ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪਿਛਲੇ ਚਾਰ ਸਾਲਾਂ ਤੋਂ ਤਨਖਾਹ ਨਾ ਵਧਾਉਣ ਦੇ ਰੋਸ ਵਜੋਂ ਕੱਚੇ ਸਫਾਈ ਸੇਵਕ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਗਏ। ਸਫਾਈ ਸੇਵਕਾਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਦੇ ਦਫ਼ਤਰ ਨੂੰ ਘੇਰ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜਦੋਂ ਤੱਕ ਸਾਡੀ ਤਨਖਾਹ ਨਹੀਂ ਵਧਾਈ ਜਾਂਦੀ, ਉਦੋਂ ਤੱਕ ਸਾਡੀ ਹੜਤਾਲ ਜਾਰੀ ਰਹੇਗੀ। ਧਰਨੇ ਨੂੰ ਸੰਬੋਧਨ ਕਰਦਿਆਂ ਕੱਚੀ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਜੈ ਰਾਮ ਰਾਖੀ ਨੇ ਕਿਹਾ ਕਿ ਡੀ. ਸੀ. ਰੇਟ ਅਨੁਸਾਰ ਸਾਨੂੰ 8300 ਰੁਪਏ ਦੀ ਤਨਖਾਹ ਪ੍ਰਤੀ ਮਹੀਨਾ ਮਿਲਣੀ ਚਾਹੀਦੀ ਹੈ ਪਰ ਸਾਨੂੰ ਸਿਰਫ 7700 ਰੁਪਏ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ। ਪਿਛਲੇ ਤਿੰਨ-ਚਾਰ ਸਾਲਾਂ ਤੋਂ ਸਾਡੀ ਇਕ ਪੈਸਾ ਤਨਖਾਹ ਵੀ ਸਫਾਈ ਠੇਕੇਦਾਰ ਅਤੇ ਨਗਰ ਕੌਂਸਲ ਨੇ ਨਹੀਂ ਵਧਾਈ ਜੋ ਕਿ ਸਾਡੇ ਨਾਲ ਸਰਾਸਰ ਬੇਇਨਸਾਫੀ ਹੈ। ਇੰਨਾ ਹੀ ਨਹੀਂ ਠੇਕੇਦਾਰ ਵੱਲੋਂ ਕੋਈ ਸਾਮਾਨ ਸਫਾਈ ਦਾ ਉਪਲੱਬਧ ਨਹੀਂ ਕਰਵਾਇਆ ਜਾ ਰਿਹਾ। ਨਾ ਤਾਂ ਉਸ ਵੱਲੋਂ ਸਾਨੂੰ ਝਾੜੂ, ਨਾ ਹੀ ਹੋਰ ਸਾਮਾਨ ਉਪਲੱਬਧ ਕਰਵਾਇਆ ਜਾਂਦਾ ਹੈ। ਕਈ ਸਫਾਈ ਸੇਵਕਾਂ ਨੂੰ ਈ. ਪੀ. ਐੱਫ. ਅਕਾਊਂਟ ਨੰਬਰ ਵੀ ਨਹੀਂ ਦਿੱਤੇ ਗਏ ਹਨ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸਾਡੀ ਹੜਤਾਲ ਜਾਰੀ ਰਹੇਗੀ।
ਇਸ ਮੌਕੇ ਮੀਤ ਪ੍ਰਧਾਨ ਰਾਮੇਸ਼ ਟਾਂਕ, ਜਨਰਲ ਸਕੱਤਰ ਰਾਹੁਲ ਜੈਦਿਆ, ਖਜ਼ਾਨਚੀ ਮੁਕੇਸ਼ ਟਾਂਕ, ਵਾਈਸ ਪ੍ਰਧਾਨ ਬੰਟੀ, ਸਲਾਹਕਾਰ ਅਮਰ ਟਾਂਕ, ਪ੍ਰੈੱਸ ਸਕੱਤਰ ਗਣੇਸ਼ ਚੰਦ, ਮੂਰਤੀ, ਪੂਜਾ ਰਾਣੀ, ਸੁਨੀਤਾ ਰਾਣੀ, ਸੰਤੋਸ਼, ਪੁਸ਼ਪਾ, ਆਰਤੀ, ਗੀਤਾ ਆਦਿ ਹਾਜ਼ਰ ਸਨ।
ਡੀ. ਸੀ. ਰੇਟ ਅਨੁਸਾਰ ਦਿੱਤੀ ਜਾ ਰਹੀ ਹੈ ਸਫਾਈ ਸੇਵਕਾਂ ਨੂੰ ਤਨਖਾਹ : ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਈ. ਓ. ਪਰਵਿੰਦਰ ਸਿੰਘ ਭੱਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੀ. ਸੀ. ਰੇਟ ਅਨੁਸਾਰ ਹੀ ਕੱਚੇ ਸਫਾਈ ਸੇਵਕਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ। ਡੀ. ਸੀ. ਰੇਟ ਦੇ ਅਨੁਸਾਰ ਇਨ੍ਹਾਂ ਨੂੰ 8300 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿਚ ਈ. ਪੀ. ਐੱਫ ਦੇ ਪੈਸੇ ਕੱਟੇ ਜਾਂਦੇ ਹਨ ਜੋ ਕਿ ਇਨ੍ਹਾਂ ਦੇ ਅਕਾਊਂਟ ਵਿਚ ਜਮ੍ਹਾ ਹੁੰਦੇ ਹਨ।
ਦਰਦਨਾਕ ਸੜਕ ਹਾਦਸੇ 'ਚ 1 ਦੀ ਮੌਤ
NEXT STORY