ਚੋਹਲਾ ਸਾਹਿਬ : ਜੂਨ-ਜਲਾਈ 2018 'ਚ ਤਰਨਤਾਰਨ ਜ਼ਿਲੇ 'ਚ ਨਸ਼ੇ ਕਾਰਨ 18 ਮੌਤਾਂ ਹੋਈਆਂ ਸਨ, ਜਿਨ੍ਹਾਂ 'ਚ ਚੋਹਲਾ ਸਾਹਿਬ ਦੇ 23 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੇ ਦੋ ਦੋਸਤ ਵੀ ਸਨ। ਇਨ੍ਹਾਂ ਦੋਸਤਾਂ ਦਾ ਅੰਜ਼ਾਮ ਦੇਖ ਕੇ ਗੁਰਪ੍ਰੀਤ ਨੇ ਨਸ਼ਾ ਛੱਡਣ ਦਾ ਮਨ ਬਣਾਇਆ ਤੇ ਇਕ ਮਹੀਨਾ ਨਸ਼ਾ ਛਡਾਓ ਕੇਂਦਰ 'ਚ ਦਵਾਈ ਖਾਣ ਤੋਂ ਬਾਅਦ ਕਦੀ ਨਸ਼ੇ ਵੱਲ ਮੁੜ ਕੇ ਨਹੀਂ ਦੇਖਿਆ। ਨਸ਼ੇ ਕਾਰਨ ਉਸ ਦੇ ਸਿਰ 'ਤੇ ਲੱਖਾਂ ਦਾ ਰੁਪਏ ਦਾ ਕਰਜ਼ਾ ਚੜ੍ਹ ਗਿਆ ਸੀ, ਜਿਸ ਨੂੰ ਉਹ ਖੇਤੀ ਤੇ ਇਲਾਕੇ ਦੀ ਕਬੱਡੀ ਟੀਮ 'ਚ ਖੇਡ ਕੇ ਇਨਾਮ ਦੇ ਮਿਲੇ ਪੈਸਿਆਂ ਨਾਲ ਚੁੱਕਾ ਰਿਹਾ ਹੈ। ਉਸ ਨੇ ਜ਼ਿਲਾ ਪੱਧਰ 'ਤੇ ਕਈ ਮੈਡਲ ਹਾਸਲ ਕੀਤੇ। ਉਹ ਆਪਣੀ ਚਾਰ ਕਿਲੇ ਜ਼ਮੀਨ 'ਤੇ ਮਾਤਾ-ਪਿਤਾ ਤੇ ਭੈਣ-ਭਰਾ ਨਾਲ ਖੇਤੀ ਕਰਦਾ ਹੈ। ਇਸ ਦੇ ਨਾਲ ਹੀ ਉਹ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਵੀ ਸਹੀ ਰਾਸਤੇ 'ਤੇ ਲਿਆ ਰਿਹਾ ਹੈ।
ਗੁਰਪ੍ਰੀਤ ਨੇ ਦੱਸਿਆ ਕਿ ਜਦੋਂ ਉਹ 12ਵੀਂ ਜਮਾਤ 'ਚ ਪੜ੍ਹਦਾ ਸੀ ਤਾਂ ਉਸ ਦੇ ਕੁਝ ਦੋਸਤ ਨਸ਼ੇ ਦੇ ਆਦੀ ਹੋ ਗਏ, ਜਿਨ੍ਹਾਂ ਨੇ ਉਸ ਨੂੰ ਵੀ ਨਸ਼ੇ ਦੀ ਲਤ ਲਗਾ ਦਿੱਤੀ। ਨਸ਼ੇ ਕਾਰਨ ਉਸ ਨੇ ਬੀ.ਏ. ਦੀ ਪੜ੍ਹਾਈ ਛੱਡ ਦਿੱਤੀ। ਉਹ ਕਈ-ਕਈ ਦਿਨ ਘਰੋਂ ਬਾਹਰ ਰਹਿਣ ਲੱਗ ਗਿਆ ਤੇ ਕਈ ਵਾਰ ਤਾਂ ਉਸ ਨੂੰ ਪਰਿਵਾਰਕ ਮੈਂਬਰ ਝਾੜੀਆਂ 'ਚੋਂ ਚੁੱਕ ਕੇ ਘਰ ਲਿਆਉਂਦੇ ਸਨ। ਫਿਰ 2 ਤੇ 10 ਜੂਨ ਨੂੰ ਉਸ ਦੇ ਦੋਸਤ ਦਿਲਪ੍ਰੀਤ ਤੇ ਪਰਮਜੀਤ ਦੀ ਨਸ਼ੇ ਕਾਰਨ ਮੌਤ ਹੋ ਗਈ। ਪਰਮਜੀਤ ਦੀ ਰੌਂਦੀ ਕੁਰਲਾਉਂਦੀ ਮਾਂ ਨੂੰ ਦੇਖ ਉਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਦਰਦ ਦਾ ਅਹਿਸਾਸ ਹੋਇਆ ਤੇ ਉਸ ਨੇ ਨਸ਼ਾ ਛੱਡ ਦਿੱਤਾ। ਉਸ ਨੇ ਨਸ਼ਾ ਛਡਾਓ ਕੇਂਦਰ 'ਚ ਇਕ ਮਹੀਨੇ ਤੱਕ ਦਵਾਈ ਖਾਧੀ ਤੇ ਉਸ ਤੋਂ ਬਾਅਦ ਕਦੇ ਨਸ਼ੇ ਵੱਲ ਮੂੰਹ ਤੱਕ ਨਹੀਂ ਕੀਤਾ।
ਗੁਰਪ੍ਰੀਤ ਦੇ 2 ਦੋਸਤ ਬਰਜਿੰਦਰ ਸਿੰਘ (24) ਤੇ ਹਰਪ੍ਰੀਤ ਸਿੰਘ (30) ਨੇ ਵੀ ਗੁਰਪ੍ਰੀਤ ਨੂੰ ਨਸ਼ਾ ਛੱਡਦੇ ਦੇਖ ਖੁਦ ਵੀ ਨਸ਼ਾ ਛੱਡ ਦਿੱਤਾ। ਉਹ ਦੋਵੇਂ ਨੌਜਵਾਨ ਵੀ ਕਬੱਡੀ ਟੀਮ ਦਾ ਹਿੱਸਾ ਹਨ। ਉਹ ਵੀ ਗੁਰਪ੍ਰੀਤ ਦੇ ਨਾਲ ਨਸ਼ੇ ਦੇ ਖਿਲਾਫ ਮੁਹਿੰਮ ਚਲਾ ਰਹੇ ਹਨ। ਗੁਰਪ੍ਰੀਤ ਖੇਡ ਮੁਕਾਬਲਿਆਂ ਦੌਰਾਨ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਹੈ। ਦੋ ਮਹੀਨੇ ਦੌਰਾਨ ਉਹ 67 ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਰਾਜ਼ੀ ਕਰ ਚੁੱਕਾ ਹੈ।
15 ਸਤੰਬਰ ਤੋਂ 2 ਅਕਤੂਬਰ ਤੱਕ ਚਲਾਇਆ ਜਾਵੇਗਾ ਵਿਸ਼ੇਸ਼ ਸਫਾਈ ਅਭਿਆਨ : ਡਿਪਟੀ ਕਮਿਸ਼ਨਰ
NEXT STORY