੇ 'ਚ 'ਕੋਰੋਨਾ' ਕਾਰਨ 3 ਮੌਤਾਂ, 22 ਪੁਲਸ ਮੁਲਾਜ਼ਮ ਪਾਜ਼ੇਟਿਵ
ਇਹ ਵੀ ਪੜ੍ਹੋ : 'ਖੇਤਾਂ ਦੀ ਧੀ' ਧਰਤੀ ਦੀ ਹਿੱਕ 'ਤੇ ਟਰੈਕਟਰ ਚਲਾ ਬਦਲ ਰਹੀ ਦੁਨੀਆ (ਵੀਡੀਓ)
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ 'ਕੋਰੋਨਾ' ਨੇ ਪਾਇਆ ਭੜਥੂ, 13 ਨਵੇਂ ਕੇਸਾਂ ਦੀ ਪੁਸ਼ਟੀ
ਪਤਨੀ ਦੀ ਵੀਡੀਓ ਰਿਕਾਰਡਿੰਗ ਵਾਇਰਲ ਕਰਨ ਲਈ ਕੀਤਾ ਬਲੈਕਮੇਲ, ਮੰਗੀ 3 ਲੱਖ ਦੀ ਫਿਰੌਤੀ
NEXT STORY