ਮੋਹਾਲੀ (ਰਾਣਾ) - ਭਾਵੇਂ ਹੀ ਨਗਰ ਨਿਗਮ ਨੇ ਇਕ ਕਰੋੜ ਰੁਪਏ ਦਾ ਬਜਟ ਸਿਟੀ ਬੱਸ ਸਰਵਿਸ ਲਈ ਰੱਖਿਆ ਹੈ ਪਰ ਇਸ ਦੇ ਬਾਵਜੂਦ ਵੀ ਬੱਸਾਂ ਨੂੰ ਚਲਾਉਣ ਦੀ ਕਾਰਵਾਈ ਅਜੇ ਤਕ ਸ਼ੁਰੂ ਨਹੀਂ ਕੀਤੀ ਗਈ ਹੈ। ਹਾਲਾਂਕਿ ਜਾਣਕਾਰਾਂ ਦੀ ਮੰਨੀਏ ਤਾਂ ਬੱਸਾਂ ਦੇ ਰੂਟ ਤਕ ਤੈਅ ਹੋ ਗਏ ਹਨ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਨਿਵਾਸੀਆਂ ਨੂੰ ਅਜੇ ਵੀ ਚੰਡੀਗੜ੍ਹ ਦੀ ਬੱਸ ਸਰਵਿਸ 'ਤੇ ਹੀ ਨਿਰਭਰ ਰਹਿਣਾ ਪੈ ਰਿਹਾ ਹੈ। ਰਾਤ ਲੋਕਾਂ ਨੂੰ ਆਟੋ ਜਾਂ ਹੋਰ ਸਰਵਿਸ ਦਾ ਸਹਾਰਾ ਲੈਣਾ ਪੈਂਦਾ ਹੈ, ਜਿਸ ਨਾਲ ਕਿ ਕਈ ਲੜਕੀਆਂ ਨਾਲ ਛੇੜਛਾੜ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਇੰਝ ਹੀ ਪਏ ਇਕ ਕਰੋੜ
ਬੱਸ ਸਰਵਿਸ ਚਲਾਉਣ ਲਈ 14 ਰੂਟ ਤੈਅ ਕੀਤੇ ਗਏ ਹਨ। ਇਨ੍ਹਾਂ 'ਤੇ 87 ਬੱਸਾਂ ਚਲਾਉਣ ਦੀ ਯੋਜਨਾ ਹੈ। ਬੱਸਾਂ ਪੂਰੀ ਤਰ੍ਹਾਂ ਗਰਿੱਡ ਸਿਸਟਮ 'ਤੇ ਚੱਲਣਗੀਆਂ। ਹਰ 20 ਮਿੰਟਾਂ ਬਾਅਦ ਬੱਸ ਦੀ ਸਰਵਿਸ ਹੋਵੇਗੀ ਪਰ ਇਹ ਸਭ ਫਾਈਲਾਂ ਵਿਚ ਹੀ ਦੱਬ ਕੇ ਰਹਿ ਗਿਆ ਹੈ। ਸਾਲ 2017 ਖਤਮ ਹੋਣ 'ਤੇ ਆਇਆ ਹੈ ਪਰ ਸਿਟੀ ਬੱਸ ਸਰਵਿਸ ਲਈ ਬਜਟ ਵਿਚ ਤੈਅ ਕੀਤੇ ਗਏ 1 ਕਰੋੜ ਰੁਪਏ ਇੰਝ ਹੀ ਪਏ ਹਨ।
ਪੀ. ਆਰ. ਟੀ. ਸੀ. ਦੀ ਯੋਜਨਾ ਵਿਚਕਾਰ ਹੀ ਲਟਕੀ
ਪੀ. ਆਰ. ਟੀ. ਸੀ. ਨੇ 20 ਦੇ ਕਰੀਬ ਰੂਟਾਂ 'ਤੇ ਬੱਸ ਚਲਾਉਣ ਦੀ ਤਿਆਰੀ ਕੀਤੀ ਸੀ। ਬਕਾਇਦਾ ਇਸ ਲਈ ਸਰਵੇ ਵੀ ਕੀਤਾ। ਸਰਵੇ ਵਿਚ ਸਾਰੇ ਖੇਤਰ ਨੂੰ ਸ਼ਾਮਲ ਕੀਤਾ ਗਿਆ ਪਰ ਇਹ ਪ੍ਰਾਜੈਕਟ ਵਿਚਕਾਰ ਲਟਕਿਆ ਪਿਆ ਹੈ, ਇਸ ਵੱਲ ਕਿਸੇ ਦਾ ਧਿਆਨ ਨਹੀਂ। ਇੰਝ ਲਗਦਾ ਹੈ ਕਿ ਵਿਭਾਗ ਸਿਰਫ ਯੋਜਨਾ ਬਣਾਉਣ ਤਕ ਸੀਮਤ ਹੈ।
ਆਟੋ ਦਾ ਸਫਰ ਨਹੀਂ ਸੁਰੱਖਿਅਤ
ਉਥੇ ਹੀ ਸ਼ਹਿਰ ਵਿਚ ਆਟੋ ਦਾ ਸਫਰ ਵੀ ਸੁਰੱਖਿਅਤ ਨਹੀਂ ਹੈ ਕਿਉਂਕਿ ਆਟੋ ਵਾਲੇ ਇਕ ਤਾਂ ਪਹਿਲਾਂ ਹੀ ਮਾਪਦੰਡ ਪੂਰੇ ਨਹੀਂ ਕਰਦੇ, ਦੂਸਰਾ ਚੰਡੀਗੜ੍ਹ ਵਿਚ ਹੋਈ ਆਟੋ ਚਾਲਕ ਵਲੋਂ ਗੈਂਗਰੇਪ ਦੀ ਘਟਨਾ ਨੇ ਲੜਕੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਚੋਣਾਂ ਤੋਂ ਬਾਅਦ ਕੀਤਾ ਗਿਆ ਵਾਅਦਾ 'ਹਵਾ'
ਚੋਣ ਜਿੱਤਣ ਤੋਂ ਬਾਅਦ ਮੇਅਰ ਕੁਲਵੰਤ ਸਿੰਘ ਨੇ ਕਿਹਾ ਸੀ ਕਿ ਉਹ ਜਲਦੀ ਹੀ ਸਿਟੀ ਬੱਸ ਸਰਵਿਸ ਚਲਾਉਣਗੇ ਜੇਕਰ ਪ੍ਰਸ਼ਾਸਨ ਵਲੋਂ ਪੈਸੇ ਨਹੀਂ ਮਿਲਦੇ ਤਾਂ ਉਹ ਖੁਦ ਪੈਸੇ ਖਰਚ ਕਰਨਗੇ ਪਰ ਅਜੇ ਵੀ ਸ਼ਹਿਰ ਵਿਚ ਨਾ ਤਾਂ ਪ੍ਰਸ਼ਾਸਨ ਵਲੋਂ ਤੇ ਨਾ ਹੀ ਮੇਅਰ ਵਲੋਂ ਬੱਸ ਸਰਵਿਸ ਚਲਾਉਣ ਲਈ ਕੋਈ ਕਦਮ ਚੁੱਕਿਆ ਗਿਆ ਹੈ। ਨਿਗਮ ਵਲੋਂ ਲੱਖਾਂ ਰੁਪਏ ਖਰਚ ਕਰਕੇ ਸ਼ਹਿਰ ਵਿਚ ਬੱਸ ਕਿਊ ਸ਼ੈਲਟਰ ਬਣਾਏ ਗਏ ਸਨ, ਜਿਨ੍ਹਾਂ ਵਿਚੋਂ ਕੁਝ ਤਾਂ ਟੁੱਟ ਵੀ ਗਏ ਹਨ।
ਐੱਸ. ਜੀ. ਪੀ. ਸੀ. ਅਧੀਨ ਕਾਲਜਾਂ ਨੂੰ ਤਰੱਕੀ 'ਤੇ ਲਿਜਾਵਾਂਗੇ : ਲੌਂਗੋਵਾਲ
NEXT STORY