ਫਾਜ਼ਿਲਕਾ(ਲੀਲਾਧਰ)-ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਬਾਲ ਸੁਰੱਖਿਆ ਦਫਤਰ ਵੱਲੋਂ ਬਾਲ ਮਜ਼ਦੂਰੀ ਨੂੰ ਖਤਮ ਕਰਨ ਲਈ ਜ਼ਿਲੇ ਦੀਆਂ ਵੱਖ-ਵੱਖ ਥਾਵਾਂ 'ਤੇ ਬਾਲ ਮਜ਼ਦੂਰੀ ਟਾਸਕ ਫੋਰਸ ਟੀਮ ਨੇ ਛਾਪੇਮਾਰੀ ਕੀਤੀ। ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਦੱਸਿਆ ਕਿ ਬਾਲ ਮਜ਼ਦੂਰੀ ਨੂੰ ਜ਼ਿਲੇ 'ਚੋਂ ਜੜ੍ਹ੍ਹੋਂ ਖਤਮ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਜ਼ਿਲੇ 'ਚ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਚੈਕਿੰਗ ਕੀਤੀ ਜਾ ਰਹੀ ਹੈ। ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਟਾਸਕ ਫੋਰਸ ਟੀਮ ਵੱਲੋਂ ਘੰਟਾ ਘਰ ਮਾਰਕੀਟ ਅਤੇ ਹੋਰ ਜਨਤਕ ਥਾਵਾਂ 'ਤੇ ਬਾਲ ਮਜ਼ਦੂਰੀ ਸਬੰਧੀ ਚੈਕਿੰਗ ਕੀਤੀ ਗਈ। ਇਸ ਦੌਰਾਨ ਕੁਝ ਬੱਚੇ ਭੀਖ ਮੰਗਦੇ ਪਾਏ ਗਏ। ਪੁੱਛ-ਪੜਤਾਲ ਕਰਨ ਉਪਰੰਤ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਸੌਂਪਿਆ ਗਿਆ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਭੀਖ ਨਾ ਮੰਗਵਾ ਕੇ ਪੜ੍ਹਾਈ ਕਰਵਾਉਣ ਤਾਂ ਜੋ ਬੱਚੇ ਆਪਣੇ ਪੈਰ੍ਹਾਂ 'ਤੇ ਖੜ੍ਹੇ ਹੋ ਸਕਣ। ਉਨ੍ਹਾਂ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਅਪੀਲ ਕੀਤੀ ਕਿ ਉਹ ਆਪ ਮਿਹਨਤ ਕਰਨ ਨਾ ਕਿ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾਉਣ। ਇਸ ਸਮੇਂ ਬਾਲ ਮਜ਼ਦੂਰੀ ਟਾਸਕ ਫੋਰਸ ਟੀਮ 'ਚ ਲੀਗਲ ਅਫਸਰ ਅਜੈ ਸ਼ਰਮਾ, ਸੋਸ਼ਲ ਵਰਕਰ ਗੁਰਜੀਤ ਕੌਰ, ਆਊਟ ਰੀਚ ਵਰਕਰ ਰੁਪਿੰਦਰ ਸਿੰਘ ਅਤੇ ਪੁਲਸ ਵਿਭਾਗ ਵੱਲੋਂ ਏ. ਐੱਸ. ਆਈ. ਜੁਗਰਾਜ ਸਿੰਘ, ਮਨਪ੍ਰੀਤ ਕੌਰ ਕਾਂਸਟੇਬਲ ਆਦਿ ਮੌਜੂਦ ਸਨ।
ਅਣਮਿਥੇ ਸਮੇਂ ਲਈ ਹੜਤਾਲ 'ਤੇ ਗਏ ਕੱਚੇ ਸਫਾਈ ਸੇਵਕ
NEXT STORY