ਰੂਪਨਗਰ, (ਵਿਜੇ)- ਅਫਸਰ ਕਾਲੋਨੀ ਨਿਵਾਸੀ ਇਕ ਔਰਤ ਚਾਈਨਾ ਡੋਰ 'ਚ ਉਲਝ ਜਾਣ ਕਾਰਨ ਗੰਭੀਰ ਜ਼ਖਮੀ ਹੋ ਗਈ।
ਜਾਣਕਾਰੀ ਅਨੁਸਾਰ ਉਕਤ ਮਹਿਲਾ ਰਮਾ ਗੌਤਮ ਪਤਨੀ ਰਾਮਸ਼ਰਨ ਗੌਤਮ ਪਿੰਡ ਮਾਜਰੀ ਠੇਕੇਦਾਰਾਂ 'ਚ ਸਕੂਲ ਦੀ ਛੁੱਟੀ ਤੋਂ ਬਾਅਦ ਆਪਣੇ ਦੋਪਹੀਆ ਵਾਹਨ 'ਤੇ ਵਾਪਿਸ ਘਰ ਆ ਰਹੀ ਸੀ ਕਿ ਰਸਤੇ 'ਚ ਚਾਈਨਾ ਡੋਰ 'ਚ ਬੁਰੀ ਤਰ੍ਹਾਂ ਉਲਝ ਗਈ, ਜਿਸ ਕਾਰਨ ਉਸ ਦਾ ਮੂੰਹ ਲਹੂ-ਲੁਹਾਣ ਹੋ ਗਿਆ। ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ, ਜਿਥੇ ਉਸ ਦੇ ਕਰੀਬ 40 ਟਾਂਕੇ ਲਾਏ ਗਏ। ਇਸ ਮੌਕੇ ਮੌਜੂਦ ਮਹਿਲਾ ਦੇ ਭਰਾ ਪਟਵਾਰੀ ਹਰਿੰਦਰ ਸ਼ਰਮਾ ਨੇ ਦੱਸਿਆ ਕਿ ਪਾਬੰਦੀ ਦੇ ਬਾਵਜੂਦ ਲੋਕ ਚਾਈਨਾ ਡੋਰ ਦਾ ਖੁੱਲ੍ਹੇਆਮ ਇਸਤੇਮਾਲ ਕਰ ਰਹੇ ਹਨ, ਜੋ ਆਮ ਲੋਕਾਂ ਅਤੇ ਪੰਛੀਆਂ ਲਈ ਜਾਨਲੇਵਾ ਹੈ ਪਰ ਇਸ ਸਬੰਧ 'ਚ ਪ੍ਰਸ਼ਾਸਨ ਵੱਲੋਂ ਸਿਰਫ ਖਾਨਾਪੂਰਤੀ ਲਈ ਕਾਰਵਾਈ ਕੀਤੀ ਜਾਂਦੀ ਹੈ। ਜੋ ਲੋਕ ਜਾਂ ਨੌਜਵਾਨ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਹਨ, ਉਨ੍ਹਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਚਾਈਨਾ ਡੋਰ ਵੇਚਣ ਵਾਲੇ ਲੋਕਾਂ ਤੋਂ ਇਲਾਵਾ ਪ੍ਰਯੋਗ ਕਰਨ ਵਾਲੇ ਲੋਕਾਂ ਨੂੰ ਵੀ ਇਸ ਰਾਹੀਂ ਰੋਕਿਆ ਜਾ ਸਕੇ।
ਖਹਿਰਾ 'ਆਪ' ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕਰਨਗੇ ਸਨਮਾਨ
NEXT STORY